For the best experience, open
https://m.punjabitribuneonline.com
on your mobile browser.
Advertisement

ਮਾਂ ਬੋਲੀ ਦਾ ਮਹੱਤਵ ਤੇ ਵਿਕਾਸ

04:17 AM Feb 23, 2025 IST
ਮਾਂ ਬੋਲੀ ਦਾ ਮਹੱਤਵ ਤੇ ਵਿਕਾਸ
Advertisement

ਡਾ. ਇਕਬਾਲ ਸੋਮੀਆਂ

Advertisement

ਇਹ ਤੱਥ ਸਾਰੇ ਜਾਣਦੇ ਹਨ ਕਿ ਕਿਸੇ ਰੁੱਖ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਹੋਣਗੀਆਂ ਓਨੀ ਹੀ ਝੱਖੜਾਂ-ਤੂਫ਼ਾਨਾਂ ਦਾ ਸਾਹਮਣਾ ਕਰਨ ਦੀ ਉਸ ਰੁੱਖ ਵਿੱਚ ਸ਼ਕਤੀ ਹੋਵੇਗੀ। ਮਾਂ ਬੋਲੀ ਦੇ ਸਬੰਧ ਵਿੱਚ ਵੀ ਇਹ ਤੱਥ ਸੋਲ੍ਹਾਂ ਆਨੇ ਸੱਚ ਹੈ। ਦੁਨੀਆ ਭਰ ਦੇ ਮਹਾਨ ਲੇਖਕਾਂ, ਸਿੱਖਿਆ-ਸ਼ਾਸਤਰੀਆਂ, ਵਿਦਵਾਨਾਂ ਤੇ ਵਿਗਿਆਨੀਆਂ ਨੇ ਇਸ ਤੱਥ ਨੂੰ ਆਪਣੇ ਤਜਰਬਿਆਂ ਰਾਹੀਂ ਬੋਲਾਂ ਤੇ ਲਿਖਤਾਂ ਵਿੱਚ ਪ੍ਰਗਟਾਇਆ ਹੈ। ਰਸੂਲ ਹਮਜ਼ਾਤੋਵ ਨੂੰ ਚਾਹੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਵੀ ਆਉਂਦੀਆਂ ਸਨ ਪਰ ਉਸ ਨੂੰ ਆਪਣੀ ਮਾਂ ਬੋਲੀ ‘ਅਵਾਰ’ ਵਿੱਚ ਗੱਲ ਕਰਨਾ ਹੀ ਪਿਆਰਾ ਲੱਗਦਾ ਸੀ। ਉਹ ਤਾਂ ਆਪਣੀ ਰਚਨਾ ‘ਮੇਰਾ ਦਾਗਿਸਤਾਨ’ ਵਿੱਚ ਇਹ ਵੀ ਦੱਸਦਾ ਹੈ ਕਿ ਉੱਥੇ ਜੇ ਕਿਸੇ ਨੂੰ ਗਾਲ੍ਹ ਦੇਣੀ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ “ਜਾਹ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਏ।”
ਯੂਨੈਸਕੋ ਨੇ 1968 ਵਿੱਚ ਇੱਕ ਰਿਪੋਰਟ ’ਚ ਇਹ ਅਧਿਐਨ ਪੇਸ਼ ਕੀਤਾ ਕਿ “ਮਾਤ-ਭਾਸ਼ਾ ਦੀ ਸਿੱਖਿਆ ਲਈ ਵਰਤੋਂ ਜਿੰਨੀ ਦੂਰ ਤੱਕ ਸੰਭਵ ਹੋ ਸਕੇ ਓਨੀ ਦੂਰ ਤੱਕ ਕੀਤੀ ਜਾਵੇ।” ਅਫ਼ਰੀਕੀ ਲੇਖਕ ਨਗੂਗੀ ਵਾ ਥਿਓਂਗੋ ਦਾ ਕਥਨ ਹੈ ਕਿ “ਜੇਕਰ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਆਉਂਦੀਆਂ ਹਨ ਪਰ ਤੁਹਾਨੂੰ ਆਪਣੀ ਮਾਂ-ਬੋਲੀ ਜਾਂ ਆਪਣੇ ਸੱਭਿਆਚਾਰ ਦੀ ਭਾਸ਼ਾ ਨਹੀਂ ਆਉਂਦੀ ਤਾਂ ਇਸ ਨੂੰ ਗ਼ੁਲਾਮੀ ਕਹਿੰਦੇ ਹਨ।”
ਬਾਬਾ ਫ਼ਰੀਦ ਵਰਗੇ ਮਹਾਂਪੁਰਖਾਂ ਦੁਆਰਾ ਆਪਣੀ ਬੋਲੀ ਵਿੱਚ ਰਚਨਾ ਕਰਨਾ ਉਨ੍ਹਾਂ ਦੁਆਰਾ ਮਾਂ-ਬੋਲੀ ਨਾਲ ਪ੍ਰਗਟਾਇਆ ਪਿਆਰ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸਮਿਆਂ ਦੀ ਸਰਕਾਰੀ ਭਾਸ਼ਾ ਫ਼ਾਰਸੀ ਦੀ ਬਜਾਏ ਲੋਕਾਂ ਦੀ ਆਮ ਬੋਲਚਾਲ ਦੀ ਬੋਲੀ ਪੰਜਾਬੀ ਵਿੱਚ ਬਾਣੀ ਰਚੀ। ਉਨ੍ਹਾਂ ਨੇ ਲੋਕਾਂ ਨੂੰ ਫ਼ਾਰਸੀ ਨੂੰ ਬਾਹਰਲੀ ਬੋਲੀ ਆਖਦਿਆਂ ਲਿਖਿਆ:
ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ।।
ਅਜੋਕੇ ਸਮਿਆਂ ਵਿੱਚ ਵੀ ਭਾਸ਼ਾ ਖੋਜ ਨਾਲ ਸਬੰਧਿਤ ਸੰਸਥਾਵਾਂ ਦੀਆਂ ਮਾਂ ਬੋਲੀ ਨਾਲ ਸਬੰਧਿਤ ਸੰਸਥਾਵਾਂ ਦੀਆਂ ਖੋਜਾਂ ਤੇ ਸਰਵੇਖਣਾਂ ਦੀਆਂ ਰਿਪੋਰਟਾਂ ਨੇ ਵੀ ਮਾਂ ਬੋਲੀ ਦੀ ਮਹੱਤਤਾ ਨੂੰ ਸਿੱਧ ਕੀਤਾ ਹੈ। ਮਾਂ ਬੋਲੀ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹੀ ਹੋਰ ਭਾਸ਼ਾਵਾਂ ਦਾ ਗਿਆਨ- ਉਸ ਦੀ ਸ਼ਬਦਾਵਲੀ, ਵਿਆਕਰਨ ਆਦਿ ਚੰਗੀ ਤਰ੍ਹਾਂ ਸਮਝ ਸਕਣ ਦੇ ਕਾਬਲ ਬਣਦਾ ਹੈ। ਮਾਂ ਬੋਲੀ ਵਿੱਚ ਪ੍ਰਾਪਤ ਗਿਆਨ ਨਾਲ ਬੱਚਾ ਸ਼ਸ਼ੋਪੰਜ ਵਿੱਚ ਨਹੀਂ ਰਹਿੰਦਾ ਕਿ ਕਿਹੜੀ ਵਸਤ ਜਾਂ ਸੰਕਲਪ ਲਈ ਕੀ ਸ਼ਬਦ ਵਰਤਣਾ ਹੈ। ਇਸ ਤਰ੍ਹਾਂ ਉਸ ਦਾ ਆਤਮ-ਵਿਸ਼ਵਾਸ ਵੀ ਵਧੀਆ ਬਣਿਆ ਰਹਿੰਦਾ ਹੈ ਤੇ ਉਸ ਦੀ ਵਿਸ਼ੇ ’ਤੇ ਪਕੜ ਵੀ ਪੀਡੀ ਹੁੰਦੀ ਹੈ।
ਦੁਨੀਆ ਭਰ ਵਿੱਚ ਅੰਗਰੇਜ਼ੀ ਭਾਸ਼ਾ ਸਿਖਾਉਣ ਤੇ ਆਈਲਜ਼ ਦਾ ਸੰਚਾਲਨ ਕਰਨ ਵਾਲੀ ਇੰਗਲੈਂਡ ਦੀ ਸੰਸਥਾ ‘ਬ੍ਰਿਟਿਸ਼ ਕੌਂਸਲ’ ਦੀ ਪ੍ਰਕਾਸ਼ਿਤ ਕਿਤਾਬ ਰੂਪੀ ਰਿਪੋਰਟ ‘ਇੰਗਲਿਸ਼ ਲੈਂਗੁਏਜ ਐਂਡ ਮੀਡੀਅਮ ਆਫ ਇੰਸਟਰਕਸ਼ਨ ਇਨ ਬੇਸਿਕ ਐਜੂਕੇਸ਼ਨ’ ਵਿਸ਼ੇਸ਼ ਅਹਿਮੀਅਤ ਰੱਖਦੀ ਹੈ ਜਿਸ ਵਿੱਚ ਖੋਜਕਰਤਾ ਜੌਹਨ ਸਿੰਪਸਨ ਨੇ ਇਹ ਸਾਫ਼ ਲਿਖਿਆ ਹੈ ਕਿ “ਜੇਕਰ ਵਿਕਾਸਸ਼ੀਲ ਮੁਲਕ ਦਾ ਬੱਚਾ ਅੰਗਰੇਜ਼ੀ ਦੀ ਬਜਾਏ ਆਪਣੀ ਮਾਂ ਬੋਲੀ ਵਿੱਚ ਪੜ੍ਹਦਾ ਹੈ ਤਾਂ ਉਹ ਵਧੇਰੇ ਵਧੀਆ ਤਰੀਕੇ ਨਾਲ ਗਿਆਨ ਹਾਸਲ ਕਰਦਾ ਹੈ ਤੇ ਉਹ ਅਕਾਦਮਿਕ ਤੌਰ ’ਤੇ ਸਫਲਤਾ ਪ੍ਰਾਪਤ ਕਰਨ ਦੇ ਨਾਲ-ਨਾਲ ਆਰਥਿਕ ਤੇ ਸਮਾਜਿਕ ਤੌਰ ’ਤੇ ਵੀ ਫ਼ਾਇਦੇ ਵਿੱਚ ਰਹਿੰਦਾ ਹੈ।”
ਅਸੀਂ ਸਭ ਥਾਂ ਆਪਣੇ ਘਰ, ਆਪਣੇ ਕੱਪੜਿਆਂ, ਆਪਣੇ ਸਰੀਰ, ਆਪਣੇ ਵਿਹਾਰ, ਆਪਣੇ ਘਰ ਦੇ ਜੀਆਂ ਨੂੰ, ਧਰਮ ਤੇ ਸੱਭਿਆਚਾਰ ਨੂੰ ਹੋਰਾਂ ਨਾਲੋਂ ਉੱਤਮ ਦੱਸਦੇ ਹਾਂ, ਫਿਰ ਇਹ ਕਿਉਂ ਕਿ ਅਸੀਂ ਦੂਜੀ, ਤੀਜੀ ਬੋਲੀ ਨੂੰ ਪਹਿਲ ਦਿੰਦੇ ਹਾਂ ਤੇ ਆਪਣੀ ਮਾਂ ਬੋਲੀ ਵਿੱਚ ਬੋਲਦੇ, ਲਿਖਦੇ ਸ਼ਰਮ ਮਹਿਸੂਸ ਕਰਦੇ ਹਾਂ? ਇਹ ਹੀਣ ਭਾਵਨਾ ਸਾਡੇ ਵਿੱਚ ਕਿਉਂ ਹੈ?
ਬਾਬਾ ਫ਼ਰੀਦ ਜੀ ਦਾ ਸਲੋਕ ਹੈ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।
ਉਨ੍ਹਾਂ ਨੇ ਕਿਸੇ ਪਰਾਏ ਦੇ ਆਸਰੇ ਰਹਿਣ ਨਾਲੋਂ ਮੌਤ ਨੂੰ ਚੰਗਾ ਦੱਸਿਆ ਹੈ। ਪਰ ਕੀ ਪੰਜਾਬੀ ਹੁਣ ਆਪਣੇ ਪੈਰਾਂ ’ਤੇ ਖਲੋਣ ਜੋਗੇ ਨਹੀਂ ਰਹੇ ਜੋ ਆਪਣੇ ਆਪ ਨੂੰ ਹੀਣਾ ਸਮਝ ਰਹੇ ਹਨ?
ਜੇ ਅਸੀਂ ਇਹ ਸੋਚਦੇ ਹਾਂ ਕਿ ਅੰਗਰੇਜ਼ੀ ਵਿੱਚ ਪੜ੍ਹ ਕੇ ਸਭ ਨੂੰ ਰੁਜ਼ਗਾਰ ਮਿਲ ਜਾਵੇਗਾ ਤਾਂ ਉਹ ਕਿਵੇਂ? ਮੰਨ ਲਵੋ ਜੇਕਰ ਕੋਈ ਅੰਗਰੇਜ਼ੀ ਮਾਧਿਅਮ ਪੜ੍ਹਿਆ ਵਿਅਕਤੀ ਬੈਂਕ ਵਿੱਚ ਨੌਕਰੀ ਕਰਦਾ ਹੈ ਤਾਂ ਕੀ ਉਸ ਦਾ ਸਿਰਫ਼ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨਾਲ ਹੀ ਵਾਹ ਪਵੇਗਾ? ਕੀ ਅਸੀਂ ਅੰਗਰੇਜ਼ੀ ਵਿਦੇਸ਼ ਜਾ ਕੇ ਪੜ੍ਹਨ ਜਾਂ ਨੌਕਰੀ ਕਰਨ ਲਈ ਪੜ੍ਹ ਰਹੇ ਹਾਂ? ਜੇ ਇਹ ਸਵਾਲ ਹੈ ਤਾਂ ਫਿਰ ਕੀ ਸਾਰੇ ਅੰਗਰੇਜ਼ੀ ਪੜ੍ਹ ਕੇ ਵਿਦੇਸ਼ ਚਲੇ ਜਾਂਦੇ ਹਨ? ਜਂ ਫਿਰ ਕੀ ਜਾਣ ਜੋਗੇ ਹਨ? ਇਹ ਵੀ ਤੱਥ ਹੈ ਕਿ ਦੁਨੀਆ ਦੇ ਵਿਕਸਿਤ ਮੁਲਕਾਂ ਨੇ ਆਪਣੇ ਕਾਰੋਬਾਰ, ਸਿੱਖਿਆ, ਵਪਾਰ ਆਦਿ ਖੇਤਰਾਂ ਵਿੱਚ ਆਪਣੀ ਮਾਂ ਬੋਲੀ ਦੀ ਵਰਤੋਂ ਨੂੰ ਪਹਿਲ ਦਿੱਤੀ ਹੈ।
ਇਹ ਨਹੀਂ ਕਿ ਦੂਜੀ, ਤੀਜੀ, ਚੌਥੀ ਭਾਸ਼ਾ ਸਿੱਖਣੀ ਨਹੀਂ ਚਾਹੀਦੀ ਸਗੋਂ ਵਿਅਕਤੀ ਨੂੰ ਸੰਸਾਰਕ ਪੱਧਰ ਦਾ ਗਿਆਨ ਹਾਸਲ ਕਰਨ ਲਈ ਹੋਰ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ, ਪਰ ਪਹਿਲਾਂ ਆਪਣੀ ਮਾਂ ਬੋਲੀ ਉੱਪਰ ਪਕੜ ਬਣਾਉਣੀ ਲਾਜ਼ਮੀ ਹੈ। ਇਸੇ ਲਈ ਵਧੇਰੇ ਮਨੋਵਿਗਿਆਨੀ ਤੇ ਸਿੱਖਿਆ ਸ਼ਾਸਤਰੀ ਬੱਚੇ ਨੂੰ ਪ੍ਰਾਇਮਰੀ ਪੱਧਰ ਤੱਕ ਮਾਂ ਬੋਲੀ ਵਿੱਚ ਪੜ੍ਹਾਉਣ ਦੀ ਸਿਫ਼ਾਰਿਸ਼ ਕਰਦੇ ਹਨ। ਉਸ ਤੋਂ ਬਾਅਦ ਦੂਜੀ ਤੇ ਫਿਰ ਤੀਜੀ ਭਾਸ਼ਾ ਸਿੱਖਣੀ ਚਾਹੀਦੀ ਹੈ।
ਇਹ ਸਵਾਲ ਕੁਝ ਵਿਚਾਰਨ ਦੀ ਮੰਗ ਕਰਦੇ ਹਨ ਕਿ ਕੀ ਹੋਰਾਂ ਭਾਸ਼ਾਵਾਂ ਨੂੰ ਵਧੇਰੇ ਤਰਜੀਹ ਦੇ ਕੇ ਤੇ ਆਪਣੀ ਮਾਂ ਬੋਲੀ ਦਾ ਗਲ਼ਾ ਘੁੱਟ ਕੇ ਅਸੀਂ ਗਲੋਬਲੀ ਪਿੰਡ ਵਿੱਚ ਆਪਣੇ ਪਿੰਡ ਦੀ ਵਿਲੱਖਣ ਹੋਂਦ ਨੂੰ ਤਾਂ ਨਹੀਂ ਮਿਟਾ ਰਹੇ? ਕੀ ਅਸੀਂ ਆਪਣੇ ਸੱਭਿਆਚਾਰ ਨੂੰ ਹੀਣਾ ਸਮਝਦੇ ਹਾਂ ਜਾਂ ਫਿਰ ਕਦੇ-ਕਦਾਈਂ ਸੱਭਿਆਚਾਰ ਦੀ ਗੱਲ ਕਰਕੇ ਹੇਰਵਾ ਮਹਿਸੂਸ ਕਰਦੇ ਹਾਂ? ਕੀ ਅਸੀਂ ਦੋਗ਼ਲੇ ਕਿਰਦਾਰਾਂ ਵਾਲੇ ਹਾਂ?
ਬੇਸ਼ੱਕ, ਸਰਕਾਰਾਂ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਅਜਿਹੀਆਂ ਨੀਤੀਆਂ ਤੇ ਕਾਨੂੰਨ ਘੜਨ ਤਾਂ ਜੋ ਲੋਕਾਂ ਦਾ ਵਿਲੱਖਣ ਸੱਭਿਆਚਾਰ ਉਸਾਰੂ ਰੂਪ ਵਿੱਚ ਸੁਰੱਖਿਅਤ ਬਣਿਆ ਰਹੇ। ਇਹ ਨਹੀਂ ਕਿ ਘੱਟਗਿਣਤੀਆਂ ਦਾ ਸੱਭਿਆਚਾਰ ਹੀਣਾ ਕਹਿ ਕੇ ਨਿੰਦਿਆ ਜਾਵੇ ਜਾਂ ਫਿਰ ਉਨ੍ਹਾਂ ਦੇ ਸਾਹਿਤ ਤੇ ਸੱਭਿਆਚਾਰ ਨੂੰ ਅੱਖੋਂ ਪਰੋਖੇ ਕਰ ਕੇ ਕੋਝੀਆਂ ਨੀਤੀਆਂ ਦਾ ਸ਼ਿਕਾਰ ਬਣਾਇਆ ਜਾਏ।
ਪੰਜਾਬ ਸਰਕਾਰ ਦੁਆਰਾ ਮਾਂ ਬੋਲੀ ਵਿੱਚ ਕੰਮਕਾਜ ਕਰਨ ਅਤੇ ਬੋਰਡਾਂ ਉੱਪਰ ਪੰਜਾਬੀ ਵਿੱਚ ਲਿਖਵਾਉਣ ਲਈ ਨੌਕਰਸ਼ਾਹੀ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਇਹ ਵਧੀਆ ਉਪਰਾਲਾ ਹੈ, ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਨਿੱਜੀ ਤੇ ਕੇਂਦਰੀ ਬੋਰਡ ਵਾਲੇ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਲਈ ਸਖ਼ਤੀ ਨਾਲ ਕਾਰਵਾਈ ਕਰਨ ਦੀ ਲੋੜ ਹੈ। ਇਹ ਬੜੀ ਸ਼ਰਮਨਾਕ ਗੱਲ ਹੈ ਕਿ ਆਪਣੇ ਅਖੌਤੀ ਮਿਆਰਾਂ ਨੂੰ ਉੱਚਾ ਦੱਸਦੇ ਨਿੱਜੀ ਸਕੂਲ ਬੱਚਿਆਂ ਨੂੰ ਪੰਜਾਬੀ ਬੋਲਣ ’ਤੇ ਜੁਰਮਾਨਾ ਜਾਂ ਸਜ਼ਾ ਦਿੰਦੇ ਹਨ। ਇਸੇ ਕਰਕੇ ਪਦਮ ਸ੍ਰੀ ਕਵੀ ਸੁਰਜੀਤ ਪਾਤਰ ਨੂੰ ਇਹ ਦੁਖਾਂਤ ਆਪਣੀ ਕਵਿਤਾ ਵਿੱਚ ਇਹ ਲਿਖ ਕੇ ਪੇਸ਼ ਕਰਨਾ ਪਿਆ ਸੀ:
ਚੀਂ ਚੀਂ ਕਰਦੀਆਂ ਚਿੜੀਆਂ ਦਾ
ਕਲ ਕਲ ਕਰਦੀਆਂ ਨਦੀਆਂ ਦਾ,
ਸ਼ਾਂ ਸ਼ਾਂ ਕਰਦੇ ਬਿਰਖਾਂ ਦਾ,
ਆਪਣਾ ਹੀ ਇੱਕ ਤਰਾਨਾ ਹੁੰਦਾ ਹੈ।
ਮੈਂ ਸੁਣਿਆ ਹੈ ਇਸ ਧਰਤੀ ’ਤੇ
ਇੱਕ ਅਜਿਹਾ ਦੇਸ਼ ਵੀ ਹੈ
ਜਿੱਥੇ ਬੱਚਿਆਂ ਨੂੰ ਆਪਣੀ ਹੀ
ਮਾਂ ਬੋਲੀ ਬੋਲਣ ’ਤੇ ਜੁਰਮਾਨਾ ਹੁੰਦਾ ਹੈ।
ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਵਰਗੇ ਪੰਜਾਬੀ ਬੋਲਦੇ ਖਿੱਤਿਆਂ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਮਾਂ ਬੋਲੀ ਨੂੰ ਰੁਜ਼ਗਾਰ, ਵਪਾਰ ਤੇ ਸਰਕਾਰੀ ਕੰਮਕਾਜ ਦੀ ਭਾਸ਼ਾ ਬਣਾਇਆ ਜਾਵੇ ਤੇ ਕੰਮਕਾਜ ਪੰਜਾਬੀ ਵਿੱਚ ਨਾ ਕਰਨ ਵਾਲਿਆਂ ਉੱਪਰ ਸਖ਼ਤ ਕਾਰਵਾਈ ਹੋਵੇ। ਸਕੂਲ ਅਤੇ ਉਚੇਰੀ ਸਿੱਖਿਆ ਵਿੱਚ ਖਾਲੀ ਪਈਆਂ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਰੈਗੂਲਰ ਤੌਰ ’ਤੇ ਭਰੀਆਂ ਜਾਣ; ਹੋਰਾਂ ਰਾਜਾਂ ਦੀ ਤਰ੍ਹਾਂ ਲਾਇਬ੍ਰੇਰੀ ਐਕਟ ਬਣਾਇਆ ਜਾਵੇ ਜਿਸ ਤਹਿਤ ਪੰਜਾਬ ਦੇ ਹਰ ਪਿੰਡ ਵਿੱਚ ਲਾਇਬ੍ਰੇਰੀ ਬਣਾਈ ਜਾਵੇ ਤਾਂ ਜੋ ਲੋਕਾਂ ਦੀ ਪੜ੍ਹਨ ਰੁਚੀ ਵਿੱਚ ਵਾਧਾ ਹੋ ਸਕੇ।
ਮੀਡੀਆ ਦੇ ਪੱਖ ਤੋਂ ਇਹ ਗੱਲ ਅਹਿਮ ਹੈ ਕਿ ਅੱਜਕੱਲ੍ਹ ਬੱਚੇ ਟੀ.ਵੀ. ਜਾਂ ਮੋਬਾਈਲ ਫੋਨ ਉੱਪਰ ਕਾਰਟੂਨ ਵੇਖਦੇ ਹਨ ਜੋ ਵਧੇਰੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੀ ਹਨ, ਇਸ ਲਈ ਬੱਚਿਆਂ ਵਿੱਚ ਮਾਂ ਬੋਲੀ ਦੀ ਵਰਤੋਂ ਦਾ
ਰੁਝਾਨ ਘਟਦਾ ਹੈ; ਸੋ ਪੰਜਾਬੀ ਬੋਲੀ ਵਿੱਚ ਵਧੀਆ ਕਾਰਟੂਨ ਪ੍ਰੋਗਰਾਮਾਂ ਤੇ ਫਿਲਮਾਂ ਦਾ ਨਿਰਮਾਣ ਹੋਣਾ ਬੇਹੱਦ ਜ਼ਰੂਰੀ ਹੈ।
ਅਦਾਲਤਾਂ ਦਾ ਕੰਮਕਾਜ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ ਜਿਸ ਲਈ ਸੰਵਿਧਾਨ ਦੀ ਧਾਰਾ 348 ਏ ਵਿੱਚ ਸੋਧ ਕਰਕੇ ਇਹ ਕੰਮਕਾਜ ਪੰਜਾਬੀ ਵਿੱਚ ਕਰਵਾਇਆ ਜਾ ਸਕਦਾ ਹੈ। ਇਸ ਨਾਲ ਆਮ ਵਿਅਕਤੀ ਨੂੰ ਆਪਣੇ ਕੇਸ ਦਾ ਸਾਫ਼ ਸਪੱਸ਼ਟ ਪਤਾ ਲੱਗਿਆ ਕਰੇਗਾ। ਮਾਲ ਮਹਿਕਮੇ ਦਾ ਰਿਕਾਰਡ ਉਰਦੂ-ਫ਼ਾਰਸੀ ਦੀ ਬਜਾਏ ਪੰਜਾਬੀ ਵਿੱਚ ਅਨੁਵਾਦ ਕਰਵਾਉਣਾ ਚਾਹੀਦਾ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤਕਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ, ਬਜ਼ੁਰਗ ਸਾਹਿਤਕਾਰਾਂ ਨੂੰ ਮਹਿੰਗਾਈ ਅਨੁਸਾਰ ਗੁਜ਼ਾਰਾ ਕਰਨ ਜੋਗੀ ਪੈਨਸ਼ਨ ਜ਼ਰੂਰ ਮਿਲੇ।
ਇਹ ਬ੍ਰਹਿਮੰਡ, ਇਹ ਕੁਦਰਤ ਸਾਨੂੰ ਸੁੰਦਰ ਤਾਂ ਹੀ ਲੱਗਦੀ ਹੈ ਕਿ ਇਸ ਵਿੱਚ ਵੰਨ-ਸੁਵੰਨਤਾ ਹੈ। ਬਾਗਾਂ ਵਿੱਚ ਲੱਗੇ ਇੱਕੋ ਜਿਹੇ ਫੁੱਲ ਮਨ ਨੂੰ ਓਨਾ ਨਹੀਂ ਮੋਂਹਦੇ ਜਿੰਨਾ ਰੰਗ ਬਰੰਗੇ, ਭਿੰਨ-ਭਿੰਨ ਤਰ੍ਹਾਂ ਦੀਆਂ ਫੁਲਵਾੜੀਆਂ ਮੋਂਹਦੀਆਂ ਹਨ।
ਇਹ ਕੁਦਰਤ ਭਿੰਨਤਾਵਾਂ ਦਾ ਨਾਮ ਹੈ। ਕਿਸੇ ਹੋਰ ਦੇ ਸੱਭਿਆਚਾਰ ’ਤੇ ਡਾਕੇ ਨਾ ਮਾਰੋ ਤੇ ਨਾ ਮਾਰਨ ਦਿਓ। ਇਹੀ ਬੋਲੀ ਦਾ ਵਰਤਾਰਾ ਹੈ, ਪੰਜਾਬ ਦਾ ਖਿੱਤਾ ਪੰਜਾਬੀਆਂ ਦਾ ਹੈ, ਇੱਥੇ ਵੱਸਣ ਵਾਲਾ ਪੰਜਾਬੀ ਹੈ। ਭਾਸ਼ਾ ਧਰਮਾਂ ਵਿੱਚ ਵੰਡੀ ਨਹੀਂ ਹੁੰਦੀ, ਇਹ ਸਭਨਾਂ ਦੀ ਸਾਂਝੀ ਸਾਡੇ ਪੁਰਖਿਆਂ ਤੋਂ ਵਿਰਸੇ ਵਿੱਚ ਮਿਲੀ ਇੱਕ ਦਾਤ ਹੈ। ਪੰਜਾਬ ਦਾ ਹਿੰਦੂ, ਸਿੱਖ, ਮੁਸਲਿਮ, ਇਸਾਈ-
ਹਰ ਧਰਮ ਦਾ ਵਿਅਕਤੀ ਪੰਜਾਬੀ ਹੈ ਤੇ ਇਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ। ਆਓ, ਪੰਜਾਬੀਓ ਆਪਣਾ
ਬੌਧਿਕ ਪੱਧਰ ਉੱਚਾ ਚੁੱਕੀਏ ਤੇ ਮਾਣ ਨਾਲ ਆਖੀਏ ਕਿ ਅਸੀਂ ਪੰਜਾਬੀ ਹਾਂ।
ਸੰਪਰਕ: 95012-05169

Advertisement

Advertisement
Author Image

Ravneet Kaur

View all posts

Advertisement