ਮਾਛੀਵਾੜਾ ਨੇੜੇ ਜੰਗਲਾਂ ’ਚ ਬੁੱਚੜਖਾਨੇ ਦਾ ਪਰਦਾਫਾਸ਼
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਅਪਰੈਲ
ਇਥੋਂ ਦੇ ਗਊ ਰੱਖਿਆ ਦਲ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਅੱਜ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿੱਚ ਗਊਆਂ ਦਾ ਮਾਸ ਵੇਚਣ ਵਾਲੇ ਬੁੱਚੜਖਾਨੇ ਦਾ ਪਰਦਾਫਾਸ਼ ਕੀਤਾ ਹੈ। ਇਸ ਅਪਰੇਸ਼ਨ ਤਹਿਤ 13 ਵਿਅਕਤੀਆਂ ਖਿਲਾਫ਼ ਕੇਸ ਦਰਜ ਹੋਇਆ ਹੈ ਤੇ 5 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਥੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੰਯੁਕਤ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੂੰ ਰਾਤ 10.30 ਵਜੇ ਜਾਣਕਾਰੀ ਮਿਲੀ ਕਿ ਪਵਾਤ ਪੁਲ ਨੇੜੇ ਸੰਘਣੇ ਜੰਗਲੀ ਖੇਤਰ ਵਿੱਚ ਵੱਛੂ, ਰੇਮੂ, ਮਹੱਦੂ, ਕਾਕਾ ਵਾਸੀਆਨ ਡੇਰਾ ਖੱਟੜਾ ਚੌਹਾਰਨ ਨੇੜੇ ਰਾੜਾ ਸਾਹਿਬ ਤੇ ਯੂਸਫ਼, ਬਸੀਹ, ਨਿਸ਼ਾਂਤ ਵਾਸੀਆਨ ਬਸੀ ਕਲਾਬ, ਥਾਣਾ ਸ਼ਾਹਪੁਰ, ਜ਼ਿਲਾ ਮੁਜੱਫ਼ਰਨਗਰ ਹਾਲ ਵਾਸੀ ਨੇੜੇ ਗੁੱਜਰਾਂ ਦੇ ਡੇਰਾ ਪਿੰਡ ਪਵਾਤ ਸਮੇਤ ਹੋਰ ਅਣਪਛਾਤੇ ਵਿਅਕਤੀ ਗਊਆਂ ਮਾਰਨ ਗਏ ਹਨ।
ਉਨ੍ਹਾਂ ਦੱਸਿਆ ਕਿ ਗਊ ਰੱਖਿਆ ਦਲ ਦੇ ਆਗੂਆਂ ਨੇ ਇਸ ਸਬੰਧੀ ਮਾਛੀਵਾੜਾ ਪੁਲੀਸ ਨੂੰ ਸੂਚਿਤ ਕੀਤਾ ਤੇ ਪੁਲੀਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਕੁਝ ਲੋਕ ਹਥਿਆਰ ਫੜੀ ਖੜ੍ਹੇ ਸਨ ਤੇ ਕੁਝ ਗਊਆਂ ਮਰੀਆਂ ਪਈਆਂ ਸਨ। ਮੁਲਜ਼ਮ ਹਨੇਰੇ ਦਾ ਫਾਇਦਾ ਲੈ ਕੇ ਭੱਜ ਗਏ। ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਵਿੱਚੋਂ 5 ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਯੂਬ, ਸਲੀਮ, ਸਵੀਰ, ਯੂਸਫ਼, ਵਸ਼ੀਰ ਵਾਸੀਆਨ ਪਵਾਤ ਪੁਲ ਵਜੋਂ ਹੋਈ ਹੈ। ਪੁਲੀਸ ਨੇ ਮੌਕੇ ਤੋਂ ਗਊਆਂ ਦਾ ਵੱਢਿਆ ਟੁੱਕਿਆ ਮਾਸ, ਫਰਸ਼ੀ ਕੰਡਾ, ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਸਬੰਧ ਵਿੱਚ 13 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਵ ਸੈਨਾ ਆਗੂਆਂ ਨੇ ਮਰੀਆਂ ਗਊਆਂ ਨੂੰ ਦਫ਼ਨਾਇਆ।