ਮਹਾਨ ਮੁੱਕੇਬਾਜ਼ ਜੌਰਜ ਐਡਵਰਡ ਫੋਰਮੈਨ
ਪ੍ਰਿੰਸੀਪਲ ਸਰਵਣ ਸਿੰਘ
ਜੌਰਜ ਐਡਵਰਡ ਫੋਰਮੈਨ ਮੁਹੰਮਦ ਅਲੀ ਦੇ ਜੋੜ ਦਾ ਮੁੱਕੇਬਾਜ਼ ਸੀ। ਉਹ ਗ਼ਰੀਬ ਮਾਂ ਦੀ ਕੁੱਖੋਂ ਜੰਮਿਆ ਸੀ ਜਿਸ ਨੂੰ ਬਾਲਗ ਹੋਣ ਤੱਕ ਪਤਾ ਨਹੀਂ ਸੀ ਕਿ ਕਿਸ ਬਾਪ ਦਾ ਪੁੱਤਰ ਹੈ? ਫਿਰ ਵੀ ਉਸ ਦਾ ਜੀਵਨ ਉਦੇਸ਼ ਵਿਸ਼ਵ ਦਾ ਅਮੀਰ ਵਿਅਕਤੀ ਬਣਨ ਦਾ ਨਹੀਂ, ਮੁੱਕੇਬਾਜ਼ੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੀ ਜੋ ਪੂਰਾ ਹੋ ਗਿਆ ਸੀ। ਮਾਣ ਨਾਲ ਉਸ ਨੂੰ ‘ਬਿੱਗ ਜੌਰਜ’ ਕਿਹਾ ਜਾਣ ਲੱਗਾ ਸੀ। ਉਹ ਮੁੱਕੇਬਾਜ਼ੀ ਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਹੋਣ ਦੇ ਨਾਲ ਗਿਰਜੇ ਦਾ ਪਾਦਰੀ ਤੇ ਗਰਿੱਲਾਂ ਦਾ ਅਮੀਰ ਕਾਰੋਬਾਰੀ ਵੀ ਸੀ।
ਉਹ ਅਦਭੁੱਤ ਮਨੁੱਖ ਸੀ ਜਿਸ ਨੇ ਅੱਲ੍ਹੜ ਉਮਰੇ ਜੁਰਮ ਕੀਤੇ, ਜੁਆਨੀ ’ਚ ਪੰਜ ਵਿਆਹ ਕਰਾਏ, ਵਡੇਰੀ ਉਮਰੇ ਦਾਨ ਪੁੰਨ ਕੀਤਾ ਤੇ ਵਿਸ਼ਵ ਪੱਧਰੀ ਮੁੱਕੇਬਾਜ਼ੀ ਕੀਤੀ। ਉਹਦੇ ਪੰਜ ਪੁੱਤਰ ਹੋਏ ਤੇ ਪੰਜ ਧੀਆਂ। ਉਹਦਾ ਜਨਮ ਅਮਰੀਕਾ ਦੀ ਟੈਕਸਾਸ ਸਟੇਟ ਦੇ ਸ਼ਹਿਰ ਮਾਰਸ਼ਲ ਵਿੱਚ 10 ਜਨਵਰੀ 1949 ਨੂੰ ਹੋਇਆ ਸੀ ਤੇ ਮੌਤ 21 ਮਾਰਚ 2025 ਨੂੰ ਹਿਊਸਟਨ ਵਿੱਚ ਹੋਈ। ਉਸ ਦਾ ਕੱਦ 1.92 ਮੀਟਰ ਤੇ ਵਜ਼ਨ 118 ਕਿਲੋਗ੍ਰਾਮ ਸੀ। ਆਪਣੇ 76 ਸਾਲਾਂ ਦੇ ਜੀਵਨ ਵਿੱਚ ਉਸ ਨੇ ਉਹ ਕਾਰਨਾਮੇ ਕੀਤੇ ਜੋ ਲੰਮਾ ਸਮਾਂ ਯਾਦ ਰਹਿਣਗੇ।
ਅੰਤਰਰਾਸ਼ਟਰੀ ਬੌਕਸਿੰਗ ਰਿਸਰਚ ਆਰਗੇਨਾਈਜੇਸ਼ਨ ਨੇ ਜੌਰਜ ਫੋਰਮੈਨ ਨੂੰ ਸਰਬ ਸਮਿਆਂ ਦਾ 8ਵਾਂ ਮਹਾਨ ਮੁੱਕੇਬਾਜ਼ ਐਲਾਨਿਆ। ਉਸ ਦਾ ਨਾਂ ਇੰਟਰਨੈਸ਼ਨਲ ਹਾਲ ਆਫ ਫੇਮ ਵਿੱਚ ਸੁਸ਼ੋਭਿਤ ਕੀਤਾ ਗਿਆ। 2002 ’ਚ ‘ਰਿੰਗ’ ਮੈਗਜ਼ੀਨ ਨੇ ‘ਬਿੱਗ ਜੌਰਜ’ ਨੂੰ ਇਤਿਹਾਸ ਦੇ 25 ਮਹਾਨ ਮੁੱਕੇਬਾਜ਼ਾਂ ਵਿੱਚ ਸ਼ੁਮਾਰ ਕੀਤਾ। ਸਖ਼ਤ ਪੰਚ ਮਾਰਨ ਵਾਲਿਆਂ ’ਚ ਉਹ ਨੌਵੇਂ ਥਾਂ ਸੀ। 12 ਸਾਲ ਉਸ ਨੇ ਮੁੱਕੇਬਾਜ਼ੀ ਦੇ ਮੁਕਾਬਲਿਆਂ ਦੀ ਕਵਰੇਜ ਕੀਤੀ। ਉਹ ਜਾਰਜ ਫੋਰਮੈਨ ਗਰਿੱਲ ਦਾ ਬੜਾ ਵੱਡਾ ਕਾਰੋਬਾਰੀ ਰਿਹਾ ਜਿਸ ਨੇ ਵਿਸ਼ਵ ਭਰ ’ਚ 100 ਮਿਲੀਅਨ ਯੂਨਿਟਾਂ ਵੇਚੀਆਂ ਜਿਨ੍ਹਾਂ ਨਾਲ 138 ਮਿਲੀਅਨ ਡਾਲਰ ਕਮਾਏ। ਤਦੇ ਉਸ ਨੂੰ ਸਫਲ ਮੁੱਕੇਬਾਜ਼, ਸਫਲ ਪਾਦਰੀ ਤੇ ਸਫਲ ਕਾਰੋਬਾਰੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਉਹ ਲੇਖਕ ਵੀ ਸੀ।
ਮੁੱਕੇਬਾਜ਼ੀ ਦੇ ਇਤਿਹਾਸ ਵਿੱਚ ਉਹ 46 ਸਾਲ 169 ਦਿਨਾਂ ਦੀ ਸਭ ਤੋਂ ਵਡੇਰੀ ਉਮਰ ਦਾ ਵਰਲਡ ਹੈਵੀਵੇਟ ਚੈਂਪੀਅਨ ਹੋ ਗੁਜ਼ਰਿਆ। ਉਹ 48 ਸਾਲ ਦੀ ਉਮਰੇ 1997 ਵਿੱਚ ਮੁੱਕੇਬਾਜ਼ੀ ਦੇ ਮੁਕਾਬਲਿਆਂ ਤੋਂ ਰਿਟਾਇਰ ਹੋਇਆ। ਆਪਣੇ ਖੇਡ ਕਰੀਅਰ ਦੌਰਾਨ ਉਸ ਨੇ 76 ਜਿੱਤਾਂ ਹਾਸਲ ਕੀਤੀਆਂ ਜਿਨ੍ਹਾਂ ’ਚ 68 ਨਾਕਆਊਟ ਨਾਲ ਸਨ। ਉਹ ਕੇਵਲ 5 ਮੁਕਾਬਲਿਆਂ ’ਚ ਹਾਰਿਆ ਜਿਨ੍ਹਾਂ ’ਚੋਂ ਇੱਕ ਹਾਰ ਮੁਹੰਮਦ ਅਲੀ ਹੱਥੋਂ ਹੋਈ। ਉਹ ਹਾਰ ਜੌਰਜ ਫੋਰਮੈਨ ਨੂੰ ਆਖ਼ਰੀ ਸਵਾਸ ਤੱਕ ਯਾਦ ਰਹੀ। ਉਹ ਅਮਰੀਕਾ ਦਾ ਪੇਸ਼ੇਵਰ ਮੁੱਕੇਬਾਜ਼ ਸੀ ਜਿਸ ਨੇ 1967 ਤੋਂ 1997 ਤੱਕ ਮੁੱਕੇਬਾਜ਼ੀ ਕੀਤੀ। ਕੈਨੇਡਾ ਵਿੱਚ ਇੱਕ ਰਾਤ ਉਹ ਪੰਜ ਹੈਵੀਵੇਟ ਮੁੱਕੇਬਾਜ਼ਾਂ ਨਾਲ ਭਿੜਿਆ ਜਿਨ੍ਹਾਂ ’ਚੋਂ ਤਿੰਨਾਂ ਨੂੰ ਨਾਕਆਊਟ ਕੀਤਾ।
ਜਦੋਂ ਉਹ ਬੱਚਾ ਸੀ ਤਾਂ ਉਸ ਨੂੰ ਰੱਜਵੀਂ ਖੁਰਾਕ ਨਹੀਂ ਸੀ ਮਿਲਦੀ। ਉਸ ਨੂੰ ਸੁਫ਼ਨੇ ਆਉਂਦੇ ਕਿ ਉਹ ਤਾਲਾ ਲਾ ਕੇ ਗਰੌਸਰੀ ਸਟੋਰ ’ਚ ਲੁਕ ਗਿਆ ਹੈ ਤੇ ਰੱਜ ਕੇ ਖਾ ਪੀ ਰਿਹਾ ਹੈ! ਉਹਦਾ ਜਨਮ ਬੇਸ਼ੱਕ ਮਾਰਸ਼ਲ ਸ਼ਹਿਰ ਵਿੱਚ ਹੋਇਆ ਸੀ, ਪਰ ਉਸ ਦਾ ਪਾਲਣ ਪੋਸ਼ਣ ਹਿਊਸਟਨ ਦੇ ਫਿਫਥ ਵਾਰਡ ਵਿੱਚ ਹੋਇਆ। ਉਹ ਛੇ ਭੈਣ-ਭਾਈ ਸਨ। ਉਹਦਾ ਬਾਪ ਲਰੋਏ ਮੂਰਹੈੱਡ ਸੀ ਜੋ ਉਸ ਨੂੰ ਉਹਦੀ ਮਾਂ ਪਾਸ ਛੱਡ ਗਿਆ ਸੀ। ਜੌਰਜ ਫੋਰਮੈਨ ਦੀ ਪਾਲਣਾ ਫਿਰ ਉਹਦੀ ਮਾਂ ਨੇ ਹੀ ਕੀਤੀ ਜਿਸ ਨੇ ਜੌਰਜ ਡੀ ਫੋਰਮੈਨ ਨਾਲ ਵਿਆਹ ਕਰਵਾ ਲਿਆ ਸੀ। ਜੌਰਜ ਫੋਰਮੈਨ ਨੇ ਆਪਣੀ ਸਵੈਜੀਵਨੀ ਵਿੱਚ ਲਿਖਿਆ ਕਿ ‘ਬਿੱਗ ਬੀਅਰ’ ਬਚਪਨ ’ਚ ਵਿਗੜਿਆ ਮੁੰਡਾ ਸੀ। ਉਹ ਪੰਗੇਹੱਥਾ ਦੰਗੇਬਾਜ਼ ਸੀ ਜਿਸ ਕਰਕੇ 15ਵੇਂ ਸਾਲ ਦੀ ਉਮਰੇ ਸਕੂਲ ਦੀ ਪੜ੍ਹਾਈ ਛੱਡ ਗਿਆ ਸੀ ਤੇ ਵਿਗੜੇ ਮੁੰਡਿਆਂ ਨਾਲ ਰਲ਼ ਕੇ ਕੁੱਟ-ਮਾਰ ਕਰਨ ਲੱਗ ਪਿਆ ਸੀ।
ਇਹ ਅਕਸਰ ਵੇਖਿਆ ਗਿਆ ਕਿ ਕੁੱਟ-ਮਾਰ ਕਰਨ ਵਾਲੇ ਅਨੇਕ ਅੱਲ੍ਹੜ ਮੁੰਡੇ ਵੱਡੇ ਹੋ ਕੇ ਨਾਮੀ ਮੁੱਕੇਬਾਜ਼ ਬਣੇ। ਇਸੇ ਲਈ ਕਿਹਾ ਜਾਂਦਾ ਹੈ ਕਿ ਮੁੱਕੇਬਾਜ਼ੀ ਦੀ ਖੇਡ ਲੜਾਈਆਂ ਝਗੜਿਆਂ ਅਥਵਾ ਕੁੱਟ-ਮਾਰ ਦਾ ਵਧੀਆ ਬਦਲ ਹੈ। ਮੁੱਕੇਬਾਜ਼ੀ ਕਰਦਿਆਂ ਬੰਦੇ ਅੰਦਰਲਾ ਵਾਧੂ ਜ਼ੋਰ, ਫਤੂਰ, ਰੋਹ ਤੇ ਰੰਜ ਖੇਡ ਖੇਡ ਵਿੱਚ ਹੀ ਖ਼ਤਮ ਹੋ ਜਾਂਦਾ ਹੈ। ਅਜੋਕੀਆਂ ਓਲੰਪਿਕ ਖੇਡਾਂ ਦੇ ਬਾਨੀ ਕੂਬਰਤਿਨ ਨੇ ਠੀਕ ਹੀ ਕਿਹਾ ਸੀ ਕਿ ਓਲੰਪਿਕ ਖੇਡਾਂ ਲੜਾਈਆਂ ਦਾ ਸਭ ਤੋਂ ਚੰਗਾ ਬਦਲ ਹਨ। ਪੁਰਾਤਨ ਓਲੰਪਿਕ ਖੇਡਾਂ ਸਮੇਂ ਜਿੱਥੇ ਕਿਤੇ ਲੜਾਈਆਂ ਹੁੰਦੀਆਂ ਸਨ, ਉਹ ਬੰਦ ਕਰ ਦਿੱਤੀਆਂ ਜਾਂਦੀਆਂ ਸਨ ਤੇ ਉਦੋਂ ਤੱਕ ਬੰਦ ਰਹਿੰਦੀਆਂ ਸਨ ਜਦੋਂ ਤੱਕ ਖੇਡ ਮੁਕਾਬਲੇ ਮੁੱਕ ਨਹੀਂ ਸੀ ਜਾਂਦੇ।
ਜੌਰਜ ਫੋਰਮੈਨ ਦੀ ਅੱਲ੍ਹੜ ਉਮਰ ਬੇਸ਼ੱਕ ਮਾਰ-ਧਾੜ ’ਚ ਲੰਘੀ ਸੀ, ਪਰ ਜਦੋਂ ਉਹ 16 ਸਾਲਾਂ ਦਾ ਹੋਇਆ ਤਾਂ ਆਪਣੀ ਮਾਂ ਨੂੰ ਕਹਿਣ ਲੱਗਾ, “ਮਾਂ ਮੈਂ ਹੁਣ ਕੋਈ ਚੱਜ ਦਾ ਕੰਮ ਕਰਾਂਗਾ ਜਿਸ ’ਚੋਂ ਹੱਕ ਦੀ ਕਮਾਈ ਹੋਵੇ।” ਉਹ ਭੱਠੇ ’ਤੇ ਕੰਮ ਕਰਨ ਲੱਗ ਗਿਆ ਤੇ ਤਰੱਕੀ ਕਰਦਾ ਰਾਜ ਮਿਸਤਰੀ ਬਣ ਗਿਆ। ਫਿਰ ਉਨ੍ਹਾਂ ਦਾ ਪਰਿਵਾਰ ਪਲੀਸੈਂਟਨ, ਕੈਲੀਫੋਰਨੀਆ ਜਾ ਵਸਿਆ। ਉੱਥੇ ਪਹਿਲਾਂ ਉਹ ਫੁੱਟਬਾਲ ਖੇਡਣ ਲੱਗਾ ਤੇ ਫਿਰ ਮੁੱਕੇਬਾਜ਼ੀ ਕਰਨ ਲੱਗ ਪਿਆ। ਉਦੋਂ ਮਹਾਨ ‘ਜਿਮ ਬ੍ਰਾਊਨ’ ਉਹਦਾ ਆਦਰਸ਼ ਸੀ।
ਪਹਿਲਾਂ ਕੁਝ ਸਾਲ ਉਹ ਸ਼ੌਕੀਆ ਮੁੱਕੇਬਾਜ਼ੀ ਕਰਦਾ ਰਿਹਾ ਕਿਉਂਕਿ ਸ਼ੌਕੀਆ ਮੁੱਕੇਬਾਜ਼ ਹੀ ਸਕੂਲਾਂ, ਕਾਲਜਾਂ, ਸਟੇਟ, ਨੈਸ਼ਨਲ ਤੇ ਓਲੰਪਿਕ ਖੇਡਾਂ ’ਚ ਭਾਗ ਲੈ ਸਕਦੇ ਸਨ। ਉਹ ਐਮੇਚਿਓਰ ਯਾਨੀ ਸ਼ੌਕੀਆ ਮੁਕਾਬਲੇ ਜਿੱਤਦਾ ਅਮਰੀਕਾ ਦਾ ਨੈਸ਼ਨਲ ਪੱਧਰ ਦਾ ਮੁੱਕੇਬਾਜ਼ ਬਣ ਗਿਆ। 1968 ਵਿੱਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਆਈਆਂ ਤਾਂ ਉਸ ਦੀ ਉਮਰ 19 ਸਾਲ ਦੀ ਸੀ। ਉਹ ਨਾ ਸਿਰਫ਼ ਅਮਰੀਕਾ ਦੀ ਟੀਮ ’ਚ ਚੁਣਿਆ ਗਿਆ ਸਗੋਂ ਮੁੱਕੇਬਾਜ਼ੀ ਦੇ ਮੁਕਾਬਲੇ ਜਿੱਤਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਚੈਂਪੀਅਨ ਬਣ ਗਿਆ! ਜਿਵੇਂ ਮੁਹੰਮਦ ਅਲੀ ਰੋਮ ਦੀਆਂ ਓਲੰਪਿਕ ਖੇਡਾਂ ’ਚੋਂ ਗੋਲਡ ਮੈਡਲ ਜਿੱਤਣ ਪਿੱਛੋਂ ਪੇਸ਼ਾਵਰ ਮੁੱਕੇਬਾਜ਼ ਬਣਿਆ ਸੀ ਉਵੇਂ ਜੌਰਜ ਫੋਰਮੈਨ ਵੀ ਓਲੰਪਿਕ ਗੋਲਡ ਮੈਡਲ ਜਿੱਤਣ ਪਿੱਛੋਂ ਪ੍ਰੋਫੈਸ਼ਨਲ ਮੁੱਕੇਬਾਜ਼ ਬਣ ਗਿਆ।
ਪੇਸ਼ਾਵਰ ਮੁੱਕੇਬਾਜ਼ ਵਜੋਂ ਫਿਰ ਉਸ ਦੇ ਭੇੜ ਕਹਿੰਦੇ ਕਹਾਉਂਦੇ ਮੁੱਕੇਬਾਜ਼ਾਂ ਨਾਲ ਹੁੰਦੇ ਗਏ ਤੇ ਉਹਦੇ ਬੋਝੇ ਡਾਲਰਾਂ ਨਾਲ ਭਰਦੇ ਗਏ। ਮੁਹੰਮਦ ਅਲੀ ਵੀਅਤਨਾਮ ਦੀ ਜੰਗ ਵਿੱਚ ਜਾਣ ਤੋਂ ਇਨਕਾਰੀ ਹੋਣ ਕਰਕੇ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਸੀ। ਉਨ੍ਹੀਂ ਦਿਨੀਂ ਮੁੱਕੇਬਾਜ਼ ਜੋਅ ਫਰੇਜ਼ੀਅਰ ਦੀ ਗੁੱਡੀ ਸਿਖਰਾਂ ’ਤੇ ਸੀ। ਉਹ ਹੈਵੀਵੇਟ ਦਾ ਵਿਸ਼ਵ ਚੈਂਪੀਅਨ ਬਣ ਚੁੱਕਾ ਸੀ। 1973 ਵਿੱਚ ਵਰਲਡ ਹੈਵੀਵੇਟ ਚੈਂਪੀਅਨ ਦੇ ਟਾਈਟਲ ਲਈ ਵਿਸ਼ਵ ਚੈਂਪੀਅਨ ਜੋਅ ਫਰੇਜ਼ੀਅਰ ਤੇ ਜੌਰਜ ਫੋਰਮੈਨ ਵਿਚਕਾਰ ਮੁਕਾਬਲਾ ਹੋਇਆ। ਕੁੱਲ ਦੁਨੀਆ ਦੇ ਦਰਸ਼ਕਾਂ ਦੀਆਂ ਅੱਖਾਂ ਉਸ ਮੁਕਾਬਲੇ ਨੂੰ ਨਿਹਾਰ ਰਹੀਆਂ ਸਨ। ਬਹੁਤੇ ਦਰਸ਼ਕ ਸਮਝਦੇ ਸਨ ਕਿ ਜੋਅ ਫਰੇਜ਼ੀਅਰ ਹੀ ਦੁਬਾਰਾ ਵਿਸ਼ਵ ਚੈਂਪੀਅਨ ਬਣੇਗਾ, ਪਰ ‘ਬਿੱਗ ਜੌਰਜ’ ਨੇ ਦੂਜੇ ਰਾਊਂਡ ਵਿੱਚ ਹੀ ਭਾਣਾ ਵਰਤਾ ਦਿੱਤਾ। ਉਸ ਨੇ ਜੋਅ ਫਰੇਜ਼ੀਅਰ ਨੂੰ ਨਾਕਆਊਟ ਕਰ ਦਿੱਤਾ। ਇਹ ਦੰਗ ਕਰ ਦੇਣ ਵਾਲੀ ਜਿੱਤ ਸੀ!
1973-74 ਦੌਰਾਨ ‘ਬਿੱਗ ਜੌਰਜ’ ਵਿਸ਼ਵ ਦਾ ਸਭ ਤੋਂ ਤਕੜਾ ਮੁੱਕੇਬਾਜ਼ ਬਣਿਆ ਰਿਹਾ। ਉਦੋਂ ਤੱਕ ਉਹ 40 ਭੇੜਾਂ ’ਚੋਂ 37 ਭੇੜ ਵਿਰੋਧੀਆਂ ਨੂੰ ਨਾਕਆਊਟ ਕਰ ਕੇ ਜਿੱਤ ਚੁੱਕਾ ਸੀ। 30 ਅਕਤੂਬਰ 1974 ਦੇ ਦਿਨ ਅਫ਼ਰੀਕਾ ਦੇ ਦੇਸ਼ ਜ਼ੈਰ ਵਿਖੇ ਉਹਦਾ ਮੁਕਾਬਲਾ ਮੁੱਕੇਬਾਜ਼ੀ ਦੇ ਸ਼ਹਿਨਸ਼ਾਹ ਮੁਹੰਮਦ ਅਲੀ ਨਾਲ ਹੋਇਆ। ਉਹ ਮੁਕਾਬਲਾ ਬੇਹੱਦ ਪ੍ਰਚਾਰਿਆ ਗਿਆ। ਦੋਹਾਂ ਦੀਆਂ ਕਮੀਆਂ ਪੇਸ਼ੀਆਂ ਵੀ ਪ੍ਰਚਾਰੀਆਂ ਗਈਆਂ। ਮੁਹੰਮਦ ਅਲੀ ਦਾ ਜੇਲ੍ਹ ਜਾਣਾ ਤੇ ਜੌਰਜ ਫੋਰਮੈਨ ਦਾ ਮੁਕੱਦਮਿਆਂ ’ਚ ਫਸੇ ਹੋਣਾ ਦੱਸਿਆ ਗਿਆ। ਜੌਰਜ ਨੂੰ ਉਹਦੇ ਵੈਟਰਨ ਟਰੇਨਰ ਡਿੱਕ ਸੈਡਲਰ ਨੇ ਚੰਡਿਆ ਹੋਇਆ ਸੀ। ਉਹ ਲਗਾਤਾਰ ਸ਼ੌਕੀਆ ਤੇ ਪੇਸ਼ੇਵਰ ਟਾਈਟਲ ਜਿੱਤਦਾ ਆ ਰਿਹਾ ਸੀ। ਉਹ ਚਾਰਲਸ ਸੋਨੀ ਲਿਸਟਨ ਤੇ ਚਾਰਲੀ ਸਨਾਈਪਸ ਦੀਆਂ ਪੈੜਾਂ ’ਤੇ ਚੱਲ ਰਿਹਾ ਸੀ ਤੇ ਨਾਮਵਰ ਮੁੱਕੇਬਾਜ਼ਾਂ ਨੂੰ ਮਾਤ ਪਾ ਚੁੱਕਾ ਸੀ।
ਅਫ਼ਰੀਕਾ ਦੇ ਦੇਸ਼ ਜ਼ੈਰ ਵਿੱਚ ਮੁਹੰਮਦ ਅਲੀ ਤੇ ਬਿੱਗ ਜੌਰਜ ਵਿਚਕਾਰ ਕਾਂਟੇਦਾਰ ਮੁਕਾਬਲਾ ਹੋਇਆ ਜੋ 8 ਰਾਊਂਡ ਚੱਲਿਆ। ਇੱਕ ਸਟੇਜ ’ਤੇ ਮੁਹੰਮਦ ਅਲੀ ਨੇ ਐਸਾ ਮੁੱਕਾ ਜੜਿਆ ਕਿ ਜੌਰਜ ਦੇ ਸਿਰ ’ਚੋਂ ਮੁੜ੍ਹਕੇ ਦੀਆਂ ਤਤੀਰੀਆਂ ਚੁਫੇਰੇ ਖਿਲਰ ਗਈਆਂ ਜਿਨ੍ਹਾਂ ਨੂੰ ਕੈਮਰਿਆਂ ’ਚ ਬੰਦ ਕਰ ਲਿਆ ਗਿਆ। ਜੱਜਾਂ ਨੇ ਫ਼ੈਸਲਾ ਮੁਹੰਮਦ ਅਲੀ ਦੇ ਹੱਕ ਵਿੱਚ ਸੁਣਾਇਆ। 8 ਰਾਊਂਡਾਂ ਵਿੱਚ ਨਾਕਆਊਟ ਜਿੱਤ ਮੁਹੰਮਦ ਅਲੀ ਦੀ ਹੋਈ। ਉਸ ਭੇੜ ਤੋਂ ਬਾਅਦ ਉਨ੍ਹਾਂ ਵਿਚਕਾਰ ਕੋਈ ਹੋਰ ਭੇੜ ਨਾ ਹੋਇਆ ਤੇ ਉਹ ਰਹਿੰਦੀ ਉਮਰ ਦੋਸਤ ਬਣੇ ਰਹੇ। ਮੁਹੰਮਦ ਅਲੀ ਵਡੇਰੀ ਉਮਰੇ ਪਰਕਿਨਸਨ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। 1996 ’ਚ ਉਸ ਨੂੰ ਆਸਕਰ ਐਵਾਰਡ ਲੈਣ ਲਈ ਸਟੇਜ ’ਤੇ ਜਾਣ ਦੀ ਤਕਲੀਫ਼ ਸਮਝਦਿਆਂ ‘ਬਿੱਗ ਜੌਰਜ’ ਅਲੀ ਨੂੰ ਸਹਾਰਾ ਦੇ ਕੇ ਸਟੇਜ ’ਤੇ ਲੈ ਗਿਆ ਸੀ।
ਜੌਰਜ ਨੇ ਜੋਅ ਫਰੇਜ਼ੀਅਰ ਤੋਂ ਬਿਨਾਂ ‘ਕਿੰਗ’ ਰੋਮਨ ਨੂੰ ਇੱਕੋ ਰਾਊਂਡ ’ਚ ਤੇ ਕੈਨ ਨਾਰਟਨ ਨੂੰ 2 ਰਾਊਂਡਾਂ ’ਚ ਹਰਾ ਕੇ ਟਾਈਟਲ ਜਿੱਤੇ। 1975 ਵਿੱਚ ਇੱਕ ਨੁਮਾਇਸ਼ੀ ਸ਼ੋਅ ’ਚ ਲਗਾਤਾਰ 5 ਮੁੱਕਬਾਜ਼ਾਂ ਨੂੰ ਇੱਕੋ ਸਾਹ ਹਰਾਇਆ। 1977 ਵਿੱਚ ਪੋਰਟੋ ਰੀਕੋ ਵਿਖੇ ਜਿਮੀ ਯੰਗ ਨਾਲ ਭਿੜਨ ਪਿੱਛੋਂ ਜਦੋਂ ਉਹ ਡਰੈਸਿੰਗ ਰੂਮ ਵਿੱਚ ਗਿਆ ਤਾਂ ਉਸ ਦੇ ਕਥਨ ਅਨੁਸਾਰ ਉਸ ਨੂੰ ਗੌਡ ਦੇ ਦਰਸ਼ਨ ਹੋਏ। ਉਸ ਪਿੱਛੋਂ ਉਹ ਇਸਾਈ ਧਰਮ ਦਾ ਪ੍ਰੀਚਰ ਅਥਵਾ ਪਾਦਰੀ ਬਣ ਗਿਆ। ਉਸ ਨੇ ਮੁੱਕੇਬਾਜ਼ੀ ਕਰਨੀ ਛੱਡ ਦਿੱਤੀ, ਆਲੀਸ਼ਾਨ ਚਰਚ ਬਣਾਇਆ ਤੇ ਧਰਮ ਪ੍ਰਚਾਰ ਕਰਨ ਲੱਗਾ। ਧਰਮ ਕਾਰਜ ਵਿੱਚ ਉਸ ਨੇ ਦਸ ਸਾਲ ਲਾਏ। ਉਸ ਦਾ ਭਾਰ 300 ਪੌਂਡ ਤੱਕ ਵਧ ਗਿਆ। ਭਾਰ ਘਟਾਉਣ ਤੇ ਚਰਚ ਲਈ ਫੰਡ ਜੁਟਾਉਣ ਵਾਸਤੇ ਉਹ ਫਿਰ ਮੁੱਕੇਬਾਜ਼ੀ ਕਰਨ ਲੱਗ ਪਿਆ। ਮੁੱਕੇਬਾਜ਼ੀ ਦੇ ਮਾਹਿਰ ਉਸ ਦੇ ਇਸ ਮੋੜ ’ਤੇ ਹੱਸਣ ਲੱਗੇ ਕਿ ਹੁਣ ਇਹ ਕਿੱਧਰ ਤੁਰ ਪਿਆ?
ਵੱਡੀ ਹੈਰਾਨੀ ਉਦੋਂ ਹੋਈ ਜਦੋਂ ਪਾਦਰੀ ਤੋਂ ਫਿਰ ਮੁੱਕੇਬਾਜ਼ ਬਣੇ ‘ਬਿੱਗ ਜੌਰਜ’ ਨੇ 18 ਸਿੱਧੇ ਟਾਈਟਲ ਜਿੱਤ ਮਾਰੇ ਤੇ ਉਹ ਵੀ ਨਾਕ ਆਊਟ ਨਾਲ!
ਇੱਕ ਸਮਾਂ ਐਸਾ ਵੀ ਆਇਆ ਜਦੋਂ ਵਿਸ਼ਵ ਚੈਂਪੀਅਨ ਜੌਰਜ ਫੋਰਮੈਨ ਤੇ ਵਿਸ਼ਵ ਚੈਂਪੀਅਨ ਮਾਈਕਲ ਟਾਈਸਨ ਵਿਚਕਾਰ 50+50 ਮਿਲੀਅਨ ਡਾਲਰੀ ਮੁਕਾਬਲਾ ਐਲਾਨਿਆ ਗਿਆ। ਉਦੋਂ ‘ਬਿੱਗ ਜੌਰਜ’ ਦੀ ਉਮਰ 46 ਸਾਲਾਂ ਦੀ ਹੋ ਚੁੱਕੀ ਸੀ ਜਦੋਂ ਕਿ ਮਾਈਕਲ ਟਾਈਸਨ ਅਜੇ ਜੁਆਨ ਸੀ, ਪਰ ਟਾਈਸਨ ਉਸ ਮੁਕਾਬਲੇ ’ਚੋਂ ਪਿੱਛੇ ਹਟ ਗਿਆ। ਉਸ ਨੂੰ ਡਰ ਸੀ ਕਿਤੇ 46 ਸਾਲ ਦੇ ‘ਬੁੱਢੇ’ ਤੋਂ ਹਾਰ ਨਾ ਜਾਵੇ! ਹਾਲਾਂਕਿ ਦੋਹਾਂ ਮੁੱਕੇਬਾਜ਼ਾਂ ਦੇ ਬੋਝੇ ਪੰਜਾਹ ਪੰਜਾਹ ਮਿਲੀਅਨ ਡਾਲਰ ਪੈਣੇ ਸਨ!
ਜੌਰਜ ਫੋਰਮੈਨ ਦਾ ਪਹਿਲਾ ਵਿਆਹ ਐਡਰੀਨ ਕਲਹੌਨ ਨਾਲ 24 ਦਸੰਬਰ 1971 ਨੂੰ ਹੋਇਆ। ਉਹਦਾ 13 ਫਰਵਰੀ 1974 ਨੂੰ ਤਲਾਕ ਹੋ ਗਿਆ। ਉਸ ਵਿਆਹ ’ਚੋਂ 2 ਬੱਚੇ ਪੈਦਾ ਹੋਏ ਸਨ। ਉਸ ਦਾ ਦੂਜਾ ਵਿਆਹ 6 ਅਕਤੂਬਰ 1977 ਨੂੰ ਸਿੰਥੀਆ ਲੇਵੀਸ ਨਾਲ ਹੋਇਆ ਜੋ ਬਿਨਾਂ ਬੱਚਾ ਪੈਦਾ ਕੀਤੇ 3 ਅਗਸਤ 1979 ਨੂੰ ਤਲਾਕ ਨਾਲ ਟੁੱਟ ਗਿਆ। ਤੀਜਾ ਵਿਆਹ 15 ਸਤੰਬਰ 1981 ਨੂੰ ਸ਼ੇਰੋਂ ਗੁੱਡਸਨ ਨਾਲ ਹੋਇਆ ਜੋ ਬਿਨਾਂ ਬੱਚਾ ਪੈਦਾ ਕੀਤੇ 23 ਅਪਰੈਲ 1982 ਤੱਕ ਨਿਭਿਆ। ਚੌਥਾ ਵਿਆਹ 28 ਅਪਰੈਲ 1982 ਨੂੰ ਐਂਡਰੀਆ ਸਕੀਟੀ ਨਾਲ ਹੋਇਆ ਜਿਸ ਤੋਂ ਦੋ ਬੱਚੇ ਪੈਦਾ ਹੋਏ, ਪਰ 4 ਫਰਵਰੀ 1985 ਨੂੰ ਉਹਦਾ ਵੀ ਤਲਾਕ ਹੋ ਗਿਆ। ਪੰਜਵਾਂ ਤੇ ਆਖ਼ਰੀ ਵਿਆਹ 25 ਮਾਰਚ 1985 ਨੂੰ ਮੇਰੀ ਫੋਰਮੈਨ ਨਾਲ ਹੋਇਆ ਜਿਹਦੇ 6 ਬੱਚੇ ਪੈਦਾ ਹੋਏ। ਮੇਰੀ ਫੋਰਮੈਨ ਅਜੇ ਜਿਊਂਦੀ ਹੈ ਜਦ ਕਿ ਜੌਰਜ ਫੋਰਮੈਨ 25 ਮਾਰਚ 2025 ਨੂੰ ਚਲਾਣਾ ਕਰ ਚੁੱਕੈ।
ਉਸ ਦੇ ਨਰ ਬੱਚਿਆਂ ਦੇ ਨਾਂ ਜਾਰਜ ਫੋਰਮੈਨ ਦੇ ਨਾਂ ਨਾਲ ਸ਼ੁਰੂ ਹੁੰਦੇ ਹਨ। ਉਸ ਦਾ ਕਹਿਣਾ ਹੈ ਕਿ ਇਹ ਨਾਂ ਬੱਚਿਆਂ ਦੀ ਵਲਦੀਅਤ ਤੇ ਸਾਂਝ ਲਈ ਰੱਖੇ ਹਨ। ਉਸ ਨੂੰ ਖ਼ੁਦ ਆਪਣੇ ਅਸਲੀ ਬਾਪ ਦਾ ਪਤਾ ਬਾਲਗ ਹੋ ਕੇ ਲੱਗਾ ਸੀ ਜਿਸ ਦਾ ਨਾਂ ਲਰੋਏ ਮੂਰਹੈੱਡ ਸੀ। ਫਿਰ ਪਾਦਰੀ ਬਣੇ ਜਾਰਜ ਫੋਰਮੈਨ ਨੇ ਹੀ ਪੁੱਤਰ ਵਜੋਂ ਆਪਣੇ ਬਿੰਦੀ ਬਾਪ ਦੀਆਂ ਅੰਤਮ ਰਸਮਾਂ ਨਿਭਾਈਆਂ ਸਨ।
ਦਸ ਸਾਲ ਪਾਦਰੀ ਰਹਿਣ ਤੋਂ ਬਾਅਦ ਜੌਰਜ ਮੁੜ ਰਿੰਗ ਵਿੱਚ ਆਇਆ ਤਾਂ ਉਸ ਨੇ ਉਤੋੜੁੱਤੀ 18 ਮੁਕਾਬਲੇ ਨਾਕਆਊਟ ਨਾਲ ਜਿੱਤੇ, ਪਰ ਈਵੈਂਡਰ ਹੌਲੀਫੀਲਡ ਤੋਂ ਟਾਈਟਲ ਮੁਕਾਬਲਾ ਹਾਰ ਗਿਆ। ਹੈਰਾਨੀ ਦੀ ਗੱਲ ਇਹ ਹੋਈ ਕਿ ਕੁਝ ਸਾਲਾਂ ਬਾਅਦ 45 ਸਾਲਾਂ ਦੀ ਉਮਰੇ ਉਹ 26 ਸਾਲ ਦੇ ਵਿਸ਼ਵ ਹੈਵੀਵੇਟ ਚੈਂਪੀਅਨ ਮਾਈਕਲ ਮੂਰਰ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਗਿਆ! ਇਹ ਕਿਸੇ ਵੀ ਮੁੱਕੇਬਾਜ਼ ਦਾ ਸਭ ਤੋਂ ਵਡੇਰੀ ਉਮਰ ਦਾ ਵਰਲਡ ਚੈਂਪੀਅਨ ਬਣਨ ਦਾ ਰਿਕਾਰਡ ਹੈ। ਆਪਣੇ ਟਾਈਟਲ ਦੀ ਰਾਖੀ ਲਈ ਆਖ਼ਰੀ ਭੇੜ ਉਹ ਸ਼ਾਨਨ ਬ੍ਰਿੱਗਜ਼ ਵਿਰੁੱਧ ਭਿੜਿਆ ਜੋ ਵਿਵਾਦੀ ਫ਼ੈਸਲੇ ਨਾਲ ਹਾਰ ਕੇ ਮੁੱਕੇਬਾਜ਼ੀ ਹੀ ਛੱਡ ਗਿਆ।
ਪਹਿਲਾ ਵਿਸ਼ਵ ਟਾਈਟਲ ‘ਬਿੱਗ ਜੌਰਜ’ ਨੇ 1973 ਵਿੱਚ ਜਿੱਤਿਆ ਸੀ ਤੇ ਦੂਜਾ 21 ਸਾਲ ਬਾਅਦ 1994 ਵਿੱਚ। 21 ਸਾਲਾਂ ਬਾਅਦ ਦੁਬਾਰਾ ਵਿਸ਼ਵ ਚੈਂਪੀਅਨ ਬਣਨਾ ਵੀ ਆਪਣੀ ਤਰ੍ਹਾਂ ਦਾ ਵਿਸ਼ਵ ਰਿਕਾਰਡ ਹੀ ਹੈ। ਉਹ ਸਮਰਪਿਤ ਪਾਦਰੀ, ਸਮਰਪਿਤ ਪਤੀ, ਪਿਆਰਾ ਬਾਪ, ਸਤਿਕਾਰਤ ਬਾਬਾ ਤੇ ਪੜਦਾਦਾ ਸੀ। ਉਹ ਲੀਜੈਂਡਰੀ ਮੁੱਕੇਬਾਜ਼ ਸੀ। ਉਹ 1977 ’ਚ ਲਾਰਡ ਈਸਾ ਮਸੀਹ ਚਰਚ ਟੈਕਸਾਸ ਦਾ ਪ੍ਰੀਚਰ ਬਣਿਆ ਸੀ ਜੋ ਜੌਰਜ ਨੇ ਹੀ ਬਣਵਾਇਆ ਸੀ। 1987 ’ਚ ਪੈਸੇ ’ਕੱਠੇ ਕਰ ਕੇ ਉਸ ਨੇ ਇੱਕ ਯੂਥ ਸੈਂਟਰ ਵੀ ਬਣਵਾਇਆ।
ਉਸ ਦੇ ਦੇਹਾਂਤ ਸਮੇਂ ਉੱਘੇ ਵਿਅਕਤੀਆਂ ਨੇ ਬੜੀਆਂ ਭਾਵਪੂਰਤ ਸ਼ਰਧਾਂਜਲੀਆਂ ਭੇਟ ਕੀਤੀਆਂ। ਵਿਸ਼ਵ ਬੌਕਸਿੰਗ ਸੰਸਥਾ ਦੇ ਪ੍ਰਧਾਨ ਮੌਰੀਸੀਓ ਸੁਲੇਮਾਨ ਦੀ ਸ਼ਰਧਾਂਜਲੀ ਸੀ, “ਉਸ ਦੀ ਯਾਦ ਸਦੀਵੀ ਹੈ। ਰੱਬ ਉਹਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ।” ‘ਬਿੱਗ ਜੌਰਜ’ ਦੇ ਜੀਵਨ ’ਤੇ ਬਣੀ ਫਿਲਮ 2023 ਵਿੱਚ ਰਿਲੀਜ਼ ਹੋਈ।
ਈ-ਮੇਲ: principalsarwansingh@gmail.com