ਮਾਈਨਿੰਗ ਵਿਭਾਗ ਵੱਲੋਂ ਹੁਸ਼ਿਆਰਪੁਰ ਦੇ 21 ਸਟੋਨ ਕਰੱਸ਼ਰਾਂ ਦੀਆਂ ਰਜਿਸਟਰੇਸ਼ਨਾਂ ਸਸਪੈਂਡ
ਦੀਪਕ ਠਾਕੁਰ
ਤਲਵਾੜਾ, 31 ਜਨਵਰੀ
ਇਥੇ ਮਾਈਨਿੰਗ ਵਿਭਾਗ ਨੇ ਸਬ-ਡਵੀਜ਼ਨ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਅਧੀਨ ਆਉਂਦੇ 21 ਸਟੋਨ ਕਰੱਸ਼ਰਾਂ ਦੀਆਂ ਰਜਿਸਟਰੇਸ਼ਨਾਂ ਸਸਪੈਂਡ ਕਰ ਦਿੱਤੀਆਂ ਹਨ। ਵਿਭਾਗ ਨੇ ਪੰਜਾਬ ਰਾਜ ਪਾਵਰਕਾਰਪੋਰੇਸ਼ਨ ਲਿਮਟਿਡ ਪੀਐੱਸਪੀਸੀਐੱਲ ਨੂੰ ਪੱਤਰ ਲਿਖ ਕੇ ਇਨ੍ਹਾਂ ਕਰੱਸ਼ਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਲਈ ਕਿਹਾ ਹੈ। ਪੰਜਾਬੀ ਟ੍ਰਿਬਿਊਨ ਕੋਲ ਵਿਭਾਗ ਵੱਲੋਂ ਜਾਰੀ ਪੱਤਰ ਕਾਪੀ ਮੌਜੂਦ ਹੈ। ਇਸ ਦੀ ਪੁਸ਼ਟੀ ਕਰਨ ਲਈ ਜਦੋਂ ਕਾਰਜਕਾਰੀ ਇੰਜਨੀਅਰ ਜਲ ਨਿਕਾਸ ਕਮ ਅਤੇ ਜੁਆਲੌਜੀ ਵਿਭਾਗ ਸਾਹਿਲ ਸੌਂਧੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਜ਼ਿਲ੍ਹੇ ਅਧੀਨ ਚੱਲਦੇ 21 ਸਟੋਨ ਕਰੱਸ਼ਰਾਂ ਦੇ ਮਾਲਕਾਂ ਵੱਲੋਂ ਮਹੀਨਾਵਾਰ ਰਿਟਰਨਾਂ ਨਾ ਭਰੇ ਜਾਣ ਅਤੇ ਗੈਕਾਨੂੰਨੀ ਮਾਈਨਿੰਗ ਦੇ ਚੱਲਦਿਆਂ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਨੇ ਬੀਤੇ ਸਾਲ 12 ਦਸੰਬਰ ਤੋਂ ਇਨ੍ਹਾਂ ਦੀਆਂ ਰਜਿਸਟਰੇਸ਼ਨਾਂ ਸਸਪੈਂਡ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਤਹਿਸੀਲ ਗੜਸ਼ੰਕਰ ਅਧੀਨ ਆਉਂਦੇ ਸ਼ਿਵਾਲਿਕ ਐਗ੍ਰੀਗੇਟ ਕੁਨੈਲ, ਸਮੇਤ ਸਬ-ਡਿਵੀਜ਼ਨ ਦਸੂਹਾ ਅਧੀਨ 13 ਅਤੇ ਸਬ-ਡਿਵੀਜ਼ਨ ਮੁਕੇਰੀਆਂ ਅਧੀਨ ਪੈਂਦੇ 7 ਸਟੋਨ ਕਰੱਸ਼ਰ ਸ਼ਾਮਲ ਹਨ। ਇਨ੍ਹਾਂ ਸਟੋਨ ਕਰੱਸ਼ਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੱਤਰ ਭੇਜਿਆ ਗਿਆ ਹੈ। ਜ਼ਿਲ੍ਹਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜਨੀਅਰ ਦੀਪਕ ਚੱਡਾ ਨੇ ਦੱਸਿਆ ਮਾਈਨਿੰਗ ਵਿਭਾਗ ਦੀ ਸਿਫਾਰਿਸ਼ ’ਤੇ ਉਕਤ 21 ਕਰੱਸ਼ਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਬਿਜਲੀ ਕੁਨੈਕਸ਼ਨ ਕੱਟਣ ਦਾ ਅਧਿਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਹੈ।
ਸੂਤਰਾਂ ਦੀ ਮੰਨੀਏ ਤਾਂ ਉਕਤ ਕਰੱਸ਼ਰਾਂ ਖ਼ਿਲਾਫ਼ ਮਾਈਨਿੰਗ ਵਿਭਾਗ ਦੀ ਕਰੋੜਾਂ ਰੁਪਏ ਦੀ ਵਸੂਲੀ ਖੜ੍ਹੀ ਹੈ। ਇਹ ਵਸੂਲੀ ਨਾਜਾਇਜ਼ ਖਣਨ ਕਾਰਨ ਪਾਏ ਜੁਰਮਾਨੇ ਅਤੇ ਰਿਟਰਨਾਂ ਦੀ ਰਕਮ ਹੈ।