ਮਾਂ-ਬੋਲੀ ਦਾ ਸਨਮਾਨ ਹਰ ਪੰਜਾਬੀ ਦਾ ਫ਼ਰਜ਼: ਬਾਲ ਮੁਕੰਦ ਸ਼ਰਮਾ
ਦਲਬੀਰ ਸੱਖੋਵਾਲੀਆ
ਬਟਾਲਾ, 2 ਫਰਵਰੀ
ਸੂਬਾ ਇਕਾਈ ਜਗਤ ਪੰਜਾਬੀ ਸਭਾ ਵੱਲੋਂ ਰਾਜ-ਪੱਧਰੀ ਸਾਹਿਤਕ ਸੰਮੇਲਨ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸੰਮੇਲਨ ਵਿੱਚ ਹੋਰਨਾ 12 ਜ਼ਿਲ੍ਹਿਆਂ ਤੋਂ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲਗਪਗ 80 ਹਸਤੀਆਂ ਸਮੇਤ ਹੋਰ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਵਾਲ਼ੀਆਂ ਸੰਸਥਾਵਾਂ ਦੇ ਮੁੱਖੀਆਂ ਨੇ ਹਾਜ਼ਰੀ ਭਰੀ। ਮੁੱਖ ਮਹਿਮਾਨ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਡੀਸੀ ਉਮਾ ਸ਼ੰਕਰ ਗੁਪਤਾ, ਏਡੀਸੀ (ਜ) ਡਾ. ਹਰਜਿੰਦਰ ਸਿੰਘ ਬੇਦੀ ਨੇ ਸ਼ਖ਼ਸੀਅਤਾਂ ਦਾ ਸਨਮਾਨਿਤ ਕੀਤਾ।
ਇਸ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਹਰ ਪੰਜਾਬੀ ਦਾ ਫ਼ਰਜ਼ ਹੈ ਕਿ ਮਾਂ-ਬੋਲੀ ਪੰਜਾਬੀ ਦਾ ਸਨਮਾਨ ਕਰਦਾ ਰਹੇ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਭਵਿੱਖ ਵਿੱਚ ਵੀ ਸਾਡੇ ਲੇਖਕਾਂ ਦੀਆਂ ਲਿਖਤਾਂ ਅਤੇ ਕਿਤਾਬਾਂ ਦੇ ਮਾਧਿਅਮ ਰਾਹੀਂ ਹਮੇਸ਼ਾ ਜਿਊਂਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਚਨਬੱਧ ਹੈ। ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ ਨੇ ਵੀ ਵੀ ਵਿਚਾਰ ਰੱਖੇ। ਇਸ ਦੌਰਾਨ ਨਿਰਦੇਸ਼ਕ ਅਤੇ ਅਦਾਕਾਰ ਰੰਗ ਹਰਜਿੰਦਰ ਫ਼ਰੀਦਕੋਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਚੀਫ ਹਰੀ ਸਿੰਘ ਜਾਚਕ, ਗਾਇਕ ਅਨੋਖ ਔਜਲਾ, ਪ੍ਰਵੀਨ ਸੰਧੂ ਪ੍ਰਧਾਨ ਪੀਐੱਸ ਆਰਟਸ ਐਂਡ ਕਲਚਰਲ ਸਾਹਿਤ ਸੁਸਾਇਟੀ ਚੰਡੀਗੜ੍ਹ, ਅਦਾਕਾਰ ਗਗਨਦੀਪ ਸਿੰਘ ਫ਼ਰੀਦਕੋਟ, ਗੁਰਪ੍ਰੀਤ ਸਿੰਘ ਰੂਪਰਾ, ਡਾ. ਇੰਦਰਪ੍ਰੀਤ ਸਿੰਘ ਧਾਮੀ, ਜਗਤਾਰ ਸਿੰਘ ਸੋਖੀ, ਸਿਮਰਨ ਧਾਲੀਵਾਲ, ਰਮਨ ਸੰਧੂ, ਪਰਮਿੰਦਰ ਕੌਰ ਇੰਚਾਰਜ ਪੰਜਾਬੀ ਭਾਸ਼ਾ ਵਿਕਾਸ ਸੈੱਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾ ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ ਅਜੈਬ ਸਿੰਘ ਚੱਠਾ ਨੇ ਵੀ ਵਿਚਾਰ ਰੱਖੇ।