ਮਾਨਖੇੜੀ ਨੇੜੇ ਸੜਕ ਹਾਦਸੇ ਵਿੱਚ ਨੌਜਵਾਨ ਹਲਾਕ
ਮੋਰਿੰਡਾ (ਪੱਤਰ ਪ੍ਰੇਰਕ): ਪਿੰਡ ਮਾਨਖੇੜੀ ਨੇੜੇ ਸੜਕ ਹਾਦਸੇ ’ਚ 18 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨਵਜੋਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਮਾਨਖੇੜੀ ਐਕਟਿਵਾ ’ਤੇ ਆਪਣੇ ਸਾਥੀ ਹਰਪ੍ਰੀਤ ਸਿੰਘ ਨਾਲ ਪਿੰਡ ਤੋਂ ਮੋਰਿੰਡਾ ਵੱਲ ਆ ਰਿਹਾ ਸੀ, ਜਦੋਂ ਉਹ ਅਜੀਤ ਮਿੱਲ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਆ ਰਹੇ ਕੈਂਟਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਕੈਂਟਰ ਦੇ ਪਿਛਲੇ ਟਾਇਰ ਨਵਜੋਤ ਸਿੰਘ ਦੇ ਉੱਪਰੋਂ ਲੰਘ ਗਏ। ਇਸ ਦੌਰਾਨ ਹਰਪ੍ਰੀਤ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਨਵਜੋਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਨਵਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।