For the best experience, open
https://m.punjabitribuneonline.com
on your mobile browser.
Advertisement

ਮਾਘ ਮਹੀਨਾ ਮਾਹੀ ਬਾਝੋਂ...

04:08 AM Feb 08, 2025 IST
ਮਾਘ ਮਹੀਨਾ ਮਾਹੀ ਬਾਝੋਂ
Advertisement

ਜੱਗਾ ਸਿੰਘ ਆਦਮਕੇ

Advertisement

ਮਾਘ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਗਿਆਰਵਾਂ ਮਹੀਨਾ ਹੈ। ਇਹ ਮਹੀਨਾ ਹੋਰਨਾਂ ਮਹੀਨਿਆਂ ਦੇ ਮੁਕਾਬਲੇ ਮਹੱਤਵਪੂਰਨ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਸ ਦੇ ਕਈ ਕਾਰਨ ਹਨ। ਇਸ ਦਾ ਪ੍ਰਮੁੱਖ ਕਾਰਨ ਇਸ ਮਹੀਨੇ ਸੂਰਜ ਦਾ ਉਤਰਾਇਣ ਵੱਲ ਨੂੰ ਵਧਣਾ ਸ਼ੁਰੂ ਹੋਣਾ ਹੈ। ਮਾਘ ਮਹੀਨੇ ਸੂਰਜ ਧਨ ਰਾਸ਼ੀ ਵਿੱਚੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਮਕਰ ਰਾਸ਼ੀ ਨੂੰ ਦੂਸਰੀਆਂ ਰਾਸ਼ੀਆਂ ਵਿੱਚੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪੰਜਾਬੀਆਂ ਵੱਲੋਂ ਇਸ ਮਹੀਨੇ ਦੇ ਪਹਿਲੇ ਦਿਨ ਨੂੰ ਮਾਘੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਸਭ ਤੋਂ ਪ੍ਰਮੁੱਖ ਤੇ ਵੱਡਾ ਮੇਲਾ ਮੁਕਤਸਰ ਸਾਹਿਬ ਵਿੱਚ ਭਰਦਾ ਹੈ। ਇਸ ਤੋਂ ਇਲਾਵਾ ਵੀ ਛੋਟੇ ਛੋਟੇ ਮੇਲੇ ਹੋਰਨਾਂ ਕਈ ਸਥਾਨਾਂ ’ਤੇ ਵੀ ਭਰਦੇ ਹਨ।
ਇਸ ਮਹੀਨੇ ਦਾ ਇਹ ਪਹਿਲਾ ਦਿਨ ਕੇਵਲ ਪੰਜਾਬ ਵਿੱਚ ਹੀ ਨਹੀਂ, ਸਗੋਂ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੱਖ ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨਦੀਆਂ, ਸਰੋਵਰਾਂ ਵਿੱਚ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਕਈ ਥਾਵਾਂ ’ਤੇ ਬਹੁਤ ਭਾਰੀ ਮੇਲੇ ਭਰਦੇ ਹਨ। ਕੁਝ ਇਸੇ ਤਰ੍ਹਾਂ ਹੀ ਇਸ ਦਿਨ ਨੂੰ ਇੱਕ ਵੱਡੇ ਹਿੱਸੇ ਵਿੱਚ ‘ਮਕਰ ਸਕ੍ਰਾਂਤੀ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੀ ਮਾਘੀ ਵਾਂਗ ਸੂਰਜ ਦੀ ਸਥਿਤੀ ਨਾਲ ਸਬੰਧਤ ਹੈੈ। ਇਸ ਸਮੇਂ ਸੂਰਜ ਉੱਤਰੀ ਅਰਧਗੋਲੇ ਵੱਲ ਨੂੰ ਵਧਣਾ ਸ਼ੁਰੂ ਹੁੰਦਾ ਹੈ ਕਿਉਂਕਿ ਭਾਰਤ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ। ਅਜਿਹਾ ਹੋਣ ਕਾਰਨ ਇਸ ਕਿਰਿਆ ਨਾਲ ਦਿਨ ਵੱਡੇ ਹੋਣੇ ਸ਼ੁਰੂ ਹੁੰਦੇ ਹਨ।
ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨ ਪਸੰਦ ਖੁਰਾਕ ਅਤੇ ਉਨ੍ਹਾਂ ਦੀ ਵਿਰਾਸਤੀ ਪਹਿਚਾਣ ਦਾ ਹਿੱਸਾ ਹੈ। ਮੱਘਰ ਮਹੀਨੇ ਤੋਂ ਖੇਤਾਂ ਵਿੱਚ ਆਮ ਹੋਈ ਸਰ੍ਹੋਂ ਦੀਆਂ ਗੰਦਲਾਂ ਤੋਂ ਸਾਗ ਬਣਦਾ ਹੈ। ਪੋਹ ਮਹੀਨੇ ਅੰਤਾਂ ਦੀ ਸਰਦੀ ਵਿੱਚ ਇਹ ਸਾਗ ਹੋਰ ਵੀ ਸ਼ੌਕ ਨਾਲ ਬਣਾਇਆ ਅਤੇ ਖਾਧਾ ਜਾਂਦਾ ਹੈ। ਮਾਘ ਮਹੀਨਾ ਸਾਗ ਦੇ ਪੱਖ ਤੋਂ ਸਾਲ ਦਾ ਆਖਰੀ ਮਹੀਨਾ ਸਾਬਤ ਹੁੰਦਾ ਹੈ। ਇਹ ਸਾਗ ਖੁਰਾਕੀ ਗੁਣਾਂ ਨਾਲ ਸੰਪੰੰਨ ਹੋਣ ਦੇ ਨਾਲ ਨਾਲ ਸਰੀਰ ਨੂੰ ਗਰਮੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਸੁਆਦ ਅਤੇ ਦੂਸਰੇੇ ਗੁਣਾਂ ਕਾਰਨ ਹਰ ਘਰ ਵਾਰ ਵਾਰ ਸਾਗ ਬਣਦਾ ਹੈ।
ਮਾਘ ਮਹੀਨਾ ਦੂਸਰੇ ਮਹੀਨਿਆਂ ਦੇ ਮੁਕਾਬਲੇ ਵਿਲੱਖਣ ਹੈ। ਇਸ ਮਹੀਨੇੇ ਦੀ ਸੰਗਰਾਂਦ, ਭਾਵ ਮਾਘੀ ਦਾ ਦਿਨ ਕੁਝ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਜਿਹੇ ਪੱਖ ਕਾਰਨ ਹੀ ਸ਼ਿਵ ਕੁਮਾਰ ਬਟਾਲਵੀ ਨੇ ਕੁਝ ਇਸ ਤਰ੍ਹਾਂ ਕਿਹਾ ਹੈ;
ਮਾਂ ਨੀਂ ਮਾਂ
ਜੇ ਇਜਾਜ਼ਤ ਦਏਂ ਤਾਂ
ਮੈਂ ਇੱਕ ਵਾਰੀ ਲੈ ਲਵਾਂ
ਮਾਘ ਦੀ ਹਾਏ ਸੁੱਚੜੀ
ਸੰਗਰਾਂਦ ਵਰਗਾ ਤੇਰਾ ਨਾਂ
ਬਾਰਾਮਾਹ ਵਿੱਚ ਮਹੀਨਿਆਂ ਨੂੰ ਆਧਾਰ ਬਣਾ ਕੇ ਗਿਆਨ ਨੂੰ ਵੱਡੇ ਪੱਧਰ ’ਤੇ ਕਾਵਿ ਰਚਨਾ ਦੇ ਰੂਪ ਵਿੱਚ ਚਿਤਰਿਆ ਮਿਲਦਾ ਹੈ। ਮਾਘ ਮਹੀਨੇ ਸਬੰਧੀ ਬਾਰਾਮਾਹ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਮਾਘ ਮਹੀਨਾ ਮਾਹੀ ਬਾਝੋਂ
ਜੋ ਕੁਛ ਮੈਂ ਸੰਗ ਬੀਤੀ
ਸ਼ਾਲਾ ਦੁਸ਼ਮਣ ਨਾਲ ਨਾ ਹੋਵੇ
ਜੇਹੀ ਵਿਛੋੜੇ ਕੀਤੀ
ਕੋਹਲੂ ਵਾਂਗਰ ਜਾਨ ਤਤੀ ਦੀ
ਪੀੜ ਇਸ਼ਕ ਨੇ ਲੀਤੀ ਜੇ
ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਦਾ ਵਿਸ਼ੇਸ਼ ਮਹੱਤਵ ਰੱਖਣ ਵਾਲਾ ਪ੍ਰਸਿੱੱਧ ਮੇਲਾ ਹੈੈ। ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਅੰਤਿਮ ਲੜਾਈ ਖਿਦਰਾਣੇ ਦੀ ਢਾਬ ’ਤੇ ਹੋਈ ਸੀ। ਇਹ ਢਾਬ ਆਸ ਪਾਸ ਦੇ ਇੱਕ ਵੱਡੇ ਖਿੱਤੇ ਲਈ ਪਾਣੀ ਦਾ ਸਰੋਤ ਸੀ। ਅਜਿਹਾ ਹੋਣ ਕਾਰਨ ਗੁਰੂ ਸਾਹਿਬ ਨੇ ਯੁੱਧ ਰਣਨੀਤੀ ਤਹਿਤ ਪਾਣੀ ਦੇ ਸਰੋਤ ’ਤੇ ਕਬਜ਼ਾ ਕਰ ਲਿਆ ਤਾਂ ਜੋ ਮੁਗ਼ਲ ਸੈਨਾ ਨੂੰ ਪਾਣੀ ਦੀ ਘਾਟ ਨਾਲ ਜੂਝਣਾ ਪਵੇ। ਇੱਥੇ ਹੋਈ ਲੜਾਈ ਵਿੱਚ ਆਨੰਦਪੁਰ ਸਾਹਿਬ ਵਿੱਚ ਬੇਦਾਵਾ ਲਿਖ ਕੇ ਦੇਣ ਵਾਲੇ ਚਾਲੀ ਸਿੰਘ ਵੀ ਭਾਈ ਮਹਾਂ ਸਿੰਘ ਦੀ ਅਗਵਾਈ ਵਿੱੱਚ ਸ਼ਾਮਲ ਹੋਏ ਅਤੇ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਜ਼ਖ਼ਮੀ ਹਾਲਤ ਵਿੱਚ ਪਏ ਭਾਈ ਮਹਾਂ ਸਿੰਘ ਕੋਲ ਗੁਰੂ ਗੋਬਿੰਦ ਸਿੰਘ ਜੀ ਆਏੇ ਅਤੇ ਅੰਤਿਮ ਸਮੇਂ ਆਖਰੀ ਇੱਛਾ ਪੁੱਛੀ। ਇਸ ’ਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਵੱਲੋਂ ਲਿਖਿਆ ਬੇਦਾਵਾ ਫਾੜ ਦੇਣ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰਦਾਨ ਦੇਣ। ਗੁਰੂ ਸਾਹਿਬ ਨੇ ਅਜਿਹਾ ਹੀ ਕੀਤਾ। ਅਜਿਹਾ ਹੋਣ ਕਾਰਨ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਸਾਹਿਬ ਪੈ ਗਿਆ। ਇਨ੍ਹਾਂ ਸਿੰਘਾਂ ਦੀ ਯਾਦ ਵਿੱਚ ਇੱਥੇ ਹਰ ਸਾਲ ਮਾਘ ਦੇ ਪਹਿਲੇ ਦਿਨ ਭਾਵ ਮਾਘੀ ਨੂੰ ਮੇਲਾ ਭਰਦਾ ਹੈ। ਜਿੱਥੇ ਇਹ ਮੇਲਾ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਹੈ, ਉੱਥੇ ਪੰਜਾਬੀ ਸੱਭਿਆਚਾਰ ਦੇ ਦਰਸ਼ਨ ਕਰਵਾਉਣ ਵਾਲਾ ਹੈ। ਇਸ ਮੇਲੇ ਸਬੰਧੀ ਵੱਡੇ ਪੱਧਰ ’ਤੇ ਲੋਕ ਬੋਲੀਆਂ ਟੱਪੇ ਮਿਲਦੇ ਹਨ;
ਕੱਢ ਲੈ ਹਵੇਲੀ ਵਿੱਚੋਂ,
ਬੀੜ ਲੈ ਬਾਗੜੀ ਬੋਤਾ।
ਵੇ ਉੱਤੇ ਪਾ ਝੁੱਲ ਰੇਸ਼ਮੀ,
ਜੀਹਦੀ ਲੌਣ ਨੂੰ ਲਵਾਇਆ ਗੋਟਾ।
ਵੇ ਚੂਰੀ ਤੇਰੇ ਖਾਣ ਨੂੰ,
ਤੇਰੇ ਬੋਤੇ ਨੂੰ ਪਾਊਂ ਨੀਰਾ।
ਵੇ ਮੇਲੇ ਮੁਕਤਸਰ ਦੇ,
ਚੱਲ ਚੱਲੀਏ ਨਣਦ ਦਿਆ ਵੀਰਾ।
ਵੇ ਮੇਲੇ ਮੁਕਤਸਰ ਦੇ...
ਭਾਵੇਂ ਮਾਘ ਮਹੀਨੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਰਦੀ ਹੌਲੀ ਹੌਲੀ ਘਟਣ ਲੱਗਦੀ ਹੈੈ, ਪ੍ਰੰਤੂ ਜੇਕਰ ਇਸ ਸਮੇੇਂ ਹਵਾ ਵਗਦੀ ਹੈ ਤਾਂ ਇਹ ਸਰਦੀ ਨੂੰ ਵਧਾਉਣ ਦਾ ਕੰਮ ਕਰਦੀ ਹੈੈ। ਇਸ ਸਮੇਂ ਵਗਦੀ ਹਵਾ ਦੇ ਇਸ ਪੱਖ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਪਾਲਾ ਪੋਹ ਨਾ ਮਾਘ
ਪਾਲਾ ਵਾਅ ਦਾ।
ਮਾਘ ਮਹੀਨੇ ਠੰਢ ਘਟਣ ਨਾਲ ਰੁੱਖਾਂ ਦੇ ਪੱਤੇ ਨਿਕਲਣੇ ਸ਼ੁਰੂ ਹੁੰਦੇ ਹਨ। ਫੁੱਲਦਾਰ ਪੌਦਿਆਂ, ਬੂਟਿਆਂ ’ਤੇ ਰੰਗ ਬਿਰੰਗੇੇ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ। ਖੇਤਾਂ ਵਿੱਚ ਪੀਲੀ ਸਰ੍ਹੋਂ ਆਪਣੀ ਸੁੰਦਰਤਾ ਬਿਖੇਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੀਕ ਵਜੋਂ ਗੁਰੂ ਸਾਹਿਬਾਨ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ;
ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ॥
ਤਿਸੁ ਬਸੰਤੁ ਜਿਸੁ ਗੁਰੁ ਦਇਆਲੁ॥
ਲੋਕ ਵਿਸ਼ਵਾਸ ਅਨੁਸਾਰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਹੜੀ ਵਾਲੀ ਸ਼ਾਮ ਭਾਵ ਪੋਹ ਦੇ ਅਖੀਰਲੇ ਦਿਨ ਗੰਨੇ ਦੇ ਰਸ ਨਾਲ ਖੀਰ, ਖਿਚੜੀ ਅਤੇੇ ਸਾਗ ਬਣਾਉਣ ਦੀ ਪਰੰਪਰਾ ਰਹੀ ਹੈ, ਪ੍ਰੰਤੂ ਲੋਹੜੀ ਵਾਲੇ ਦਿਨ ਇਨ੍ਹਾਂ ਨੂੰ ਨਹੀਂ ਸੀ ਖਾਧਾ ਜਾਂਦਾ। ਇਨ੍ਹਾਂ ਦੀ ਵਰਤੋਂ ਅਗਲੇ ਦਿਨ ਭਾਵ ਅਗਲੇ ਦਿਨ ਮਾਘੀ ਵਾਲੇ ਦਿਨ ਭਾਵ ਮਾਘ ਦੇ ਪਹਿਲੇ ਦਿਨ ਕੀਤੀ ਜਾਂਦੀ ਸੀ। ਪੰਜਾਬੀ ਲੋਕ ਵਿਸ਼ਵਾਸ ਅਨੁਸਾਰ ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ।
ਇਸ ਮਹੀਨੇ ਸਬੰਧੀ ਇੱਕ ਹੋਰ ਲੋਕ ਵਿਸ਼ਵਾਸ ਇਹ ਹੈ ਕਿ ਇਸ ਮਹੀਨੇ ਦੇ ਪਹਿਲੇ ਦਿਨ ਕੇਸੀ ਇਸ਼ਨਾਨ ਕਰਨ ਨਾਲ ਵਾਲ ਸੋਨੇ ਦੇ ਹੋ ਜਾਂਦੇ ਹਨ। ਅਜਿਹੇ ਵਿਸ਼ਵਾਸ ਦੇ ਪਿੱਛੇ ਉਸ ਸਮੇਂ ਦੇ ਹਾਲਾਤ ਕੰਮ ਕਰਦੇ ਹਨ। ਪੋਹ ਮਹੀਨੇ ਦੀ ਕੜਾਕੇ ਦੀ ਠੰਢ ਕਾਰਨ ਅਤੇ ਪਾਣੀ ਦੇ ਸਾਧਨਾਂ ਦੀ ਘਾਟ ਕਾਰਨ ਲੋਕ ਨਹਾਉਣ ਤੋਂ ਕਤਰਾਉਂਦੇ ਸਨ। ਪੋਹ ਦੇ ਅਖੀਰ ਅਤੇ ਮਾਘ ਦੇ ਆਰੰਭ ਤੋਂ ਮਨੁੱਖ ਨੂੰ ਇਹ ਲਾਲਚ ਦਿੱਤਾ ਜਾਂਦਾ ਹੈ। ਇਸ ਲਈ ਲੋਕ ਨੇੜੇ ਦੇ ਖੂਹਾਂ, ਟੋਭਿਆਂ, ਨਦੀਆਂ ਆਦਿ ਵਿੱਚ ਇਸ਼ਨਾਨ ਕਰਕੇ ਸੁਸਤੀ ਨੂੰ ਦੂਰ ਕਰਦੇ ਸਨ।
ਇਸ ਤਰ੍ਹਾਂ ਮਾਘ ਮਹੀਨਾ ਸਰਦੀ ਦੀ ਰੁੱਤ ਤੋਂ ਗਰਮੀ ਵੱਲ ਵਧਣ ਦੇ ਦੌਰਾਨ ਸਰਦੀ ਦਾ ਆਖਰੀ ਮਹੀਨਾ ਸਾਬਤ ਹੁੰਦਾ ਹੈ। ਇਸ ਮਹੀਨੇ ਦੌਰਾਨ ਦਿਨ ਨਿੱਘੇ ਹੋਣੇ ਸ਼ੁਰੂ ਹੋ ਜਾਂਦੇ ਹਨ। ਬਹਾਰਾਂ ਦਾ ਤਿਉਹਾਰ ਬਸੰਤ ਪੰਚਮੀ ਇਸ ਮਹੀਨੇ ਆਉਂਦਾ ਹੈ। ਮਾਘੀ, ਕੁੰਭ ਤੇ ਦੂਸਰੇ ਮੇਲੇ ਇਸ ਮਹੀਨੇ ਆਉਂਦੇ ਹਨ। ਮਾਘ ਦਾ ਮਹੀਨਾ ਦਾਨ ਪੁੰਨ ਲਈ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਹ ਮਹੀਨਾ ਵਿਲੱਖਣਤਾ ਭਰਪੂਰ ਹੈ। ਰੁੱਤ ਦੀ ਤਬਦੀਲੀ ਕਾਰਨ ਜੀਵ ਜੰਤੂਆਂ, ਪੰਛੀਆਂ ਦੀ ਚਹਿਲ ਪਹਿਲ ਹੁੰਦੀ ਹੈ। ਨਿੱਸਰੀਆਂ ਕਣਕਾਂ, ਫੁੱਲੀ ਸਰ੍ਹੋਂ ਕਿਸਾਨਾਂ ਦੇ ਜੀਵਨ ਨੂੰ ਵੀ ਰੁਝੇਵਿਆਂ ਭਰਪੂਰ ਬਣਾ ਦਿੰਦੀਆਂ ਹਨ।
ਸੰਪਰਕ: 81469-24800

Advertisement
Advertisement

Advertisement
Author Image

Balwinder Kaur

View all posts

Advertisement