ਨਵੀਂ ਦਿੱਲੀ, 4 ਫਰਵਰੀਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਵੱਲੋਂ ਦਾਇਰ ਮਾਣਹਾਨੀ ਸ਼ਿਕਾਇਤ ’ਤੇ ਅੱਜ ਕਾਂਗਰਸ ਨੇਤਾ ਨੂੰ ਸੰਮਨ ਜਾਰੀ ਕਰਨ ਤੋਂ ਇਨਕਾਰ ਦਿੱਤਾ ਅਤੇ ਨਾਲ ਹੀ ਸ਼ਿਕਾਇਤ ਵੀ ਖਾਰਜ ਕਰ ਦਿੱਤੀ।ਵਧੀਕ ਮੁੱਖ ਜੁਡੀਸ਼ਲ ਮੈਜਿਸਟਰੇਟ (ਏਸੀਜੇਐੱਮ) ਪਾਰਸ ਦਲਾਲ ਨੇ ਸ਼ਿਕਾਇਤਕਰਤਾ ਦੇ ਵਕੀਲ ਵੱਲੋਂ ਸੰਮਨਾਂ ਤੋਂ ਪਹਿਲਾਂ ਦੇ ਸਬੂਤ ਦਰਜ ਕਰਵਾਏ ਜਾਣ ਮਗਰੋਂ ਸ਼ਿਕਾਇਤ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਨਹੀਂ ਬਣਦਾ। ਹੁਕਮਾਂ ਦੀ ਤਫ਼ਸੀਲ ਹਾਲੇ ਅਪਲੋਡ ਕੀਤੀ ਜਾਣੀ ਹੈ।ਦੱਸਣਯੋਗ ਹੈ ਕਿ ਅਦਾਲਤ ਨੇ 21 ਸਤੰਬਰ 2024 ਨੂੰ ਮਾਣਹਾਨੀ ਸ਼ਿਕਾਇਤ ਦਾ ਨੋਟਿਸ ਲਿਆ ਸੀ ਅਤੇ ਸੁਣਵਾਈ ਤੋਂ ਪਹਿਲਾਂ ਸਬੂਤ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਰਾਜੀਵ ਚੰਦਰਸ਼ੇਖਰ ਨੇ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਸ਼ਸ਼ੀ ਥਰੂਰ ਨੇ ਇੱਕ ਇੰਟਰਵਿਊੁ ’ਚ ਉਨ੍ਹਾਂ (ਚੰਦਰਸ਼ੇਖਰ) ਵੱਲੋਂ ਤਿਰੂਵਨੰਤਪੁਰਮ ’ਚ ਵੋਟਰਾਂ ਨੂੰ ਰਿਸ਼ਵਤ ਦੇਣ ਦੀ ਝੂਠੀ ਟਿੱਪਣੀ ਕੀਤੀ ਸੀ। ਚੰਦਰਸ਼ੇਖਰ ਨੇ ਕਿਹਾ ਸੀ ਕਿ ਇਸ ਟਿੱਪਣੀ ਨੇ ਉਨ੍ਹਾਂ ਦੇ ਵੱਕਾਰ ਨੂੰ ਢਾਹ ਲਾਈ, ਜਿਸ ਦੇ ਨਤੀਜੇ ਵਜੋਂ ਉਹ 2024 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਗਏ। -ਏਐੱਨਆਈ