ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ’ਚ ਪਾਰਾ 44 ਡਿਗਰੀ ਤੋਂ ਪਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਮਾਲਵਾ ਖੇਤਰ ਵਿੱਚ ਤਿੰਨ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਹੀਟ ਵੇਵ ਚੱਲਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਅੱਜ ਸਾਰਾ ਦਿਨ ਲੂ ਤੇ ਗਰਮ ਹਵਾਵਾਂ ਚੱਲਦੀਆਂ ਰਹੀਆਂ। ਹੁਣ ਦਿਨ ਵੇਲੇ ਹੀ ਨਹੀਂ, ਸਗੋਂ ਰਾਤ ਨੂੰ ਵੀ ਭਾਰੀ ਗਰਮੀ ਤੰਗ ਕਰੇਗੀ। ਮਹਿਕਮੇ ਅਨੁਸਾਰ ਹੁਣ ਇਸ ਖੇਤਰ ਦੇ ਸਾਰੇ ਜ਼ਿਲ੍ਹੇ ਲਗਭਗ 45 ਡਿਗਰੀ ਸੈਂਟੀਗਰੇਡ ਤਾਪਮਾਨ ਨਾਲ ਤੱਪਦੇ ਰਹੇ ਹਨ।
ਉਧਰ ਗਰਮੀ ਦੇ ਇਸ ਕਹਿਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲੂ ਲੱਗਣ ਕਾਰਨ ਲੋਕ ਟੱਟੀਆਂ, ਉਲਟੀਆਂ, ਪੇਟ ਦਰਦ, ਸਿਰ ਦਰਦ ਦਾ ਸ਼ਿਕਾਰ ਹੋਣ ਲੱਗੇ ਹਨ। ਇਨ੍ਹਾਂ ਬਿਮਾਰੀਆਂ ਤੋਂ ਪੀੜਤ ਗਰੀਬ ਤੇ ਆਮ ਪੇਂਡੂ ਲੋਕ ਸਰਕਾਰੀ ਹਸਪਤਾਲਾਂ ਦਾ ਸਹਾਰਾ ਲੱਭਣ ਲੱਗੇ ਹਨ। ਛੋਟੀਆਂ ਉਗਰਦੀਆਂ ਫਸਲਾਂ ਮੱਚਣ ਲੱਗੀਆਂ ਹਨ, ਜਿਸ ਨੂੰ ਬਚਾਉਣ ਲਈ ਕਿਸਾਨਾਂ ਨੇ ਪਾਣੀ ਦੇਣਾ ਆਰੰਭ ਕਰ ਦਿੱਤਾ ਹੈ। ਮਾਲਵਾ ਖੇਤਰ ਦੇ ਮਾਨਸਾ ਤੇ ਬਠਿੰਡਾ ਸਣੇ ਬਹੁਤ ਜ਼ਿਲ੍ਹਿਆਂ ਦਾ ਤਾਪਮਾਨ ਅੱਜ 45 ਡਿਗਰੀ ਤੋਂ ਵੱਧ ਰਿਹਾ ਹੈ, ਜਦੋਂ ਕਿ ਭਲਕੇ ਹੋਰ ਵੀ ਵਧਣ ਦਾ ਖਦਸ਼ਾ ਹੈ।
ਇਸੇ ਦੌਰਾਨ ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਲਗਾਤਾਰ ਪਾਣੀ ਦੇਣ ਦਾ ਸੱਦਾ ਦਿੱਤਾ ਗਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਨਿੱਕੀਆਂ ਫਸਲਾਂ ਤੋਂ ਗਰਮੀ ਸਹਾਰੀ ਨਹੀਂ ਜਾ ਰਹੀ ਹੈ, ਜਿਸ ਕਾਰਨ ਉਹ ਦਮ ਤੋੜਨ ਲੱਗੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਲਗਾਤਾਰ ਸਬਜ਼ੀਆਂ, ਪਸ਼ੂਆਂ ਦਾ ਹਰਾ-ਚਾਰਾ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਅੱਜ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਕੱਲ੍ਹ ਸੋਮਵਾਰ ਹੀਟ ਵੇਵ ਦਾ ਸੰਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਮਹਿਕਮੇ ਦੇ ਅਨੁਸਾਰ ਅੱਜ 9 ਜੂਨ ਨੂੰ ਮਾਲਵਾ ਖੇਤਰ ਦੇ ਮਾਨਸਾ, ਬਠਿੰਡਾ, ਮੋਗਾ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਸਾਹਿਬ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹੀਟ ਵੇਵ ਨੂੰ ਲੈ ਕੇ ਓਰੇਂਜ ਚਿਤਾਵਨੀ ਜਾਰੀ ਕੀਤੀ ਗਈ, ਜਦੋਂ ਕਿ ਭਲਕੇ 10 ਜੂਨ ਨੂੰ ਇਨ੍ਹਾਂ ਹੀ ਜ਼ਿਲ੍ਹਿਆਂ ਵਿੱਚ ਅਜਿਹਾ ਹੀ ਮੌਸਮ ਰਹੇਗਾ। 11 ਜੂਨ ਨੂੰ ਕੁਝ ਰਾਹਤ ਮਿਲਣ ਦੇ ਸੰਕੇਤ ਹਾਸਲ ਹੋਏ ਹਨ।
ਉਧਰ ਮਾਲਵਾ ਪੱਟੀ ਦੇ ਇਸ ਖੇਤਰ ਦਾ ਆਮ ਤਾਪਮਾਨ ਰਾਜ ਦੇ ਹੋਰਨਾਂ ਭਾਗਾਂ ਨਾਲੋਂ ਵੈਸੇ ਵੱਧ ਰਹਿੰਦਾ ਹੈ, ਜਿਸ ਕਰਕੇ ਗਰਮੀ ਦੇ ਦਿਨਾਂ ’ਚ ਇਥੇ ਮਰੀਜ਼ਾਂ ਦੀ ਗਿਣਤੀ ਵੀ ਦੂਸਰੇ ਹਿੱਸਿਆਂ ਮੁਕਾਬਲੇ ਵੱਧਣ ਲੱਗੀ ਹੈ।
ਸਿਵਲ ਹਪਸਤਾਲ ਮਾਨਸਾ ਦੇ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਗਰਮੀ ਦੇ ਸਿਖ਼ਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਪ੍ਰਹੇਜ਼ ਕਰੋ, ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲ੍ਹੀਆਂ ਰੱਖੋ। ਉਨ੍ਹਾਂ ਕਿਹਾ ਕਿ ਸਿਗਰਟ, ਤੰਬਾਕੂ, ਬੀੜੀ ਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ, ਜਦੋਂ ਕਿ ਚਾਹ, ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਤਲੇ ਅਤੇ ਬਾਹਰਲੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ।
ਬਠਿੰਡਾ ’ਚ ਤਾਪਮਾਨ ਵਧਣ ਕਾਰਨ ਫਸਲਾਂ ਮੁਰਝਾਈਆਂ
ਬਠਿੰਡਾ(ਮਨੋਜ ਸ਼ਰਮਾ): ਮਾਲਵਾ ਖੇਤਰ ਵਿੱਚ ਚੱਲ ਰਹੀ ਭਿਆਨਕ ਗਰਮੀ ਦੀ ਲਹਿਰ ਨੇ ਨਾ ਸਿਰਫ਼ ਖੇਤੀਬਾੜੀ ਨੂੰ, ਸਗੋਂ ਜਾਨਵਰਾਂ ਅਤੇ ਵਾਤਾਵਰਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਗਰਮੀ ਨੇ ਮਾਲਵੇ ਪੱਟੀ ਦੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਰਾਹਗੀਰਾਂ ਨੂੰ ਮੂੰਹ ਸਿਰ ਬੰਨ ਕੇ ਆਪਣੀ ਮੰਜ਼ਿਲ ਤੈਅ ਕਰਨੀ ਪੈ ਰਹੀ ਹੈ। ਮਾਲਵੇ ਨਾਲ ਸਬੰਧਤ ਜ਼ਿਲ੍ਹੇ ਬਠਿੰਡਾ, ਮਾਨਸਾ, ਮੁਕਤਸਰ ਅਤੇ ਬਰਨਾਲਾ ਵਿੱਚ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਬਠਿੰਡਾ ਏਅਰਪੋਰਟ ਇਲਾਕਾ 45 ਡਿਗਰੀ ਤੋਂ ਉੱਪਰ ਤਾਪਮਾਨ ਦਰਜ ਕੀਤਾ ਗਿਆ। ਸ਼ਹਿਰ ਦੀਆ ਸੜਕਾਂ ਦਪਹਿਰ ਵੇਲੇ ਸੁੰਨ ਪੱਸਰ ਗਈ। ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਬਠਿੰਡਾ ਵਿਚ ਦਿਨ ਦਾ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੌਰਤਲਬ ਤੇ ਹੈ ਕਿ ਪਹਿਲਾ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਜਿਸ ਤੋਂ ਸਾਫ਼ ਹੈ ਕਿ ਬਠਿੰਡਾ ਆਉਂਦੇ ਦਿਨਾਂ ਤੱਕ ਵੀ ਤੰਦੂਰ ਵਾਂਗ ਤਪੇਗਾ। ਗਰਮੀ ਦੇ ਵੱਧ ਰਹੇ ਤਾਂਡਵ ਨੂੰ ਦੇਖਦੇ ਹੋਏ ਬਠਿੰਡਾ ਦੇ ਬੀੜ ਤਲਾਬ ਸਥਿਤ ਮਿਨੀ ਜ਼ੂ ਵਿੱਚ ਵੀ ਜਾਨਵਰਾਂ ਅਤੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਾਨਵਰਾਂ ਦੇ ਠਿਕਾਣਿਆਂ ’ਤੇ ਟਾਟੂ ਛੱਪਰ, ਵਾਟਰ ਕੂਲਰ, ਅਤੇ ਵਾਧੂ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਰਮੀ ’ਚ ਲੂਅ ਤੋਂ ਬਚਣ ਦੇ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਵੇਂ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ’ਚ ਪਾਣੀ ਪੀਤਾ ਜਾਵੇ, ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓਆਰਐੱਸ ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ।