For the best experience, open
https://m.punjabitribuneonline.com
on your mobile browser.
Advertisement

ਮਾਇਆ ਨਗਰੀ ’ਚੋਂ ਵਾਪਸੀ

04:20 AM Apr 16, 2025 IST
ਮਾਇਆ ਨਗਰੀ ’ਚੋਂ ਵਾਪਸੀ
Advertisement

ਪ੍ਰੋ. ਮੋਹਣ ਸਿੰਘ

Advertisement

ਮਜੀਠਾ ਦਾ ਸੀਐੱਮਐੱਸ (ਕ੍ਰਿਸਚਨ ਮਿਸ਼ਨ ਸੁਸਾਇਟੀ) ਹਾਈ ਸਕੂਲ ਬੜਾ ਪ੍ਰਸਿੱਧ ਸੀ। ਕਿਸੇ ਵੇਲੇ ਟ੍ਰਿਬਿਊਨ ਅਖ਼ਬਾਰ ਦੇ ਮੋਢੀ ਦਿਆਲ ਸਿੰਘ ਮਜੀਠੀਆ ਵੀ ਉਥੇ ਪੜ੍ਹਦੇ ਰਹੇ ਸਨ। ਮੈਂ 1958 ਵਿੱਚ ਬਤੌਰ ਸਾਇੰਸ ਅਧਿਆਪਕ ਉਥੇ ਨਿਯੁਕਤ ਸਾਂ। ਹੈੱਡਮਾਸਟਰ ਪਾਰਸ ਨਾਥ ਨੂੰ ਤਾਂ ਫਿ਼ਕਰ ਸੀ ਕਿ ਇਹ ਕਿਤੇ ਛੱਡ ਕੇ ਨਾ ਚਲਾ ਜਾਵੇ ਕਿਉਂਕਿ ਅਪਰੈਲ 1957 ਤੋਂ ਸਿੱਖਿਆ ਦਾ ਸਰਕਾਰੀਕਰਨ ਹੋ ਚੁੱਕਾ ਸੀ। ਹਰ ਕੋਈ ਸਰਕਾਰੀ ਨੌਕਰੀ ਦਾ ਚਾਹਵਾਨ ਸੀ ਅਤੇ ਅਸਾਮੀਆਂ ਸਨ ਵੀ ਬਹੁਤ। ਮੇਰਾ ਇੱਜ਼ਤ-ਮਾਣ ਤਾਂ ਬਹੁਤ ਸੀ ਪਰ ਜਦੋਂ ਅਪਰੈਲ 1957 ਤੋਂ ਹੀ ਬਣੀ ਜੀਵਨ ਬੀਮਾ ਕਾਰਪੋਰੇਸ਼ਨ ਵਿੱਚ ਭਰਤੀ ਦਾ ਇਸ਼ਤਿਹਾਰ ਦੇਖਿਆ ਤਾਂ ਦਰਖ਼ਾਸਤ ਦੇ ਦਿੱਤੀ। ਨਾਲ ਹੀ ਆਪਣੇ ਸਰਟੀਫਿਕੇਟਾਂ ਦੀਆਂ ਟਾਈਪ ਕੀਤੀਆਂ, ਤਸਦੀਕਸ਼ੁਦਾ ਨਕਲਾਂ ਲਗਾ ਦਿੱਤੀਆਂ। ਸਿੱਧਾ ਨਿਯੁਕਤੀ ਪੱਤਰ ਹੀ ਆ ਗਿਆ।
ਮੈਨੂੰ ਲੱਗਿਆ ਕਿ ਮੈਂ ਕੋਈ ਅਨੈਤਿਕ ਜਿਹਾ ਕੰਮ ਕਰ ਰਿਹਾ ਹਾਂ ਕਿਉਂਕਿ ਮੈਂ ਤਾਂ ਇਕਰਾਰ ਕਰ ਕੇ ਨੌਕਰੀ ਲਈ ਸੀ ਕਿ ਮੈਂ ਸਾਲਾਨਾ ਇਮਤਿਹਾਨ ਤੋਂ ਪਹਿਲਾਂ ਛੱਡ ਕੇ ਨਹੀਂ ਜਾਵਾਂਗਾ। ਹੁਣ? ਮੇਰਾ ਦੋਸਤ ਤਰਲੋਚਨ ਸਿੰਘ ਹਿਸਾਬ ਦਾ ਤਾਂ ਵੱਡਾ ਮਾਹਿਰ ਸੀ ਹੀ, ਸਾਇੰਸ ਵੀ ਬੜੀ ਦਿਲਚਸਪ ਬਣਾ ਕੇ ਪੜ੍ਹਾਉਂਦਾ ਸੀ। ਮੈਂ ਉਹਨੂੰ ਨਾਲ ਲੈ ਕੇ ਮਜੀਠੇ ਗਿਆ, ਆਪਣੇ ਬਦਲ ਵਜੋਂ। ਮੇਰਾ ਅਸਤੀਫ਼ਾ ਦੇਖ ਕੇ ਪਾਰਸ ਨਾਥ ਦਾ ਤਾਂ ਰੰਗ ਹੀ ਉੱਡ ਗਿਆ। ਜਦੋਂ ਮੈਂ ਤਰਲੋਚਨ ਸਿੰਘ ਦਾ ਵੇਰਵਾ ਦਿੱਤਾ ਤਾਂ ਉਹਨੇ ਉਸੇ ਵੇਲੇ ਉਹਨੂੰ ਦਸਵੀਂ ਜਮਾਤ ’ਚ ਭੇਜ ਦਿੱਤਾ। ਸਕੂਲ ਦੀ ਕਿਸੇ ਜਮਾਤ ਦਾ ਕੋਈ ਪੀਰੀਅਡ ਵੀ ਖਰਾਬ ਨਾ ਹੋਇਆ। ਮੈਂ ਮਲਕੜੇ ਜਿਹੇ ਮਿਸ਼ਨ ਸਕੂਲ ਤੋਂ ਵਿਹਲਾ ਹੋ ਗਿਆ। ਮੇਰੇ ਇਸ ਕਦਮ ਦਾ ਪਾਰਸ ਨਾਥ ’ਤੇ ਅਜਿਹਾ ਪ੍ਰਭਾਵ ਪਿਆ ਕਿ ਅਸੀਂ ਪੱਕੇ ਦੋਸਤ ਬਣ ਗਏ। ਤਰਲੋਚਨ ਸਿੰਘ ਬਹੁਤ ਜਲਦੀ ਹਰਮਨਪਿਆਰਾ ਹੋ ਗਿਆ।
ਬੀਮਾ ਕੰਪਨੀ ਦੀਆਂ ਨਿਯੁਕਤੀਆਂ ਮੇਰੀ ਸਮਝੋਂ ਬਾਹਰ ਸਨ। ਮੇਰੇ ਦੋ ਚਾਰ ਦੋਸਤਾਂ ਦੇ ਅੰਮ੍ਰਿਤਸਰ ਬਰਾਂਚ ਵਿੱਚ ਨਿਯੁਕਤੀ ਲਈ ਹੁਕਮ ਹੋਏ ਸਨ ਪਰ ਮੇਰੀ ਨਿਯੁਕਤੀ ਮੇਰੇ ਪਿੰਡੋਂ ਬਹੁਤ ਦੂਰ ਜਲੰਧਰ ਦੇ ਮਾਡਲ ਟਾਊਨ ਵਾਲੇ ਡਿਵੀਜ਼ਨਲ ਦਫ਼ਤਰ ਵਿੱਚ। ਮੈਨੂੰ ਇੰਨੇ ਫ਼ਰਕ ਦੀ ਸਮਝ ਨਹੀਂ ਸੀ।
ਮੈਂ ਆਪਣੀ ਰਿਹਾਇਸ਼ ਜਲੰਧਰ ਬਣਾਉਣ ਦੇ ਇਰਾਦੇ ਨਾਲ ਮਾੜਾ ਮੋਟਾ ਸਾਮਾਨ ਤਿਆਰ ਕਰਨਾ ਸੀ। ਸਣ ਦੀ ਮੰਜੀ ਦੇ ਸੇਰੂ ਉਖਾੜ ਕੇ, ਹੀਆਂ ਨਾਲ ਰੱਖ ਕੇ, ਉਸੇ ਪੈਂਦ ਨਾਲ, ਚੁੱਕਿਆ ਜਾ ਸਕਣ ਵਾਲਾ ਨਗ ਤਿਆਰ ਕਰ ਲਿਆ; ਨਾਲ ਨਿੱਕਾ ਜਿਹਾ ਮੇਜ਼, ਕੁਰਸੀ, ਸੂਟਕੇਸ ਵਗੈਰਾ ਲੈ ਕੇ ਮੈਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਸਵੇਰੇ ਤੁਰਦੀ ਪੈਸੰਜਰ ਟਰੇਨ ਵਿੱਚ ਬੈਠ ਕੇ ਜਲੰਧਰ ਪਹੁੰਚ ਗਿਆ। ਇਸ ਤੋਂ ਪਹਿਲਾਂ ਕਦੇ ਜਲੰਧਰ ਨਹੀਂ ਸੀ ਗਿਆ। ਖੈਰ... ਰਿਕਸ਼ਾ ਕਰ ਕੇ ਜੀਵਨ ਬੀਮਾ ਕਾਰਪੋਰੇਸ਼ਨ ਦੇ ਦਫ਼ਤਰ ਜਾ ਪਹੁੰਚਿਆ।
ਸਾਮਾਨ ਰਿਕਸ਼ੇ ਵਿੱਚ ਹੀ ਛੱਡ ਕੇ ਸਬੰਧਿਤ ਅਫਸਰ ਨੂੰ ਆਪਣਾ ਨਿਯੁਕਤੀ ਪੱਤਰ ਦਿਖਾਇਆ। ਉਹਨੇ ਬੜੇ ਪਿਆਰ ਨਾਲ ਬਿਠਾਇਆ ਅਤੇ ਜੁਆਇਨਿੰਗ ਰਿਪੋਰਟ ਲਿਖਣ ਲਈ ਕਿਹਾ। ਮੈਂ ਬੜੀ ਖੁਸ਼ਖਤ ਅੰਗਰੇਜ਼ੀ ਵਿੱਚ ਰਿਪੋਰਟ ਲਿਖ ਦਿੱਤੀ। ਜਦੋਂ ਮੈਂ ਬਾਹਰ ਰਿਕਸ਼ੇ ਵਿੱਚ ਪਏ ਆਪਣੇ ਸਾਮਾਨ ਮੰਜੀ ਤੇ ਕੁਰਸੀ ਵੱਲ ਇਸ਼ਾਰਾ ਕੀਤਾ ਕਿ ਇਹ ਕਿੱਥੇ ਰੱਖਾਂ, ਤਾਂ ਮੈਨੇਜਰ ਹੱਸ ਪਿਆ ਅਤੇ ਉਹਨੇ ਕਿਸੇ ਹੋਰ ਲੜਕੇ ਨੂੰ ਬੇਨਤੀ ਕੀਤੀ ਜੋ ਮੈਨੂੰ ਆਪਣੇ ਘਰ ਲੈ ਗਿਆ। ਉਹ ਇੱਕ ਕਮਰੇ ’ਚ ਇਕੱਲਾ ਰਹਿੰਦਾ ਸੀ। ਹੁਣ ਕਿਰਾਇਆ ਅੱਧਾ-ਅੱਧਾ ਹੋ ਗਿਆ। ਉਹ ਵੀ ਖੁਸ਼, ਮੈਂ ਵੀ ਖੁਸ਼ ਪਰ ਮਾਲਕ ਮਕਾਨ ਬੁੱਢੀ ਮਾਤਾ ਸੀ ਜੋ ਆਪਣਾ ਨਿਤਨੇਮ ਬਾਥਰੂਮ ਵਿੱਚ ਹੀ ਕਰਦੀ ਸੀ। ਨਾਲੇ ਉਹਨੂੰ ਮੇਰੇ ਟਰਾਂਜ਼ਿਸਟਰ ’ਤੇ ਇਤਰਾਜ਼ ਸੀ ਕਿ ਇਹ ਜ਼ਰੂਰ ਬਿਜਲੀ ਨਾਲ ਹੀ ਚੱਲਦਾ ਹੋਵੇਗਾ ਅਤੇ ਇਸ ਦਾ ਵੱਖਰਾ ਖਰਚਾ ਦੇਣਾ ਹੋਵੇਗਾ। ਗੱਲ ਕੀ, ਕਮਰਾ ਬਦਲਣਾ ਪਿਆ।
ਦਫ਼ਤਰ ਵਿੱਚ ਮੇਰੀ ਡਰਾਫਟਿੰਗ ਮੁਤੱਲਕ ਕਦੇ ਕੋਈ ਇਤਰਾਜ਼ ਜਾਂ ਸ਼ਿਕਾਇਤ ਨਹੀਂ ਹੋਈ। ਮੈਨੂੰ ਯਾਦ ਹੈ ਕਿ ਹਰ ਇੱਕ ਨੂੰ ਚਾਰ-ਚਾਰ ਪੰਜ-ਪੰਜ ਹਜ਼ਾਰ ਪਾਲਿਸੀ ਨੰਬਰ ਅਲਾਟ ਹੋਏ ਸਨ। ਜੇ ਕੋਈ ਪੱਤਰ ਆਉਂਦਾ ਸੀ ਜਾਂ ਕੋਈ ਸ਼ਿਕਾਇਤ ਹੁੰਦੀ ਸੀ ਤਾਂ ਜਿਸ ਦਾ ਜ਼ਿੰਮਾ ਬਣਦਾ ਸੀ, ਉਸੇ ਨੇ ਉਹਦਾ ਨਿਬੇੜਾ ਕਰਨਾ ਹੁੰਦਾ ਸੀ। ਹਰ ਪਾਲਿਸੀ ਹੋਲਡਰ ਦੀ ਬੜੇ ਮਜ਼ਬੂਤ ਵਾਟਰ-ਪਰੂਫ ਕਾਗਜ਼ ਦੀ ਲਿਫ਼ਾਫ਼ਾਨੁਮਾ ਫ਼ਾਈਲ ਹੁੰਦੀ ਸੀ। ਮੈਂ ਬੜੇ ਕੈਲੀਗ੍ਰਾਫਿਕ ਸਟਾਈਲ ਵਿੱਚ ਪਾਲਿਸੀ ਨੰਬਰ ਲਿਖਣ ਦੀ ਪਰੰਪਰਾ ਪਾਈ।
ਉਦੋਂ ਕੁ ਹੀ ਪਹਿਲੀ ਅਪਰੈਲ 1957 ਤੋਂ ਭਾਰਤੀ ਕਰੰਸੀ ਦਾ ਦਸ਼ਮਲਵੀਕਰਨ ਹੋਇਆ ਸੀ। ਪਹਿਲਾਂ ਰੁਪਏ ਨੂੰ 16 ਹਿੱਸਿਆਂ ’ਚ ਵੰਡਿਆ ਹੋਇਆ ਸੀ, ਹਰ ਹਿੱਸੇ ਨੂੰ ਆਨਾ ਕਹਿੰਦੇ ਸਨ ਅਤੇ ਇੱਕ ਆਨੇ ਦੇ ਚਾਰ ਪੈਸੇ ਹੁੰਦੇ ਸਨ। ਨਵੇਂ ਸਿਸਟਮ ਅਧੀਨ ਰੁਪਏ ਨੂੰ ਸੌ ਹਿੱਸਿਆਂ ’ਚ ਵੰਡਿਆ ਗਿਆ ਅਤੇ ਇੱਕ ਹਿੱਸੇ ਨੂੰ ‘ਨਵਾਂ ਪੈਸਾ’ ਆਖਿਆ ਜਾਣਾ ਸ਼ੁਰੂ ਹੋਇਆ। ਕੰਮਕਾਜ ਖ਼ਾਤਿਰ ਜਿਥੇ ਇੱਕ ਆਨਾ ਲੈਣਾ-ਦੇਣਾ ਹੋਵੇ, ਉਥੇ ਛੇ ਪੈਸੇ, ਦੋ ਆਨਿਆਂ ਦੇ ਬਰਾਬਰ ਬਾਰਾਂ ਪੈਸੇ ਪਰ ਝਗੜਾ ਨਾ ਹੋਵੇ, ਇਸ ਲਈ ਤਿੰਨ ਆਨਿਆਂ ਲਈ 19 ਪੈਸੇ ਮੰਨੇ ਜਾਣ ਲੱਗੇ।
ਪਾਲਿਸੀ ਹੋਲਡਰਾਂ ਦੇ ਜਮ੍ਹਾਂ ਕਰਵਾਏ ਹੋਏ ਪ੍ਰੀਮੀਅਮਾਂ ਦੀਆਂ ਪੱਕੀਆਂ ਰਸੀਦਾਂ ਸਾਨੂੰ ਦਿੱਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਰਕਮਾਂ ਨੂੰ ਵੱਡੀਆਂ-ਵੱਡੀਆਂ ਤੇ ਵਜ਼ਨੀ ਲੈਜਰਾਂ ਵਿੱਚ ਪੋਸਟ ਕਰ ਕੇ ਅੱਗੇ ਆਪਣੇ ਦਸਤਖ਼ਤ ਕਰਦੇ ਸਾਂ। ਇੱਕ ਵਾਰੀ ਇੱਕ ਪਾਲਿਸੀ ਹੋਲਡਰ ਜਿਸ ਦਾ ਪ੍ਰੀਮੀਅਮ 24 ਰੁਪਏ 3 ਆਨੇ ਹੁੰਦਾ ਸੀ, ਉਸ ਦੀ ਰਸੀਦ 24.18, ਭਾਵ, ਚੌਵੀ ਰੁਪਏ 18 ਪੈਸੇ ਦੀ ਕੱਟੀ ਹੋਈ ਸੀ। ਮੈਂ ਉਹ ਲੈਜਰ ’ਤੇ ਚੜ੍ਹਾ ਦਿੱਤੀ। ਨਿਯਮਾਂ ਅਧੀਨ ਠੀਕ ਰਕਮ ਰੁਪਏ 24.19 ਪੈਸੇ ਬਣਦੀ ਸੀ, ਇਉਂ ਇੱਕ ਨਵਾਂ ਪੈਸਾ ਘੱਟ ਜਮ੍ਹਾਂ ਹੋਇਆ ਸੀ। ਇਸ ਮਸਲੇ ਨੂੰ ਮੇਰੇ ਸੈਕਸ਼ਨ ਹੈੱਡ ਨੇ ਐਨਾ ਤੂਲ ਦਿੱਤਾ ਕਿ ਮੈਂ ਰੋਣਹਾਕਾ ਹੋ ਗਿਆ। ਮੈਂ ਆਖਿਆ ਵੀ ਕਿ ਇੱਕ ਪੈਸੇ ਦੀ ਰਸੀਦ ਕਟਵਾ ਲੈਂਦਾ ਹਾਂ ਪਰ ਨਹੀਂ। ਮੈਨੂੰ ਲਿਖਤੀ ਹੁਕਮ ਹੋਇਆ ਕਿ “ਪੂਰੀ ਰਕਮ ਦੀ ਰਸੀਦ ਨਾ ਹੋਣ ਦੇ ਬਾਵਜੂਦ ਲੈਜਰ ’ਤੇ ਐਂਟਰੀ ਕਿਉਂ ਕੀਤੀ ਅਤੇ ਕਿਉਂ ਨਾ ਤੁਹਾਡੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ?” ਮੈਂ ਲਿਖਤੀ ਸਪਸ਼ਟੀਕਰਨ ਦਿੱਤਾ, ਮੁਆਫ਼ੀ ਮੰਗੀ ਅਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਦਾ ਭਰੋਸਾ ਦਿਵਾਇਆ; ਤਾਂ ਵੀ ਮੈਨੂੰ ਕਿਹਾ ਗਿਆ ਕਿ ਪਾਰਟੀ ਪਾਸੋਂ ਬਕਾਇਆ ਰਕਮ ਮੰਗਵਾਈ ਜਾਵੇ। ਮੈਂ ਉਸ ਪਾਲਿਸੀ ਹੋਲਡਰ ਨੂੰ ਚਿੱਠੀ ਦਾ ਡਰਾਫਟ ਬਣਾਇਆ, ਸੈਕਸ਼ਨ ਹੈੱਡ ਪਾਸੋਂ ਪਰਵਾਨ ਕਰਵਾਇਆ, ਟਾਈਪ ਕਰਵਾਇਆ, ਕਾਰਪੋਰੇਸ਼ਨ ਦੇ ਵਿੰਡੋ-ਟਾਈਪ ਲਿਫ਼ਾਫ਼ੇ ਵਿੱਚ ਪਾਇਆ, ਦਸ ਪੈਸੇ ਦੀ ਟਿਕਟ ਲਵਾਈ ਤੇ ਖ਼ਤ ਡਾਕ ਵਿੱਚ ਪਾ ਦਿੱਤਾ। ਅਗਾਂਹ ਕੀ ਹੋਇਆ, ਉਸ ਸ਼ਖ਼ਸ ਨੇ ਇੱਕ ਪੈਸੇ ਦਾ ਮਨੀਆਡਰ ਕਰਵਾਇਆ, ਅਸੀਂ ਪ੍ਰਾਪਤੀ ਦੀ ਰਸੀਦ ਕੱਟੀ, ਪੁਰਾਣੀ ਰਸੀਦ ਨਾਲ ਲਾਈ ਤਾਂ ਜਾ ਕੇ ਗੱਲ ਠੰਢੀ ਹੋਈ ਪਰ ਮੇਰਾ ਮਨ ਬੜਾ ਦੁਖੀ ਹੋਇਆ। ਮੈਂ ਨਵਾਂ-ਨਵਾਂ ਹੀ ਸਾਂ, ਦੋ ਕੁ ਮਹੀਨੇ ਹੀ ਲੰਘੇ ਸਨ। ਮੈਂ ਖੁਸ਼ਖਤ ਅੰਗਰੇਜ਼ੀ ਵਿੱਚ ਅਸਤੀਫ਼ਾ ਦੇ ਦਿੱਤਾ ਅਤੇ ਬਹੁਤ ਹੀ ਹਰਮਨਪਿਆਰੀ ਮਾਇਆ ਨਗਰੀ ਤੋਂ ਫਾਰਗ ਹੋ ਗਿਆ।

Advertisement
Advertisement

Advertisement
Author Image

Jasvir Samar

View all posts

Advertisement