ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਸੈਮੀ ਫਾਈਨਲ ’ਚ

ਮੈਲਬਰਨ ਵਿੱਚ ਵੀਰਵਾਰ ਨੂੰ ਟੀ20 ਵਿਸ਼ਵ ਕੱਪ ਦੇ ਇਕ ਮੈਚ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਸ਼ੈਫਾਲੀ ਵਰਮਾ ਨਿਊਜ਼ੀਲੈਂਡ ਖ਼ਿਲਾਫ਼ ਸ਼ਾਟ ਮਾਰਦੀ ਹੋਈ। -ਫੋਟੋ: ਪੀਟੀਆਈ

ਮੈਲਬਰਨ, 27 ਫਰਵਰੀ
ਨੌਜਵਾਨ ਸਲਾਮੀ ਬੱਲੇਬਾਜ਼ੀ ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ ਤੇ ਗੇਂਦਬਾਜ਼ਾਂ ਦੇ ਇਕ ਹੋਰ ਅਨੁਸ਼ਾਸਿਤ ਪ੍ਰਦਰਸ਼ਨ ਨਾਲ ਭਾਰਤ ਨੇ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ਵਿੱਚ ਚਾਰ ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੇ ਨਾਲ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕੀਤੀ।
16 ਸਾਲਾ ਸ਼ੈਫਾਲੀ ਨੇ 34 ਗੇਂਦਾਂ ’ਤੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ’ਤੇ 133 ਦੌੜਾਂ ਤੱਕ ਹੀ ਪਹੁੰਚ ਸਕੀ। ਭਾਰਤੀ ਗੇਂਦਬਾਜ਼ਾਂ ਨੇ ਹਾਲਾਂਕਿ ਮੁੜ ਆਸ ਨਾਲੋਂ ਸਕੋਰ ਦਾ ਚੰਗਾ ਬਚਾਅ ਕੀਤਾ ਅਤੇ ਐਮੀਲਿਆ ਕੈਰ (19 ਗੇਂਦਾਂ ’ਤੇ ਨਾਬਾਦ 34 ਦੌੜਾਂ) ਦੇ ਆਖ਼ਰੀ ਪਲਾਂ ਦੇ ਧਮਾਲ ਦੇ ਬਾਵਜੂਦ ਨਿਊਜ਼ੀਲੈਂਡ ਨੂੰ ਛੇ ਵਿਕਟਾਂ ’ਤੇ 129 ਦੌੜਾਂ ਤੱਕ ਰੋਕ ਦਿੱਤਾ। ਭਾਰਤੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਉਸ ਨੇ ਇਸ ਤੋਂ ਪਹਿਲਾਂ ਮੌਜੂਦਾ ਚੈਂਪੀਅਨ ਆਟਰੇਲੀਆ ਨੂੰ 17 ਦੌੜਾਂ ਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ।
ਭਾਰਤ ਗਰੁੱਪ ‘ਏ’ ਵਿੱਚ ਤਿੰਨ ਮੈਚਾਂ ’ਚ ਛੇ ਅੰਕ ਲੈ ਕੇ ਸਿਖ਼ਰ ’ਤੇ ਹੈ ਅਤੇ ਉਹ ਸੈਮੀ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਆਪਣਾ ਆਖ਼ਰੀ ਮੈਚ ਸ਼ਨਿਚਰਵਾਰ ਨੂੰ ਸ੍ਰੀਲੰਕਾ ਨਾਲ ਖੇਡੇਗੀ। ਭਾਰਤ ਨੇ ਸਪਿੰਨਰਾਂ ਤੋਂ ਸ਼ੁਰੂਆਤ ਕਰਵਾਈ ਪਰ ਦੀਪਤੀ ਸ਼ਰਮਾ ਦੇ ਓਵਰ ਵਿੱਚ 12 ਦੌੜਾਂ ਬਣ ਗਈਆਂ ਜਿਸ ਵਿੱਚ ਸਲਾਮੀ ਬੱਲੇਬਾਜ਼ ਰਾਚੇਲ ਪ੍ਰੀਸਟ (12) ਦੇ ਦੋ ਚੌਕੇ ਸ਼ਾਮਲ ਹਨ। ਤਜ਼ਰਬੇਕਾਰ ਸ਼ਿਖਾ ਪਾਂਡੇ ਨੇ ਹਾਲਾਂਕਿ ਪ੍ਰੀਸਟ ਨੂੰ ਅਗਲੇ ਓਵਰ ’ਚ ਆਊਟ ਕਰ ਦਿੱਤਾ। ਸ਼ਿਖਾ ਤੇ ਖੱਬੇ ਹੱਥ ਦੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਦੇ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ ਖੁੱਲ੍ਹ ਕੇ ਨਹੀਂ ਖੇਡ ਸਕੇ। ਦੀਪਤੀ ਨੇ ਆਪਣੇ ਦੂਜੇ ਸਪੈੱਲ ਵਿੱਚ ਸੂਜ਼ੀ ਬੇਟਸ (06) ਨੂੰ ਬਾਊਲਡ ਕੀਤਾ। ਇਸ ਤੋਂ ਬਾਅਦ ਪੂਨਮ ਯਾਦਵ ਤੇ ਰਾਧਾ ਯਾਦਵ ਨੇ ਕਿਵੀ ਟੀਮ ’ਤੇ ਦਬਾਅ ਬਣਾ ਦਿੱਤਾ। ਕਪਤਾਨ ਸੋਫੀ ਡਿਵਾਈਨ (24) ਤੇ ਕੈਟੀ ਮਾਰਟਿਨ (25) ਨੇ 36 ਗੇਂਦਾਂ ’ਤੇ 43 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਗਾਇਕਵਾੜ ਨੇ ਹਾਲਾਂਕ ਗਰੀਨ ਨੂੰ ਆਊਟ ਕਰ ਕੇ ਪਵੇਲੀਅਨ ਭੇਜ ਦਿੱਤਾ ਜਦੋਂਕਿ ਰਾਧਾ ਨੇ ਮਾਰਟਿਨ ਨੂੰ ਆਊਟ ਕਰ ਕੇ ਸਕੋਰ ਪੰਜ ਵਿਕਟਾਂ ’ਤੇ 90 ਦੌੜਾਂ ਕਰ ਦਿੱਤਾ। ਨਿਊਜ਼ੀਲੈਂਡ ਨੂੰ ਜਦੋਂ 21 ਗੇਂਦਾਂ ’ਤੇ 44 ਦੌੜਾਂ ਦੀ ਲੋੜ ਸੀ ਤਾਂ ਕੈਰ ਨੇ ਜ਼ਿੰਮੇਵਾਰੀ ਸੰਭਾਲੀ। ਉਸ ਨੇ 19ਵੇਂ ਓਵਰ ’ਚ ਪੂਨਮ ਦੀਆਂ ਗੇਂਦਾਂ ’ਤੇ ਚਾਰ ਚੌਕੇ ਮਾਰੇ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਆਖ਼ਰੀ ਓਵਰ ’ਚ 16 ਦੌੜਾਂ ਦੀ ਲੋੜ ਸੀ। ਸ਼ਿਖਾ ਨੇ ਇਹ ਓਵਰ ਕੀਤਾ ਜਿਸ ਵਿੱਚ ਹੈਲੀ ਜੈਨਸਨ (11) ਅਤੇ ਕੈਰ ਨੇ ਚੌਕੇ ਲਗਾਏ ਪਰ ਅਖ਼ੀਰ ਵਿੱਚ ਭਾਰਤੀ ਗੇਂਦਬਾਜ਼ ਉਨ੍ਹਾਂ ’ਤੇ ਰੋਕ ਲਗਾਉਣ ਵਿਚ ਸਫ਼ਲ ਰਹੀ। ਇਸ ਤੋਂ ਪਹਿਲਾਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਿਆ ਜਿਸ ਤੋਂ ਬਾਅਦ 16 ਸਾਲਾ ਸ਼ੈਫਾਲੀ ਨੇ ਮੁੜ ਤੋਂ ਟੀਮ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਭਾਰਤ ਨੇ ਪਾਵਰਪਲੇਅ ਦੇ ਓਵਰਾਂ ਵਿੱਚ 49 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਹਾਲਾਂਕਿ 43 ਦੌੜਾਂ ਦੇ ਅੰਦਰ ਛੇ ਵਿਕਟਾਂ ਗੁਆਈਆਂ ਜਿਸ ਨਾਲ ਉਹ ਇਸ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੀ। ਬੁਖਾਰ ਕਾਰਨ ਪਿਛਲੇ ਮੈਚ ਵਿੱਚ ਨਹੀਂ ਖੇਡ ਸਕਣ ਵਾਲੀ ਸਮ੍ਰਿਤੀ ਮੰਧਾਨਾ (11) ਜਲਦੀ ਹੀ ਆਊਟ ਹੋ ਗਈ। ਉਸ ਨੇ ਤੀਜੇ ਓਵਰ ਵਿੱਚ ਲੀ ਤਾਹੁਹੁ ਦੀ ਗੇਂਦ ਵਿਕਟਾਂ ’ਤੇ ਖੇਡੀ। ਸ਼ੈਫਾਲੀ ਤੇ ਤਾਨੀਆ ਭਾਟੀਆ (23) ਨੇ ਦੂਜੇ ਵਿਕਟ ਲਈ 51 ਦੌੜਾਂ ਜੋੜੀਆਂ। ਤਾਨੀਆ ਦਸਵੇਂ ਓਵਰ ’ਚ ਪਵੇਲੀਅਨ ਪਰਤ ਗਈ। ਰੋਜ਼ ਮੈਰੀ ਮਾਇਰ ਦੀ ਗੇਂਦ ’ਤੇ ਬੈਕਵਰਡ ਪੁਆਇੰਟ ’ਤੇ ਖੜ੍ਹੀ ਕੈਰ ਨੇ ਉਸ ਦਾ ਕੈਚ ਫੜਿਆ। ਇਸ ਤੋਂ ਬਾਅਦ ਜੈਮਿਮਾ ਰੌਡਰਿਗਜ਼ (10) ਕਰੀਜ਼ ’ਤੇ ਉਤਰੀ। ਭਾਰਤ ਨੇ ਦਸ ਓਵਰਾਂ ’ਚ ਦੋ ਵਿਕਟਾਂ ’ਤੇ 75 ਦੌੜਾਂ ਬਣਾਈਆਂ ਸਨ ਪਰ ਰੌਡਰਿਗਜ਼ 12ਵੇਂ ਓਵਰ ’ਚ ਹੀ ਆਊਟ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ (01) ਦੀ ਖ਼ਰਾਬ ਫਾਰਮ ਜਾਰੀ ਰਹੀ। ਉਸ ਨੂੰ ਲੀਗ ਕਾਸਪੈਰੇਕ ਨੇ ਆਪਣੀ ਹੀ ਗੇਂਦ ’ਤੇ ਕੈਚ ਕੀਤਾ। ਅੱਠਵੇਂ ਤੇ ਦਸਵੇਂ ਓਵਰ ਵਿੱਚ ਜੀਵਨਦਾਨ ਪਾਉਣ ਵਾਲੀ ਸ਼ੈਫਾਲੀ ਨੇ ਵੀ ਕੈਰ ਦੀ ਗੇਂਦ ’ਤੇ ਡੀਪ ਐਕਸਟਰਾ ਕਵਰ ’ਤੇ ਹੈਲੀ ਜੈਨਸਨ ਨੂੰ ਕੈਚ ਦਿੱਤਾ। ਉਸ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਤਿੰਨ ਛੱਕੇ ਮਾਰੇ। ਖੱਬੇ ਹੱਥ ਦੀ ਬੱਲੇਬਾਜ਼ ਦੀਪਤੀ ਸ਼ਰਮਾ (08) ਤੇ ਵੇਦਾ ਕ੍ਰਿਸ਼ਨਾਮੂਰਤੀ (06) ਵੀ ਯੋਗਦਾਨ ਨਹੀਂ ਦੇ ਸਕੀਆਂ। ਰਾਧਾ ਯਾਦਵ ਨੇ ਆਖ਼ਰੀ ਪਲਾਂ ਵਿੱਚ ਨੌਂ ਗੇਂਦਾਂ ’ਤੇ ਇਕ ਛੱਕੇ ਦੀ ਮੱਦਦ ਨਾਲ 14 ਦੌੜਾਂ ਬਣਾਈਆਂ ਜਦੋਂਕਿ ਸ਼ਿਖਾ ਪਾਂਡੇ 14 ਗੇਂਦਾਂ ’ਤੇ 10 ਦੌੜਾਂ ਬਣਾ ਕੇ ਨਾਬਾਦ ਰਹੀ। ਸ਼ੈਫਾਲੀ ਨੂੰ ਮੈਚ ਦੀ ਸਭ ਤੋਂ ਵਧੀਆ ਖਿਡਾਰਨ ਚੁਣਿਆ ਗਿਆ। -ਪੀਟੀਆਈ

ਅਗਲੇ ਮੈਚਾਂ ਵਿੱਚ ਬੱਚਿਆਂ ਵਾਲੀਆਂ ਗਲਤੀਆਂ ਨਹੀਂ ਕਰ ਸਕਦੇ: ਹਰਮਨਪ੍ਰੀਤ

ਮੈਲਬਰਨ: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਬੱਲੇਬਾਜ਼ਾਂ ਦੀ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ’ਚ ਨਾਕਾਮ ਰਹਿਣ ’ਤੇ ਨਾਖੁਸ਼ ਦਿਖੀ ਅਤੇ ਉਸ ਨੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਵੱਡੇ ਮੈਚਾਂ ਤੋਂ ਪਹਿਲਾਂ ਬਚਕਾਨੀ ਗਲਤੀਆਂ ਕਰਨ ਤੋਂ ਬਚਣ ਦੀ ਅਪੀਲ ਕੀਤੀ। ਭਾਰਤ ਦਾ ਮੱਧਕ੍ਰਮ ਲਗਾਤਾਰ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ’ਚ ਨਾਕਾਮ ਰਿਹਾ ਹੈ। ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖ਼ਿਲਾਫ਼ ਵੀ ਚਾਰ ਦੌੜਾਂ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ, ‘‘ਜਦੋਂ ਤੁਹਾਡੀ ਟੀਮ ਜਿੱਤ ਦਰਜ ਕਰਦੀ ਹੈ ਪਰ ਫਿਰ ਵੀ ਅਸੀਂ ਪਹਿਲੇ ਦਸ ਓਵਰ ਚੰਗੇ ਲੰਘਣ ਤੋਂ ਬਾਅਦ ਉਹੀ ਗਲਤੀਆਂ ਕਰ ਰਹੇ ਹਾਂ। ਸਾਨੂੰ ਚੰਗੀ ਸ਼ੁਰੂਆਤ ਮਿਲਦੀ ਹੈ ਪਰ ਅਸੀਂ ਉਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਦੇ।’’ ਉਸ ਨੇ ਕਿਹਾ, ‘‘ਅੱਗੇ ਦੇ ਮੈਚ ਵਧੇਰੇ ਸਖ਼ਤ ਹੋਣਗੇ ਅਤੇ ਅਸੀਂ ਬਚਕਾਨੀ ਗਲਤੀਆਂ ਨਹੀਂ ਕਰ ਸਕਦੇ। ਸ਼ੈਫਾਲੀ ਸਾਨੂੰ ਚੰਗੀ ਸ਼ੁਰੂਆਤ ਦੇ ਰਹੀ ਹੈ। ਉਸ ਵੱਲੋਂ ਸ਼ੁਰੂ ਵਿੱਚ ਬਣਾਈਆਂ ਗਈਆਂ ਦੌੜਾਂ ਸਾਡੇ ਲਈ ਬੇਹੱਦ ਅਹਿਮ ਹਨ।’’

-ਪੀਟੀਆਈ

ਹੀਲੀ ਤੇ ਮੂਨੀ ਨੇ ਆਸਟਰੇਲੀਆ ਨੂੰ ਵੱਡੀ ਜਿੱਤ ਦਿਵਾਈ਼

ਕੈਨਬੇਰਾ: ਐਲੀਸਾ ਹੀਲੀ ਤੇ ਬੈੱਥ ਮੂਨੀ ਵਿਚਾਲੇ ਪਹਿਲੀ ਵਿਕਟ ਲਈ ਰਿਕਾਰਡ ਸਾਂਝੇਦਾਰੀ ਦੀ ਮੱਦਦ ਨਾਲ ਆਸਟਰੇਲੀਆ ਨੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ‘ਏ’ ਮੈਚ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਕਰਾਰ ਹਾਰ ਦਿੱਤੀ। ਵਿਕਟਕੀਪਰ ਬੱਲੇਬਾਜ਼ ਹੀਲੀ ਨੇ 53 ਗੇਂਦਾਂ ’ਤੇ 83 ਦੌੜਾਂ ਤੇ ਮੂਨੀ ਨੇ 58 ਗੇਂਦਾਂ ’ਤੇ ਨਾਬਾਦ 81 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਤੋਂ ਇਲਾਵਾ ਐਸ਼ਲੀਗ ਗਾਰਡਨਰ ਨੇ ਨੌਂ ਗੇਂਦਾਂ ’ਤੇ ਨਾਬਾਦ 22 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਨਾਲ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਕ ਵਿਕਟ ’ਤੇ 189 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਬੰਗਲਾਦੇਸ਼ ਦੀ ਟੀਮ ਇਸ ਦੇ ਜਵਾਬ ਵਿੱਚ ਨੌਂ ਵਿਕਟਾਂ ’ਤੇ 103 ਦੌੜਾਂ ਹੀ ਬਣਾ ਸਕੀ। ਉਸ ਦੀਆਂ ਚਾਰ ਬੱਲੇਬਾਜ਼ਾਂ ਦੋਹਰੇ ਅੰਕ ਵਿੱਚ ਪਹੁੰਚੀਆਂ ਜਿਨ੍ਹਾਂ ਵਿੱਚੋਂ ਫਰਗਾਨਾ ਹੱਕ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਮੇਗਾਨ ਸ਼ੱਟ ਨੇ 21 ਦੌੜਾਂ ਦੇ ਕੇ ਚਾਰ ਅਤੇ ਜੇਸ ਜੋਨਾਸਨ ਨੇ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਆਸਟਰੇਲੀਆ ਦੀ ਤਿੰਨ ਮੈਚਾਂ ’ਚ ਇਹ ਦੂਜੀ ਜਿੱਤ ਹੈ ਜਿਸ ਨਾਲ ਉਸ ਦੇ ਚਾਰ ਅੰਕ ਹੋ ਗਏ ਅਤੇ ਉਹ ਅੰਕ ਸੂਚੀ ’ਚ ਭਾਰਤ ਤੋਂ ਬਾਅਦ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਹੀਲੀ ਤੇ ਮੂਨੀ ਨੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾ ਕੇ ਵੱਡੀ ਜਿੱਤ ਦੀ ਨੀਂਹ ਰੱਖੀ। ਇਨ੍ਹਾਂ ਦੋਹਾਂ ਵਿਚਾਲੇ ਪਹਿਲੀ ਵਿਕਟ ਦੀ ਸਾਂਝੇਦਾਰੀ ਆਸਟਰੇਲੀਆ ਵੱਲੋਂ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਹਿੱਸੇਦਾਰੀ ਹੈ। ਹੀਲੀ ਨੇ ਆਪਣੀ ਪਾਰੀ ’ਚ ਦਸ ਚੌਕੇ ਤੇ ਤਿੰਨ ਛੱਕੇ ਜਦੋਂਕਿ ਮੂਨੀ ਨੇ ਨੌਂ ਚੌਕੇ ਮਾਰੇ।

-ਪੀਟੀਆਈ