ਮਹਿਲਾ ਹਾਕੀ: ਭਾਰਤੀ ਜੂਨੀਅਰ ਟੀਮ ਨੇ ਉਰੂਗੁਏ ਨੂੰ 3-2 ਨਾਲ ਹਰਾਇਆ
ਰੋਸਾਰੀਓ (ਅਰਜਨਟੀਨਾ), 26 ਮਈ
ਕਨਿਕਾ ਸਿਵਾਚ ਦੇ ਦੋ ਗੋਲਾਂ ਸਦਕਾ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਵਿੱਚ ਉਰੂਗੁਏ ਨੂੰ 3-2 ਨਾਲ ਹਰਾ ਦਿੱਤਾ। ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਲਈ ਕਨਿਕਾ (46ਵੇਂ, 50ਵੇਂ ਮਿੰਟ) ਅਤੇ ਸੋਨਮ (21ਵੇਂ ਮਿੰਟ) ਨੇ ਗੋਲ ਕੀਤੇ। ਉਰੂਗੁਏ ਲਈ ਮਿਲਾਗ੍ਰੋਸ ਸੇਗਲ ਨੇ ਤੀਜੇ ਮਿੰਟ ਅਤੇ ਅਗਸਟੀਨਾ ਮਾਰੀ ਨੇ 24ਵੇਂ ਮਿੰਟ ਵਿੱਚ ਗੋਲ ਕੀਤੇ। ਉਰੂਗੁਏ ਨੇ ਤੀਜੇ ਮਿੰਟ ਵਿੱਚ ਸੇਗਲ ਦੇ ਪੈਨਲਟੀ ਕਾਰਨਰ ਰਾਹੀਂ ਲੀਡ ਲਈ। ਦੂਜੇ ਕੁਆਰਟਰ ਦੇ 21ਵੇਂ ਮਿੰਟ ਵਿੱਚ ਸੋਨਮ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਲਈ ਬਰਾਬਰੀ ਦਾ ਗੋਲ ਕੀਤਾ। ਸਿਰਫ਼ ਤਿੰਨ ਮਿੰਟ ਬਾਅਦ ਅਗਸਟੀਨਾ ਨੇ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਉਰੂਗੁਏ ਨੂੰ ਮੁੜ ਲੀਡ ਦਿਵਾ ਦਿੱਤੀ। ਭਾਰਤ ਨੇ ਆਖਰੀ ਕੁਆਰਟਰ ਵਿੱਚ ਚਾਰ ਮਿੰਟ ਦੇ ਅੰਦਰ ਕਨਿਕਾ ਦੇ ਦੋ ਗੋਲਾਂ ਦੀ ਮਦਦ ਨਾਲ ਵਾਪਸੀ ਕੀਤੀ। ਕਨਿਕਾ ਨੇ ਪਹਿਲਾਂ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਅਤੇ ਫਿਰ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ, ਜੋ ਅੰਤ ਤੱਕ ਬਰਕਰਾਰ ਰਹੀ। ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਮੇਜ਼ਬਾਨ ਅਰਜਨਟੀਨਾ ਨਾਲ ਹੋਵੇਗਾ। -ਪੀਟੀਆਈ