ਪੱਤਰ ਪ੍ਰਰਕਮਾਛੀਵਾੜਾ, 1 ਫਰਵਰੀਅੱਧੇ ਘੰਟੇ ਦੇ ਅੰਦਰ ਇਲਾਕੇ ਦੇ ਦੋ ਪੈਟਰੋਲ ਪੰਪਾਂ ਨੂੰ ਹਥਿਆਰ ਦਿਖਾ ਕੇ ਲੁੱਟਣ ਵਾਲੇ ਪੰਜ ਮੁਲਜ਼ਮਾਂ ਵਿੱਚੋਂ ਤਿੰਨ ਦੀਆਂ ਤਸਵੀਰਾਂ ਅੱਜ ਪੁਲੀਸ ਨੇ ਜਾਰੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ 30 ਜਨਵਰੀ ਨੂੰ ਇਹ ਘਟਨਾ ਵਾਪਰੀ ਸੀ। ਇਸ ਸਬੰਧੀ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਕੋਲ ਕਿਆ ਕੰਪਨੀ ਦੀ ਚਿੱਟੇ ਰੰਗ ਦੀ ਕਾਰ ਸੀ ਜੋ ਉਨ੍ਹਾਂ ਮੋਗਾ ਜ਼ਿਲ ’ਚੋਂ ਚੋਰੀ ਕੀਤੀ ਸੀ। ਇਸ ਰਾਹੀਂ ਹੀ ਮੁਲਜ਼ਮਾਂ ਨੇ ਉਕਤ ਪੈਟਰੋਲ ਪੰਪ ਲੁੱਟੇ। ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਇਨ੍ਹਾਂ 5 ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਵੱਖ-ਵੱਖ ਟੀਮਾਂ ਬਣਾਈਆਂ ਹਨ ਤੇ ਜੋ ਸੀਸੀਟੀਵੀ ਫੁਟੇਜ ਦੇਖੀ ਗਈ ਹੈ ਉਸ ਦੇ ਆਧਾਰ ’ਤੇ ਪੰਜ ਵਿੱਚੋਂ ਤਿੰਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।ਹਾਲਾਂਕਿ ਮੁਲਜ਼ਮਾਂ ਦੀ ਪਛਾਣ ਸਬੰਧੀ ਪੁਲੀਸ ਨੇ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਸੂਤਰਾਂ ਅਨੁਸਾਰ ਇਹ ਸਾਰੇ ਹੀ ਮੁਲਜ਼ਮ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਡੀਐੱਸਪੀ ਸਮਰਾਲਾ ਨੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਕੋਈ ਵੀ ਵਿਅਕਤੀ ਪਹਿਚਾਣਦਾ ਹੈ ਤਾਂ ਉਹ ਤੁਰੰਤ 9872693808 ਜਾਂ ਥਾਣਾ ਮਾਛੀਵਾੜਾ ਦੇ ਮੁਖੀ ਨੂੰ 9592914033 ’ਤੇ ਸੰਪਰਕ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਪੁਲੀਸ ਵੱਲੋਂ ਵੀ ਪੂਰੀ ਮੁਸ਼ਤੈਦੀ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।