ਮਾਲਵਾ ਖੇਤਰ ’ਚ ਝੋਨੇ ਦੀ ਲੁਆਈ ਭਲਕ ਤੋਂ ਹੋਵੇਗੀ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਲਕੇ 9 ਜੂਨ ਤੋਂ ਝੋਨੇ ਦੀ ਲੁਆਈ ਕਾਰਜ ਆਰੰਭ ਹੋ ਜਾਵੇਗਾ। ਝੋਨੇ ਦੀ ਲੁਆਈ ਨੂੰ ਲੈ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਗਈ, ਜਿਸ ਲਾਹਾ ਲੈਂਦਿਆਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਪੂਰਾ ਰੌਣਕ-ਮੇਲਾ ਵੇਖਣ ਨੂੰ ਮਿਲਿਆ। ਅਨੇਕਾਂ ਖੇਤਾਂ ਵਿੱਚ ਕਿਸਾਨ ਅੱਜ ਝੋਨੇ ਦੀ ਲੁਆਈ ਲਈ ਕੱਦੂ ਕਰਦੇ ਅਤੇ ਖੇਤਾਂ ਨੂੰ ਤਿਆਰ ਕਰਦੇ ਵੇਖੇ ਗਏ।
ਦੱਸਣਯੋਗ ਹੈ ਕਿ ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਲਿਕਾ ਜ਼ਿਲ੍ਹਿਆਂ ਵਿੱਚ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਆਰੰਭ ਹੋ ਚੁੱਕੀ ਹੈ, ਜਦੋਂ ਕਿ 5 ਜੂਨ ਤੋਂ ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਰੂਪ ਨਗਰ, ਐੱਸਏਐੱਸ ਨਗਰ, ਪਾਠਨਕੋਟ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਵਿੱਚ ਝੋਨੇ ਦੀ ਲੁਆਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੁਣ ਭਲਕੇ 9 ਜੂਨ ਤੋਂ ਮਾਨਸਾ, ਮੋਗਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਕਪੂਰਥਲਾ, ਜਲੰਧਰ ਵਿੱਚ ਝੋਨਾ ਲਾਉਣ ਦੇ ਆਦੇਸ਼ ਦਿੱਤੇ ਗਏ ਹਨ।
ਝੋਨਾ ਲਾਉਣ ਲਈ ਇਸ ਖੇਤਰ ਵਿਚ ਇਹ ਪਰਵਾਸੀ ਮਜ਼ਦੂਰ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ ਅਤੇ ਜਿਹੜੇ ਮਜ਼ਦੂਰ ਪਹੁੰਚ ਗਏ ਹਨ, ਉਨ੍ਹਾਂ ਨੇ ਕਿਸਾਨਾਂ ਦੀਆਂ ਮੋਟਰਾਂ ’ਤੇ ਆਪਣਾ ਪੱਕਾ ਰੈਣ-ਬਸੇਰਾ ਬਣਾ ਲਿਆ ਹੈ। ਅਗਲੇ ਦਿਨਾਂ ਵਿੱਚ ਹੋਰ ਮਜ਼ਦੂਰਾਂ ਦੇ ਆਉਣ ਸਬੰਧੀ ਕਿਸਾਨਾਂ ਵੱਲੋਂ ਫੋਨ ਕੀਤਾ ਹੋਇਆ ਹੈ।
ਇਥੇ ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਦਾ ਕਾਰਜ ਇਸ ਵਾਰ ਜੂਨ ਤੋਂ ਪਹਿਲਾਂ ਕਰਨਾ ਸਰਕਾਰ ਵਲੋਂ ਕਾਨੂੰਨੀ ਤੌਰ ’ਤੇ ਬੰਦ ਕੀਤਾ ਹੋਇਆ ਹੈ। ਝੋਨਾ ਲਾਉਣ ਲਈ ਲੇਬਰ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਤੀਬਾੜੀ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ, ਜੋ ਮਸ਼ੀਨਾਂ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਲਿਆਂਦੀਆਂ ਸਨ, ਉਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਨਾ ਆਉਣ ਕਾਰਨ ਹੀ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਝੋਨਾ ਲਵਾਉਣ ਲਈ ਮਜਬੂਰ ਹੋਣ ਲੱਗੇ ਹਨ।
ਮਾਲਵਾ ਪੱਟੀ ਵਿਚ ਪੇਂਡੂ ਮਜ਼ਦੂਰ ਵੀ ਸੀਜ਼ਨ ਦੌਰਾਨ ਝੋਨਾ ਲਾਉਣ ਲੱਗਦੇ ਹਨ, ਪਰ ਇਨ੍ਹਾਂ ਮਜ਼ਦੂਰਾਂ ਦੀ ਝੋਨਾ ਲਾਉਣ ਦੀ ਰਫ਼ਤਾਰ ਅਤੇ ਝੋਨੇ ਦੀ ਲੁਵਾਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠ ਰਹੀ ਹੈ, ਜਿਸ ਕਰਕੇ ਕਿਸਾਨ ਪਨੀਰੀ ਪੁੱਟ ਕੇ ਖੇਤਾਂ ਵਿਚ ਗੱਡਣ ਦਾ ਕਾਰਜ ਪਰਵਾਸੀ ਮਜ਼ਦੂਰਾਂ ਕੋਲੋਂ ਕਰਵਾ ਕੇ ਹੀ ਖੁਸ਼ ਹੁੰਦੇ ਹਨ। ਇਹ ਪ੍ਰਵਾਸੀ ਮਜ਼ਦੂਰ ਝੋਨੇ ਦੀ ਲੁਵਾਈ ਸਥਾਨਕ ਮਜ਼ਦੂਰਾਂ ਦੇ ਮੁਕਾਬਲੇ ਲਾਉਂਦੇ ਵੀ ਸਪੀਡ ਵਿਚ ਹਨ ਅਤੇ ਇਹ ਕਿਸਾਨ ਉਪਰ ਰੋਟੀ-ਟੁੱਕ ਦਾ ਬੋਝ ਵੀ ਨਹੀਂ ਬਣਦੇ ਹਨ।
ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਪ੍ਰਵਾਸੀ ਮਜ਼ਦੂਰਾਂ ਵਲੋਂ ਝੋਨੇ ਦੀ ਲੁਵਾਈ ਦਾ ਬਹੁਤਾ ਕੰਮ ਯੂਪੀ ਅਤੇ ਬਿਹਾਰ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰ ਹੀ ਕਰਦੇ ਹਨ। ਇਹ ਮਜ਼ਦੂਰ ਮਾਲਵਾ ਖੇਤਰ ਵਿਚ ਅਗੇਤਾ ਝੋਨਾ ਲਾਕੇ ਪਿੱਛੋਂ ਦੁਆਬੇ ਅਤੇ ਮਾਝੇ ਵਿਚ ਬਾਸਮਤੀ ਦਾ ਕਾਰਜ ਨਿਬੇੜਕੇ ਜੰਮੂ ਖੇਤਰ ਵਿਚ ਝੋਨਾ ਲਾਉਣ ਦੇ ਕਾਰਜ ਕਰਨ ਚਲੇ ਜਾਂਦੇ ਹਨ।