ਮਹਿਮਾ ਵਿਚਾਰਾ ਕੀ ਕਰੇ, ਹੁਣ ਕੰਮ ’ਤੇ ਜਾਣੋਂ ਵੀ ਡਰੇ

ਕਰਫਿਊ ਦੀ ਉਲੰਘਣਾ ਕਰਨ ਵਾਲੇ ਦੀਆਂ ਲਕੀਰਾਂ ਕਢਾਉਂਦੀ ਹੋਈ ਪੁਲੀਸ। ਫੋਟੋ: ਰੌਂਤਾ

ਰਾਜਿੰਦਰ ਵਰਮਾ
ਭਦੌੜ, 25 ਮਾਰਚ
ਮਜ਼ਦੂਰ ਮਹਿਮਾ ਸਿੰਘ ਕੰਮ ਤੋਂ ਰੋਟੀ ਖਾਣ ਘਰ ਆ ਰਿਹਾ ਸੀ ਤਾਂ ਇੱਥੇ ਤਿੰਨਕੋਣੀ ਚੌਕ ’ਤੇ ਲੱਗੇ ਨਾਕੇ ’ਤੇ ਪੁਲੀਸ ਮੁਲਾਜ਼ਮਾਂ ਦੇ ਅੜਿੱਕੇ ਚੜ੍ਹ ਗਿਆ ਜਿਸ ਦੀਆਂ ਪੁਲੀਸ ਨੇ ਚੰਗੀਆਂ ਬੈਠਕਾਂ ਕਢਾਈਆਂ। ਪੁਲੀਸ ਵੀ ਕੀ ਕਰੇ ਲੋਕਾਂ ਨੂੰ ਲੱਖ ਸਮਝਾਉਣ ’ਤੇ ਵੀ ਲੋਕ ਘਰਾਂ ਅੰਦਰ ਨਹੀਂ ਟਿਕ ਰਹੇ। ਅਜਿਹੇ ਹੋਰ ਵੀ ਕਈ ਮਹਿਮੇ ਨੇ ਜੋ ਕਰੋਨਾ ਅਤੇ ਕਰਫਿਊ ਨੇ ਘਰ ਬਿਠਾ ਦਿੱਤੇ ਹਨ। ਦਿਹਾੜੀਦਾਰ ਕਾਮੇ ਨਿੱਤ ਦੀ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ ਤੇ ਹੁਣ ਉਹ ਕਰਫਿਊ ਕਾਰਨ ਚਾਰ ਦਿਨਾਂ ਤੋਂ ਘਰ ਬੈਠੇ ਹਨ। ਮਜ਼ਦੂਰ ਸਵਰਨ ਸਿੰਘ ਦਾ ਕਹਿਣਾ ਹੈ ਕਿ ਉਹ ਚਾਰ ਦਿਨਾਂ ਤੋਂ ਘਰ ਬੈਠਾ ਹੈ ਤੇ ਉਹਦੇ ਘਰ ਦਾ ਗੁਜ਼ਾਰਾ ਦਿਹਾੜੀ ’ਤੇ ਹੀ ਚੱਲਦਾ ਹੈ। ਸੱਠਵੇਂ ਸਾਲ ’ਚ ਪੁੱਜਾ ਜੀਤ ਸਿੰਘ ਵੀ ਕਰਫਿਊ ਤੋਂ ਪ੍ਰੇਸ਼ਾਨ ਸੀ ਉਸ ਨੇ ਕਿਹਾ ਕਿ ਸਾਡੇ ਚੁੱਲ੍ਹੇ ਤਾਂ ਨਿੱਤ ਦੀ ਦਿਹਾੜੀ ’ਤੇ ਹੀ ਚੱਲਦੇ ਹਨ ਰੱਬ ਕਰੇ ਜਲਦ ਇਸ ਭੈੜੀ ਬਿਮਾਰੀ ਤੋਂ ਦੁਨੀਆਂ ਨੂੰ ਨਿਜ਼ਾਤ ਮਿਲੇ। ਰਾਜ ਮਿਸਤਰੀ ਜਗਸੀਰ ਸਿੰਘ ਵੀ ਚਾਰ ਦਿਨਾਂ ਤੋਂ ਕੰਮ ਬੰਦ ਹੋਣ ਕਰਕੇ ਡਾਢਾ ਪ੍ਰੇਸ਼ਾਨ ਹੈ। ਤਲਵੰਡੀ ਰੋਡ ਤੇ ਭਦੌੜ ਰਜਬਾਹੇ ਤੇ ਬੋਹੜ ਦੀ ਛਾਂਵੇ ਦਿਹਾੜੀ ਦੀ ਉਡੀਕ ’ਚ ਬੈਠਣ ਵਾਲੇ ਮਜ਼ਦੂਰ ਹੁਣ ਘਰਾਂ ’ਚ ਕਰਫਿਊ ਤੇ ਕਰੋਨਾ ਦੇ ਡਰ ਕਾਰਨ ਬੈਠੇ ਹਨ ਤੇ ਬੋਹੜ ਦੇ ਚੁਫ਼ੇਰੇ ਬਣਿਆ ਥੜ੍ਹਾ ਵੀ ਸੁੰਨਾ ਪਿਆ ਹੈ। ਇੱਥੇ ਮਜ਼ਦੂਰਾਂ ਕਿਸਾਨਾਂ ਦੀਆਂ ਭਾਰੀ ਰੋਣਕਾਂ ਲੱਗਦੀਆਂ ਹਨ। ਡੰਗਰਾਂ ਲਈ ਹਰਾ ਚਾਰਾ ਲਿਜਾ ਰਿਹਾ ਮਜ਼ਦੂਰ ਜੈਲੀ ਜਿੱਥੇ ਦਿਹਾੜੀ ’ਤੇ ਨਾ ਜਾਣ ਕਾਰਣ ਫ਼ਿਕਰਮੰਦ ਹੈ ਉੱਥੇ ਉਹ ਪਸ਼ੂਆਂ ਦੀ ਖੁਰਾਕ ਦਾ ਵੀ ਗੱਲਬਾਤੀਂ ਜ਼ਿਕਰ ਕਰ ਗਿਆ। ਕਾਰਖਾਨੇ ’ਚ ਕੰਮ ਕਰਦੇ ਅਮਰਜੀਤ ਨੇ ਸਿਆਣੀ ਗੱਲ ਕਰਦਿਆਂ ਕਿਹਾ ਕਿ ਜਿੱਥੇ ਵੱਡੇ ਮੁਲਕ ਇਸ ਕਰੋਨਾ ਬਿਮਾਰੀ ਕਾਰਣ ਤਬਾਹੀ ਦੇ ਕੰਢੇ ਖੜ੍ਹੇ ਹਨ ਉਥੇ ਜੇ 20 ਦਿਨ ਸਰਕਾਰ ਦੇ ਕਹੇ ’ਤੇ ਘਰ ਬੈਠ ਜਾਵਾਂਗੇ ਤਾਂ ਹੀ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਭਦੌੜ ’ਚ ਬਾਡੀ ਸਨਅਤ ’ਚ ਕੰਮ ਕਰਦੇ ਲਗਪਗ 12 ਸੌ ਕਾਮੇ ਵੀ ਘਰ ਬੈਠੇ ਹਨ। ਮਜ਼ਦੂਰਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਕਾਰਡ ਹੋਲਡਰਾਂ ਨੂੰ ਤਾਂ 3 ਹਜ਼ਾਰ ਪ੍ਰਤੀ ਮਜ਼ਦੂਰ ਸਹਾਇਤਾ ਦਿੱਤੀ ਗਈ ਹੈ ਪਰ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਉਨ੍ਹਾਂ ਨੂੰ ਵੀ ਸਹਾਇਤਾ ਦੇਣੀ ਚਾਹੀਦੀ ਹੈ।
ਨਿਹਾਲ ਸਿੰਘ ਵਾਲਾ (ਪੱਤਰ ਪੇ੍ਰਕ): ਪੁਲੀਸ ਵੱਲੋਂ ਵਾਰ ਵਾਰ ਹਦਾਇਤਾਂ ਕਰਨ ਅਤੇ ਗਸ਼ਤ ਦੌਰਾਨ ਤੁਰੇ ਫ਼ਿਰਦੇ ਵਿਹਲੜਾਂ ਨੂੰ ਸਮਝਾਉਣ ਦੇ ਬਾਵਜੂਦ ਸਮਝ ਨਾ ਆਉਣ ’ਤੇ ਪੁਲੀਸ ਨੇ ਸਖ਼ਤੀ ਦਾ ਰੁਖ ਫ਼ੜ ਲਿਆ ਹੈ। ਡੀਐਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲੀਸ ਲੋਕਾਂ ਨੂੰ ਘਰਾਂ ਵਿੱਚ ਬੈਠਣ ਲਈ ਲਗਾਤਾਰ ਅਪੀਲ ਕਰਦੀ ਆ ਰਹੀ ਹੈ। ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਕੁਝ ਸਖ਼ਤੀ ਵਰਤਣੀ ਪਈ ਹੈ। ਨਿਹਾਲ ਸਿੰਘ ਵਾਲਾ, ਬੱਧਨੀਂ ਕਲਾਂ ਆਦਿ ਇਲਾਕਿਆਂ ਵਿੱਚ ਪੁਲੀਸ ਵੱਲੋਂ ਨੱਕ ਨਾਲ ਲਕੀਰਾਂ ਕਢਵਾਉਣ ਅਤੇ ਡੱਡੂ ਛੜੱਪੇ ਲਗਾਉਣ ਦੇ ਨਾਲ ਡਾਂਗ ਖੜਕਣ ਦੇ ਵੀ ਸਮਾਚਾਰ ਮਿਲੇ ਹਨ ਜਿਸ ਨਾਲ ਲੋਕ ਫ਼ਾਲਤੂ ਘੁੰਮਣ ਫ਼ਿਰਨ ਤੋਂ ਹਟ ਰਹੇ ਹਨ।