ਮਹਿਲਾਵਾਂ ਦਾ ਸਿੱਖਿਅਤ ਹੋਣਾ ਜ਼ਰੂਰੀ: ਰੇਖਾ ਗੁਪਤਾ
ਨਵੀਂ ਦਿੱਲੀ, 8 ਮਾਰਚ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਇੱਥੇ ਕਿਹਾ ਕਿ ਸ਼ਹਿਰ ਦੀ ਸਿਹਤ ਸੇਵਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਔਰਤਾਂ ਦੀ ਸਿੱਖਿਆ ’ਤੇ ਲੋੜ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਵਧੀਆ ਸਮਾਜ ਲਈ ਇਹ ਦੋਵੇਂ ਚੀਜ਼ਾਂ ਅਤਿ ਜ਼ਰੂਰੀ ਹਨ। ਕੌਮਾਂਤਰੀ ਮਹਿਲਾ ਦਿਵਸ ’ਤੇ ਸ਼ਾਲੀਮਾਰ ਬਾਗ ਵਿੱਚ ਸਥਿਤ ਫੋਰਟਿਸ ਹਸਪਤਾਲ ਵੱਲੋਂ ਇਸ ਮੌਕੇ ਔਰਤਾਂ ਨੂੰ ਬਰਾਬਰ ਸਮਾਨਤਾ ਦੇਣ ਸਬੰਧੀ ਜਾਗਰੂਕ ਕਰਨ ਲਈ ਵਾਕਥਾਨ ਕਰਵਾਈ ਗਈ। ਇਸ ਮੌਕੇ ਰੇਖਾ ਗੁਪਤਾ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਪ੍ਰਤੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਪ੍ਰਗਟਾਈ। ਇਸ ਮੌਕੇ ਉਨ੍ਹਾਂ ਸਿੱਖਿਆ ਅਤੇ ਸਿਹਤ ਸੇਵਾ ਨਾਲ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਨੂੰ ਸਮਾਜਿਕ ਵਿਕਾਸ ਦੀ ਕੂੰਜੀ ਦੱਸਿਆ । ਉਨ੍ਹਾਂ ਆਖਿਆ ਕਿ ਦਿੱਲੀ ਨੂੰ ਦੇਸ਼ ਦਾ ਸਭ ਤੋਂ ਵਿਕਸਿਤ ਸਿਹਤ ਕੇਂਦਰ ਬਣਨਾ ਚਾਹੀਦਾ ਹੈ। ਇੱਥੇ ਹਰ ਨਾਗਰਿਕ ਨੂੰ ਵਧੀਆ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਕਿਸੇ ਨੂੰ ਵੀ ਵਧੀਆ ਇਲਾਜ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਦੱਸਦਿਆਂ ਮਹਿਲਾਵਾਂ ਨੂੰ ਆਪਣੀ ਸਿਹਤ ਅਤੇ ਸਿੱਖਿਆ ਵੱਲ ਧਿਆਨ ਦੇਣ ਲਈ ਜ਼ੋਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਓ ਆਪਾਂ ਸਾਰੇ ਮਿਲ ਕੇ ਇੱਕ ਅਜਿਹਾ ਭਵਿੱਖ ਬਣਾਈਏ ਜਿਥੇ ਲਿੰਗ ਸਮਾਨਤਾ ਸਿਰਫ਼ ਇੱਕ ਟੀਚਾ ਨਾ ਹੋਵੇ ਸਗੋਂ ਇੱਕ ਜਿਉਂਦੀ ਜਾਗਦੀ ਵਾਸਤਵਿਕਤਾ ਹੋਵੇ। ਵਾਕਥਾਨ ਵਿੱਚ ਲਗਪਗ 400 ਵਿਅਕਤੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਇਸ ਮੌਕੇ ਮਹਿਲਾ ਸਸ਼ਕਤੀਕਰਨ ਸਮਾਗਮ ਵੀ ਕਰਵਾਇਆ ਗਿਆ। ਇਸ ਦੌਰਾਨ ਔਰਤਾਂ ਦੀਆਂ ਸਿਹਤ ਚੁਣੌਤੀਆਂ ਬਾਰੇ ਵਿਚਾਰ ਹੋਈ। ਇਸ ਦੌਰਾਨ ਫੋਰਟਿਸ ਹੈਲਥਕੇਅਰ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਰੀ ਡਾ. ਆਸ਼ੂਤੋਸ਼ ਰਘੂਵੰਸ਼ੀ ਨੇ ਸਿਹਤ ਸੇਵਾ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਮਰੀਜ਼ਾਂ ਦੀ ਦੇਖਭਾਲ ਵਿੱਚ ਸਾਦਗੀ, ਸ਼ਹਿਣਸ਼ੀਲਤਾ ਅਤੇ ਨਵੀਨਦਾ ਲਿਆਂਉਂਦੀਆਂ ਹਨ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਕੰਮਾਂ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। -ਪੀਟੀਆਈ
ਮਹਿਲਾ ਸਮਰਿਧੀ ਯੋਜਨਾ ਨੂੰ ਲਾਗੂ ਕਰਨ ਲਈ ਸਮਿਤੀ ਦਾ ਗਠਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਮਹਿਲਾ ਸਮਰਿਧੀ ਯੋਜਨਾ ਨੂੰ ਲਾਗੂ ਕਰਨ ਲਈ ਉਨ੍ਹਾਂ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਇੱਕ ਕਲਿਆਣਕਾਰੀ ਯੋਜਨਾ ਹੈ, ਜਿਸ ਦਾ ਉਦੇਸ਼ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦੇਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੈਬਨਿਟ ਨੇ ਯੋਜਨਾ ਲਈ 51,00 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਦੀ ਬੈਠਕ ਕੀਤੀ ਅਤੇ ਕੈਬਨਿਟ ਨੇ ਭਾਜਪਾ ਵੱਲੋਂ ਚੋਣ ਦੌਰਾਨ ਘੋਸ਼ਣਾਪੱਤਰ ਵਿੱੱਚ ਕੀਤੇ ਗਏ ਵਾਅਦਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵਿੱਚ ਕੈਬਨਿਟ ਮੰਤਰੀ ਆਸ਼ੀਸ਼ ਸੂਦ, ਪ੍ਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਇੱਕ ਵੈੱਬ ਪੋਰਟਲ ਸ਼ੁਰੂ ਕੀਤਾ ਜਾਵੇਗਾ। -ਪੀਟੀਆਈ
ਭਾਜਪਾ ਦੀ ਵਿੱਤੀ ਸਹਾਇਤਾ ਯੋਜਨਾ ਨੂੰ ਲਾਗੂ ਕਰਨ ’ਤੇ ਸਵਾਲ ਉਠਾਏ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਦਿੱਲੀ ਵਿਚ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਦੇਣ ਦੀ ਭਾਜਪਾ ਦੀ ਵਿੱਤੀ ਸਹਾਇਤਾ ਯੋਜਨਾ ਨੂੰ ਲਾਗੂ ਕਰਨ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਯੋਜਨਾ ਰਾਸ਼ਟਰੀ ਰਾਜਧਾਨੀ ਦੇ ਬਜਟ ਦੇ 60 ਫ਼ੀਸਦ ਨਾਲ ਸਮਝੌਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਇਹ ਵਾਅਦਾ ਪੂਰਾ ਕਰਦੇ ਹਨ, ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ। ਹਾਲਾਂਕਿ, ਇੱਥੇ ਸਿਰਫ ਇੱਕ ਸਵਾਲ ਹੈ ਕਿ ਇਸ ਲਈ ਫੰਡ ਕਿੱਥੋਂ ਆਉਣਗੇ। ਭਾਜਪਾ ਨੇ ਕਿਹਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਜੇ ਅਸੀਂ ਚੋਣ ਕਮਿਸ਼ਨ ਦੇ ਅੰਕੜਿਆਂ ਨੂੰ ਦੇਖੀਏ ਤਾਂ ਦਿੱਲੀ ਵਿੱਚ ਲਗਪਗ 72 ਲੱਖ ਮਹਿਲਾ ਵੋਟਰ ਸਨ। ਇਸ ਦੀ ਕੁੱਲ ਲਾਗਤ ਲਗਪਗ 21,600 ਕਰੋੜ ਰੁਪਏ ਬਣਦੀ ਹੈ। ਹੁਣ ਪੂਰੇ ਵਿਕਾਸ ਬਜਟ ਨੂੰ ਮੰਨਦੇ ਹੋਏ 21,600 ਕਰੋੜ 300 ਕਰੋੜ ਰੁਪਏ ਹਨ। ਜਿਸ ਵਿੱਚ ਹਸਪਤਾਲ, ਸਕੂਲ ਅਤੇ ਸਬਸਿਡੀਆਂ ਸ਼ਾਮਲ ਹਨ, ਤੁਸੀਂ ਬਜਟ ਦਾ ਲਗਪਗ 60 ਫ਼ੀਸਦ ਸਿਰਫ਼ ਇੱਕ ਸਕੀਮ ਲਈ ਕਿਵੇਂ ਅਲਾਟ ਕਰ ਸਕਦੇ ਹੋ। ਕਾਂਗਰਸ ਆਗੂ ਨੇ ਕਿਹਾ ਕਿ ਉਮੀਦ ਹੈ ਕਿ ਦਿੱਲੀ ਸਰਕਾਰ ਵੱਲੋਂ ਖਰਚ ਕੀਤੇ ਗਏ ਪੈਸੇ ਨਾਲ ਵਿਕਾਸ ਨਾਲ ਸਮਝੌਤਾ ਨਹੀਂ ਹੋਵੇਗਾ।