ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਦੀ ਭੇਤ-ਭਰੀ ਮੌਤ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 10 ਅਪਰੈਲ
ਇੱਥੋਂ ਦੇ ਵਾਰਡ ਨੰਬਰ 12 ਦੀ ਅਰੋੜਾ ਕਲੋਨੀ ’ਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਦੀ ਭੇਤ-ਭਰੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੀ ਪੁਲੀਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਸੰਦੀਪ ਕੁਮਾਰ ਵਾਸੀ ਫਤਿਆਬਾਦ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲੀਸ ਕੋਲ ਬਿਆਨ ਦਿੰਦੇ ਹੋਏ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਲੜਕਾ ਅਭਿਸ਼ੇਕ ਪਿਛਲੇ ਕਾਫ਼ੀ ਸਮੇਂ ਤੋਂ ਹੀ ਸ਼ਹਿਰ ਦੀ ਅਰੋੜਾ ਕਲੋਨੀ ਵਿਚ ਇਕੱਲਾ ਰਹਿੰਦਾ ਸੀ ਅਤੇ ਉਸ ਦਾ ਹਾਲੇ ਵਿਆਹ ਨਹੀਂ ਸੀ ਹੋਇਆ। ਉਨ੍ਹਾਂ ਦੱਸਿਆ ਕਿ ਉਸ ਦੇ ਮਾਮੇ ਦਾ ਲੜਕਾ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਕਾਫ਼ੀ ਪ੍ਰੇਸ਼ਾਨੀ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਹੀ ਕੱਲ੍ਹ ਸ਼ਾਮ ਅਚਾਨਕ ਉਲਟੀ ਅਤੇ ਦਸਤ ਲੱਗ ਗਏ ਅਤੇ ਬਾਅਦ ਵਿਚ ਉਸ ਦੀ ਤਬੀਅਤ ਵਿਗੜ ਗਈ। ਕਾਫ਼ੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਅਤੇ ਇਸ ਦੌਰਾਨ ਡਾਕਟਰਾਂ ਨੇ ਇਲਾਜ ਵੀ ਕੀਤਾ ਸੀ ਪਰ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਉਸ ਦੇ ਮਾਮੇ ਦੇ ਲੜਕੇ ਦੀ ਮੌਤ ਉਲਟੀ ਅਤੇ ਦਸਤ ਲੱਗਣ ਕਾਰਨ ਹੋਈ ਹੈ, ਇਸ ਵਿਚ ਕਿਸੇ ਦਾ ਵੀ ਕਸੂਰ ਨਹੀਂ ਹੈ। ਪੁਲੀਸ ਨੇ ਉਪਰੋਕਤ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।