For the best experience, open
https://m.punjabitribuneonline.com
on your mobile browser.
Advertisement

ਮਹਾ ਤਰਾਸਦੀ

04:03 AM Jan 30, 2025 IST
ਮਹਾ ਤਰਾਸਦੀ
Advertisement

ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਸੰਗਮ ਖੇਤਰ ਵਿੱਚ ਮਚੀ ਭਗਦੜ ਦੀ ਘਟਨਾ ਨਾਲ ਜਿੱਥੇ ਦੁਨੀਆ ਭਰ ਵਿੱਚ ਮਸ਼ਹੂਰ ਭਾਰਤ ਦੇ ਇਸ ਮਹਾ ਮੇਲੇ ਦੀ ਸੋਭਾ ਧੁੰਦਲੀ ਹੋ ਗਈ ਹੈ, ਉੱਥੇ ਇਸ ਮੌਕੇ ਭੀੜ ਨੂੰ ਸੰਭਾਲਣ ਲਈ ਕੀਤੇ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਉੱਠਣੇ ਵੀ ਸੁਭਾਵਿਕ ਹਨ। ਅਠਾਰਾਂ ਘੰਟੇ ਬੀਤਣ ਦੇ ਬਾਵਜੂਦ ਲੋਕ ਆਪਣੇ ਪਿਆਰਿਆਂ ਨੂੰ ਲੱਭ ਰਹੇ ਸਨ; ਜਾਣਕਾਰੀ ਦੀ ਘਾਟ ਅਤੇ ਸਰਕਾਰ ਦੀ ਸੰਵੇਦਨਹੀਣਤਾ ਦਾ ਆਲਮ ਇਹ ਰਿਹਾ ਕਿ ਅਠਾਰਾਂ ਘੰਟੇ ਬੀਤਣ ’ਤੇ ਵੀ ਘਟਨਾ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਕਿ ਭਾਜੜ ਦੌਰਾਨ ਕਿੰਨੇ ਲੋਕ ਮਾਰੇ ਗਏ ਹਨ, ਕਿੰਨੇ ਜ਼ਖ਼ਮੀ ਜਾਂ ਲਾਪਤਾ ਹਨ। ਹਰ ਵਾਰ ਮਹਾਕੁੰਭ ’ਤੇ ਕਰੋੜਾਂ ਸ਼ਰਧਾਲੂ ਪਹੁੰਚਦੇ ਹਨ ਪਰ ਇਸ ਵਾਰ ਇਹ ਤਾਦਾਦ ਹੋਰ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਆਖ਼ਿਰ ਸ਼ਾਮ ਨੂੰ ਇੱਕ ਉਚ ਪੁਲੀਸ ਅਧਿਕਾਰੀ ਨੇ 30 ਮੌਤਾਂ ਅਤੇ 60 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਅੰਮ੍ਰਿਤ ਇਸ਼ਨਾਨ ਲਈ ਕਰੀਬ 9 ਕਰੋੜ ਲੋਕ ਮੇਲੇ ਵਿੱਚ ਪਹੁੰਚੇ ਹੋਏ ਸਨ। ਐਨੀ ਤਾਦਾਦ ਵਿੱਚ ਭੀੜ ਨੂੰ ਸੰਭਾਲਣ ਦੇ ਪ੍ਰਬੰਧ ਹਮੇਸ਼ਾ ਚੁਣੌਤੀਪੂਰਨ ਹੁੰਦੇ ਹਨ ਪਰ ਇਸ ਵਾਰ ਉੱਤਰ ਪ੍ਰਦੇਸ਼ ਸਰਕਾਰ ਦਾ ਜ਼ਿਆਦਾ ਧਿਆਨ ਸ਼ਾਇਦ ਪ੍ਰਚਾਰ ’ਤੇ ਜ਼ਿਆਦਾ ਕੇਂਦਰਿਤ ਰਿਹਾ ਹੈ। ਭਗਦੜ ਮਚਣ ਦੇ ਕਾਰਨਾਂ ਬਾਰੇ ਵੀ ਅਧਿਕਾਰੀ ਮੂੰਹ ਨਹੀਂ ਖੋਲ੍ਹ ਰਹੇ ਪਰ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਤੀਂ ਕਰੀਬ ਡੇਢ ਵਜੇ ਨਾਗਾ ਸਾਧੂਆਂ ਦੇ ਸ਼ਾਹੀ ਇਸ਼ਨਾਨ ਦੇ ਆਉਣ ਦੀ ਗੱਲ ਫੈਲਣ ’ਤੇ ਉੱਥੇ ਮੌਜੂਦ ਲੋਕਾਂ ਅੰਦਰ ਹਫੜਾ-ਦਫੜੀ ਮਚ ਗਈ ਅਤੇ ਬੇਕਾਬੂ ਭੀੜ, ਬੈਠੇ ਆਰਾਮ ਕਰ ਰਹੇ ਲੋਕਾਂ ਨੂੰ ਦਰੜਦੀ ਚਲੀ ਗਈ।
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਘਟਨਾ ਨੂੰ ਬਹੁਤੀ ਤਵੱਜੋ ਨਾ ਦੇ ਕੇ ਆਈ ਗਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਅਜਿਹਾ ਦਹਿਸ਼ਤ ਤੇ ਨਕਾਰਾਤਮਕ ਪ੍ਰਚਾਰ ਨੂੰ ਟਾਲਣ ਦੇ ਇਰਾਦੇ ਨਾਲ ਕੀਤਾ ਗਿਆ ਹੈ, ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਸ਼ਰਧਾਲੂਆਂ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ ਜਿਨ੍ਹਾਂ ਆਪਣੇ ਪਰਿਵਾਰਕ ਮੈਂਬਰ ਗੁਆ ਲਏ ਹਨ। ਸਥਿਤੀ ਬੇਕਾਬੂ ਕਿਵੇਂ ਹੋਈ ਤੇ ਕਿਨ੍ਹਾਂ ਵੱਲੋਂ ਡਿਊਟੀ ’ਚ ਲਾਪਰਵਾਹੀ ਵਰਤੀ ਗਈ, ਇਹ ਜਾਣਨ ਲਈ ਗਹਿਰਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਾਣਕਾਰੀ ਗੁਪਤ ਰੱਖਣ ਨਾਲ ਕੇਵਲ ਅਫ਼ਵਾਹਾਂ ਫੈਲਣਗੀਆਂ ਤੇ ਗ਼ਲਤ ਸੂਚਨਾ ਲੋਕਾਂ ਤੱਕ ਪਹੁੰਚੇਗੀ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਭੀੜ ਵਧਣ ਤੋਂ ਰੋਕਣ ਲਈ, ਜਿਹੜਾ ਵੀ ਪਹਿਲਾ ਘਾਟ ਉਨ੍ਹਾਂ ਨੂੰ ਮਿਲਦਾ ਹੈ, ਉੱਥੇ ਇਸ਼ਨਾਨ ਕਰਨ ’ਤੇ ਨਾਲ ਹੀ ਜ਼ੋਰ ਦਿੱਤਾ ਸੀ ਕਿ ਸੰਗਮ ’ਤੇ ਸਾਰੇ ਘਾਟਾਂ ਦੀ ਬਰਾਬਰ ਪਵਿੱਤਰਤਾ ਹੈ ਹਾਲਾਂਕਿ ਲੋੜ ਸੀ ਕਿ ਇਸ ਅਪੀਲ ਨੂੰ ਢੁੱਕਵੇਂ ਕਦਮਾਂ ਨਾਲ ਅਸਰਦਾਰ ਬਣਾਇਆ ਜਾਂਦਾ ਤਾਂ ਕਿ ਸ਼ਰਧਾਲੂ ਅਨੁਸ਼ਾਸਿਤ ਢੰਗ ਨਾਲ ਅੱਗੇ ਵਧਦੇ।
ਸੰਗਮ ’ਤੇ ਹੋਈ ਭਗਦੜ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੂੰ ਹੁਣ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕਰ ਕੇ ਸੁਧਾਰ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਸਰਕਾਰ ਦੀ ਪਹਿਲੀ ਤਰਜੀਹ ਸ਼ਰਧਾਲੂਆਂ ਦੀ ਸਲਾਮਤੀ ਯਕੀਨੀ ਬਣਾਉਣਾ ਹੈ। ਮਹਾ ਕੁੰਭ ਦੇ ਬਾਕੀ ਬਚੇ ਚਾਰ ਹਫ਼ਤਿਆਂ ਦੌਰਾਨ ਇਸੇ ਢੰਗ ਨਾਲ ਅੱਗੇ ਵਧਣਾ ਜ਼ਰੂਰੀ ਹੈ। ਮੌਤ ਦੇ ਕਾਲੇ ਪਰਛਾਵੇਂ ਨੂੰ ਅਜਿਹੇ ਉਤਸਵ ’ਤੇ ਭਾਰੂ ਨਹੀਂ ਪੈਣ ਦੇਣਾ ਚਾਹੀਦਾ ਜੋ ਪੂਰੇ ਮਾਣ ਨਾਲ ਭਾਰਤ ਦੀ ਅਧਿਆਤਮਕ ਮਹਿਮਾ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ।

Advertisement

Advertisement
Advertisement
Author Image

Jasvir Samar

View all posts

Advertisement