ਮਾਨਸਾ ’ਚ ਤਿੰਨ ਰੋਜ਼ਾ ਪੁਸਤਕ ਪ੍ਰਦਰਸ਼ਨੀ ਤੇ ਸਾਹਿਤਕ ਮੇਲੇ ਦਾ ਅਗਾਜ਼
ਜੋਗਿੰਦਰ ਸਿੰਘ ਮਾਨ
ਮਾਨਸਾ, 3 ਫਰਵਰੀ
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਮਹਿੰਦਰ ਰੰਧਾਵਾ, ਸੁਰਜੀਤ ਪਾਤਰ ਤੇ ਮਾਤ ਭਾਸ਼ਾ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਪ੍ਰਦਰਸ਼ਨੀ ਤੇ ਸਾਹਿਤਕ ਮੇਲਾ ਆਰੰਭ ਹੋ ਗਿਆ ਹੈ।
ਪੁਸਤਕ ਪ੍ਰਦਰਸ਼ਨੀ ਤੇ ਸਾਹਿਤਕ ਮੇਲੇ ਦੇ ਪਹਿਲੇ ਦਿਨ ਦਲਿਤ ਚੇਤਨਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ’ਤੇ ਡਾ. ਰੌਣਕੀ ਰਾਮ (ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਅਤੇ ਡਾ. ਰਾਜ ਕੁਮਾਰ ਹੰਸ (ਸਾਬਕਾ ਪ੍ਰੋਫੈਸਰ ਬੜੌਦਾ ਯੂਨੀਵਰਸਿਟੀ ਬੜੌਦਾ) ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਜਿੱਥੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਉਥੇ ਸਮੁੱਚੇ ਤਿੰਨ ਦਿਨਾਂ ਪ੍ਰੋਗਰਾਮ ਦੀ ਰੂਪ-ਰੇਖਾ ਸਬੰਧੀ ਜਾਣਕਾਰੀ ਦਿੱਤੀ। ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਰੌਣਕੀ ਰਾਮ ਨੇ ਰਾਜਨੀਤਿਕ ਪੱਖ ਤੋਂ ਦਲਿਤ ਸਮਾਜ ਦੀ ਦਸ਼ਾ ਤੇ ਦਿਸ਼ਾ ’ਤੇ ਚਰਚਾ ਕੀਤੀ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਬੀਬੀ ਮਨਜੀਤ ਕੌਰ ਔਲਖ ਨੇ ਕਾਲਜ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜਸਪਾਲ ਮਾਨਖੇੜਾ ਨੇ ਧੰਨਵਾਦ ਕੀਤਾ। ਡਾ. ਸੋਮਪਾਲ ਹੀਰਾ ਵੱਲੋਂ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸੁੰਦਰ ਲਿਖਾਈ, ਕਾਵਿ ਰਚਨਾ, ਲੇਖ ਰਚਨਾ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 15 ਦੇ ਕਰੀਬ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਇਸ ਮੌਕੇ ਪ੍ਰੀਤਮ ਰੁਪਾਲ, ਗੁਰਚੇਤ ਸਿੰਘ ਫੱਤੇਵਾਲੀਆ, ਡਾ. ਜਸਪਾਲ ਸਿੰਘ, ਕ੍ਰਿਸ਼ਨ ਕੁਮਾਰ, ਖੁਸ਼ਵੰਤ ਬਰਗਾੜੀ, ਐਡਵੋਕੇਟ ਬਲਵੰਤ ਭਾਟੀਆ, ਪ੍ਰੋ. ਰਾਵਿੰਦਰ ਸਿੰਘ, ਪ੍ਰੋ. ਹਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ ਅਤੇ ਡਾ. ਬੱਲਮ ਲੀਂਬਾ ਨੇ ਵੀ ਸੰਬੋਧਨ ਕੀਤਾ।