ਮਹਾਨ ਜਰਨੈਲ, ਯੋਧਾ ਅਤੇ ਜੰਗੀ ਨਾਇਕ ਸਿਕੰਦਰ
ਸੰਧਰ ਵਿਸਾਖਾ
ਦੁਨੀਆ ਵਿੱਚ ਕਈ ਅਜਿਹੇ ਮਹਾਨ ਵਿਅਕਤੀ ਹੋਏ ਹਨ ਜਿਨ੍ਹਾਂ ਦੇ ਜੀਵਨ ਦੂਜਿਆਂ ਲਈ ਪ੍ਰੇਰਨਾ ਬਣਦੇ ਹਨ। ਅਜਿਹਾ ਹੀ ਵਿਅਕਤੀ ਸੀ ਮਹਾਨ ਸਿਕੰਦਰ ਯਾਨੀ ਅਲੈਗਜ਼ੈਂਡਰ ਦਿ ਗ੍ਰੇਟ। ਇਸ ਮਹਾਨ ਜਰਨੈਲ, ਸਾਹਸੀ ਯੋਧੇ, ਵਿਸ਼ਾਲ ਸੈਨਾਪਤੀ, ਜੰਗੀ ਨਾਇਕ ਨੇ ਜਿੱਧਰ ਨੂੰ ਵੀ ਮੁੱਖ ਮੋੜਿਆ, ਉਨ੍ਹਾਂ ਹੀ ਦਿਸ਼ਾਵਾਂ ਨੂੰ ਆਪਣੇ ਅਧੀਨ ਕਰਦਾ ਗਿਆ। ਉਸ ਨੇ ਆਪਣੇ 12 ਸਾਲਾ ਦੇ ਰਾਜ ਦੌਰਾਨ ਪੂਰਬ ਵਿੱਚ ਇਰਾਨ ਤੋਂ ਲੈ ਕੇ ਪੱਛਮ ਵਿੱਚ ਭਾਰਤ ਤੱਕ ਆਪਣਾ ਸਮਰਾਜ ਖੜ੍ਹਾ ਕਰ ਦਿੱਤਾ। ਉਹ ਐਨਾ ਕੁਸ਼ਲ, ਚਲਾਕ ਅਤੇ ਫੁਰਤੀਲਾ ਸੀ ਕਿ ਮੁਹਰੇ ਆਉਣ ਵਾਲੀ ਹਰ ਸੱਭਿਅਤਾ ਨੂੰ ਕਾਬੂ ਕਰਦਾ ਚਲਾ ਗਿਆ। ਉਸ ਨੇ 24 ਹਜ਼ਾਰ ਕਿਲੋਮੀਟਰ ਤੱਕ ਸਫ਼ਰ ਵੀ ਤੈਅ ਕੀਤਾ ਸੀ। ਸਿਕੰਦਰ ਮਹਾਨ ਸੈਨਿਕ ਨੀਤੀਕਾਰ ਸੀ। ਦੁਨੀਆ ਭਰ ਵਿੱਚ ਫੌਜ ਦੀ ਸਿਖਲਾਈ ਲਈ ਸਿਕੰਦਰ ਦੀਆਂ ਨੀਤੀਆਂ ਵਰਤੀਆਂ ਗਈਆਂ।
ਸਿਕੰਦਰ ਦਾ ਜਨਮ 356 ਈਸਾ ਪੂਰਬ ਵਿੱਚ ਮੈਸੇਡੋਨੀਆ ਦੀ ਰਾਜਧਾਨੀ ਪੇਲਾ ਵਿੱਚ ਹੋਇਆ। ਸਿਕੰਦਰ ਦੇ ਪਿਤਾ ਦਾ ਨਾਮ ਮੈਸੇਡੋਨ ਫਿਲਿਪ ਦੂਜਾ ਸੀ ਅਤੇ ਮਾਤਾ ਦਾ ਨਾਮ ਐਪਰੀਜ਼ ਦੀ ਓਲੰਪਿਅਸ ਸੀ। ਸਿਕੰਦਰ ਦਾ ਪਿਤਾ ਮੈਸੇਡੋਨ ਦਾ ਫਿਲਿਪ ਦੂਜਾ, ਮੈਸੇਡੋਨ ਦਾ ਰਾਜਾ ਸੀ। ਐਪਰੀਜ਼ ਦੀ ਓਲੰਪਿਅਸ ਉਸ ਦੇ ਪਿਤਾ ਦੀ ਚੌਥੀ ਰਾਣੀ ਸੀ। ਸਿਕੰਦਰ ਬਚਪਨ ਤੋਂ ਹੀ ਬਹੁਤ ਜ਼ਿਆਦਾ ਸਾਹਸੀ ਅਤੇ ਜ਼ਿੱਦੀ ਸੁਭਾਅ ਦਾ ਮਾਲਕ ਸੀ। ਉਹ ਜੋ ਵੀ ਆਪਣੇ ਮਨ ਵਿੱਚ ਧਾਰ ਲੈਂਦਾ, ਫਿਰ ਉਸ ਨੂੰ ਕਰਕੇ ਹੀ ਹਟਦਾ ਸੀ। ਇਸ ਕਰਕੇ ਸਿਕੰਦਰ ਦੇ ਪਿਤਾ ਨੇ ਮਹਾਨ ਗੁਰੂ ਅਰਸਤੂ ਨੂੰ ਸਿਕੰਦਰ ਦੀ ਸਿਖਲਾਈ ਦੀ ਜ਼ਿੰਮੇਵਾਰੀ ਸੌਂਪੀ ਸੀ। 13 ਸਾਲ ਦੀ ਉਮਰ ਵਿੱਚ ਉਸ ਨੇ ਰਾਜਨੀਤੀ ਅਤੇ ਸੈਨਿਕ ਨੀਤੀ ਵਿੱਚ ਮੁਹਾਰਤ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਸੀ। ਨਾਲ ਹੀ ਨਾਲ ਸਿਕੰਦਰ ਯੂਨਾਨੀ ਅਤੇ ਸੰਸਕ੍ਰਿਤ ਵੀ ਸਿੱਖ ਰਿਹਾ ਸੀ ਅਤੇ ‘ਇਲਿਆਡ ਅਤੇ ਉਡੀਸੀ’ ਕਿਤਾਬ ਦੇ ਲੇਖਕ ਪ੍ਰਾਚੀਨ ਯੂਨਾਨੀ ਕਵੀ ਹੋਮਰ ਤੋਂ ਵੀ ਮੁਹਾਰਤ ਹਾਸਲ ਕੀਤੀ। ਕਹਿੰਦੇ ਨੇ ਸਿਕੰਦਰ ਜਦੋਂ ਵੀ ਜੰਗ ’ਤੇ ਜਾਂਦਾ ਤਾਂ ਹੋਮਰ ਦੀ ਕਵਿਤਾ ਇਲਿਆਡ ਦੀਆਂ ਕੁਝ ਸਤਰਾਂ ਆਪਣੇ ਸਿਰਹਾਣੇ ਹੇਠਾਂ ਰੱਖਦਾ ਸੀ। ਦੁਨੀਆ ’ਤੇ ਰਾਜ ਕਰਨ ਦਾ ਸੁਫ਼ਨਾ ਦੇਖਣ ਵਾਲੇ ਸਿਕੰਦਰ ਦੀਆਂ ਨੀਤੀਆਂ ਵਿੱਚ ਅਰਸਤੂ ਦੀ ਸਿੱਖਿਆ ਦਾ ਬਹੁਤ ਯੋਗਦਾਨ ਹੁੰਦਾ ਸੀ। ਅਰਸਤੂ ਸਿਕੰਦਰ ਨੂੰ ਯੁੱਧ ਜਿੱਤਣ ਦੀ ਕਲਾ ਅਤੇ ਸੰਸਾਰ ਦੇ ਮਹਾਨ ਯੋਧਿਆਂ ਦੀਆਂ ਜੀਵਨੀਆਂ ਬਾਰੇ ਚਾਨਣਾ ਪਾਉਂਦਾ ਰਹਿੰਦਾ ਸੀ। ਅਰਸਤੂ ਨੇ ਸਿਕੰਦਰ ਨੂੰ ਕਠਿਨ ਤੋਂ ਕਠਿਨ ਪ੍ਰਕਿਰਿਆ ਵਿੱਚ ਪਰਖਿਆ ਅਤੇ ਸਖ਼ਤ ਤੋਂ ਸਖ਼ਤ ਫੈਸਲੇ ਲੈਣੇ ਸਿਖਾਏ। 336 ਈਸਾ ਪੂਰਬ ਵਿੱਚ ਜਦੋਂ ਸਿਕੰਦਰ 20 ਸਾਲਾ ਦਾ ਹੋਇਆ ਤਾਂ ਉਸ ਦੇ ਪਿਤਾ ਦਾ ਕਤਲ ਹੋ ਗਿਆ। ਫਿਲਿਪ ਦੇ ਕਤਲ ਤੋਂ ਬਾਅਦ ਮੈਸੇਡੋਨ ਵਿੱਚ ਵਿਦਰੋਹ ਸ਼ੁਰੂ ਹੋ ਗਿਆ ਅਤੇ ਨਵਾਂ ਰਾਜਾ ਬਣਾਉਣ ਦੀ ਰਵਾਇਤ ਸ਼ੁਰੂ ਹੋ ਗਈ। ਕਈ ਛੋਟੇ ਛੋਟੇ ਰਾਜੇ ਫਿਲਿਪ ਦੀ ਗੱਦੀ ਹਥਿਆਉਣ ਲੱਗ ਪਏ ਸਨ, ਪਰ ਅਰਸਤੂ ਦੀ ਨੀਤੀ ਤੇ ਸਿਕੰਦਰ ਦੀ ਭਰੀ-ਪੀਤੀ ਅੱਗੇ ਕੋਈ ਵੀ ਟਿਕ ਨਾ ਸਕਿਆ। ਸਿਕੰਦਰ ਨੇ ਮੈਸੇਡੋਨ ਦੇ ਰਾਜਕੁਮਾਰ ਦਾ ਕਤਲ ਕਰ ਦਿੱਤਾ ਅਤੇ ਕਈ ਹੋਰ ਰਾਜਕੁਮਾਰ ਵੀ ਕਤਲ ਕਰ ਦਿੱਤੇ ਗਏ।
ਸਿਕੰਦਰ ਨੇ ਆਪਣੇ ਮਤਰੇਏ ਭਰਾ ਫਿਲਿਪ ਅਰਾਈਡਿਅਸ ਨੂੰ ਛੱਡ ਕਿ ਕਈ ਮਤਰੇਏ ਭਰਾਵਾਂ ਦਾ ਵੀ ਕਤਲ ਕਰ ਦਿੱਤਾ ਜੋ ਗੱਦੀ ਹਥਿਆਉਣ ਵਿੱਚ ਲੱਗੇ ਹੋਏ ਸਨ। 20 ਸਾਲ ਦੀ ਉਮਰ ਵਿੱਚ ਸਿਕੰਦਰ ਮੈਸੇਡੋਨ ਦੀ ਗੱਦੀ ’ਤੇ ਜਾ ਬੈਠਿਆ ਅਤੇ ਫਿਰ ਉਸ ਦਾ ਸੰਸਾਰ ਜਿੱਤਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਕਿ 12 ਸਾਲ ਚੱਲਦਾ ਰਿਹਾ ਅਤੇ ਮਨੁੱਖੀ ਇਤਿਹਾਸ ਵਿੱਚ ਖੂਨ ਦੇ ਦਰਿਆ ਵਹਿ ਤੁਰੇ। ਉਸ ਦੀ ਸੈਨਾ ਵਿੱਚ ਸ਼ੁਰੂ ਵਿੱਚ 5000 ਘੋੜ ਸਵਾਰ ਅਤੇ 30000 ਪੈਦਲ ਸੈਨਿਕ ਸਨ ਜੋ ਸੰਸਾਰ ਨੂੰ ਸਰ ਕਰਨ ਲਈ ਸਿਰ ’ਤੇ ਕਫਨ ਬੰਨ੍ਹ ਕੇ ਸਿਕੰਦਰ ਦੇ ਨਾਲ ਤੁਰ ਪਏ ਸਨ। ਮੈਸੇਡੋਨ ਗ੍ਰੀਸ ਦਾ ਕੇਵਲ ਇੱਕ ਰਾਜ ਸੀ। ਪਹਿਲਾਂ ਸਿਕੰਦਰ ਨੇ ਸਾਰਾ ਗ੍ਰੀਸ ਜਿੱਤਿਆ ਅਤੇ ਗ੍ਰੀਸ ਦੇ ਨਾਲ ਲੱਗਦੇ ਕਈ ਦੇਸ਼ਾਂ ਵਿੱਚ ਵੀ ਫਾਰਸੀਆਂ ਦਾ ਰਾਜ ਸੀ। ਇਸ ਵਿੱਚ ਤੁਰਕੀ, ਗ੍ਰੀਸ, ਇਟਲੀ ਅਤੇ ਆਸਟਰੀਆ ਸਨ।
ਸਿਕੰਦਰ ਦਾ ਪਹਿਲਾ ਯੁੱਧ ਫਾਰਸੀਆ ਨਾਲ (ਚੈਰੋਨੀਆ ਦੀ ਲੜਾਈ) ਹੋਇਆ, ਜਿਸ ਨੂੰ ਸਿਕੰਦਰ ਨੇ ਜਿੱਤਿਆ ਹੀ ਨਹੀਂ ਸਗੋਂ ਸਿਕੰਦਰ ਨੇ ਫਾਰਸੀਆ ਸਾਮਰਾਜ ਨੂੰ ਤਹਿਸ-ਨਹਿਸ ਕਰਨ ਦੀ ਕਸਮ ਵੀ ਖਾਧੀ। ਸਿਕੰਦਰ ਦਾ ਅਗਲਾ ਯੁੱਧ ਦੱਖਣੀ ਫਾਰਸੀਆ ਇਲਾਕੇ ਵਿੱਚ ਫਾਰਸੀ ਫੌਜਾਂ ਨਾਲ ਹੋਇਆ ਜੋ ਗਿਣਤੀ ਵਿੱਚ ਸਿਕੰਦਰ ਨਾਲੋਂ ਦੁੱਗਣੀਆਂ ਸਨ। ਇਸ ਨੂੰ ਇਤਿਹਾਸ ਵਿੱਚ ਗ੍ਰੈਨਿਕਸ ਦੀ ਲੜਾਈ ਦਾ ਨਾਮ ਦਿੱਤਾ ਗਿਆ। ਗ੍ਰੈਨਿਕਸ ਇੱਕ ਨਦੀ ਸੀ ਜਿਸ ਦੇ ਕਿਨਾਰੇ ਇਹ ਘਮਸਾਨ ਯੁੱਧ ਹੋਇਆ ਜੋ ਅੱਜ ਪੱਛਮੀ ਤੁਰਕੀ ਵਿੱਚ ਹੈ। 20,000 ਫੌਜਾਂ ਨੂੰ ਹਰਾ ਕਿ ਸਿਕੰਦਰ ਨੇ ਬਹੁਤ ਸਾਰੇ ਫੌਜੀ ਕਤਲ ਕਰ ਦਿੱਤੇ ਅਤੇ ਬਹੁਤ ਸਾਰੇ ਬੰਦੀ ਬਣਾ ਲਏ। ਸਿਕੰਦਰ ਦੀ ਅਗਲੀ ਲੜਾਈ 333 ਈਸਾ ਪੂਰਬ ਵਿੱਚ ਰਾਜਾ ਡੇਰੀਏਸ-।।। ਨਾਲ ਹੋਈ ਜਿਸ ਨੂੰ ਗੌਗਾਮੇਲਾ ਦਾ ਨਾਮ ਦਿੱਤਾ ਗਿਆ ਅਤੇ ਇਹ ਯੁੱਧ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ। 18 ਮਹੀਨਿਆਂ ਦੇ ਯੁੱਧ ਦੌਰਾਨ ਹੀ ਸਿਕੰਦਰ ਨੇ ਫਾਰਸੀਆ ਸਾਮਰਾਜ ਨੂੰ ਤਹਿਸ ਨਹਿਸ ਕਰ ਦਿੱਤਾ।
ਫਿਰ ਉਹ ਦੱਖਣ ਵੱਲ ਵਧਿਆ ਜਿਸ ਵਿੱਚ ਲਿਬਲਾਨ, ਸੀਰੀਆ, ਅੱਜ ਦਾ ਇਜ਼ਰਾਇਲ ਆਦਿ ਦੇਸ਼ ਜਿੱਤ ਕੇ ਸਮਰਾਟ ਸਿਕੰਦਰ ਨੇ ਆਪਣਾ ਖ਼ੌਫ਼ ਪੈਦਾ ਕੀਤਾ। ਜਿੱਥੇ ਕਿਤੇ ਵੀ ਬਹੁਤ ਵੱਡੀਆਂ ਵੱਡੀਆਂ ਫਾਰਸੀ ਬੰਦਰਗਾਹਾਂ ਸਨ, ਸਿਕੰਦਰ ਨੇ ਉਹ ਸਾਰੀਆਂ ਹੀ ਕਾਬੂ ਕਰ ਲਈਆਂ ਸਨ। 332 ਈਸਾ ਪੂਰਬ ਵਿੱਚ ਸਿਕੰਦਰ ਨੇ ਮਿਸਰ ਜਿੱਤ ਕਿ ਅਲੈਗਜ਼ੈਂਡਰੀਆ ਸ਼ਹਿਰ ਵਸਾਇਆ। ਫਿਰ 331 ਈਸਾ ਪੂਰਬ ਵਿੱਚ ਉਹ ਇਰਾਕ ਵੱਲ ਵਧਿਆ, ਉੱਤਰੀ ਇਰਾਕ ਵਿੱਚ ਏਰਵਿਨ ਸਥਾਨ ’ਤੇ ਯੁੱਧ ਹੋਇਆ ਜਿਸ ਵਿੱਚ ਸਿਕੰਦਰ ਫਾਰਸੀ ਸਾਮਰਾਜ ਨੂੰ ਖ਼ਤਮ ਕਰਕੇ ਮਿਸਰ, ਈਰਾਨ, ਇਰਾਕ ਅਤੇ ਅਫ਼ਗਾਨਿਸਤਾਨ ਨੂੰ ਜਿੱਤ ਕੇ ਅੱਜ ਦੇ ਪਾਕਿਸਤਾਨ ਵਿੱਚ ਸਿੰਧੂ ਨਦੀ ਕਿਨਾਰੇ ਆ ਪਹੁੰਚਿਆ। ਕਹਿੰਦੇ ਹਨ ਕਿ ਸਿਕੰਦਰ ਦੀ ਫੌਜ ਉਦੋਂ ਤੱਕ ਬਹੁਤ ਸ਼ਕਤੀਸ਼ਾਲੀ ਹੋ ਚੁੱਕੀ ਸੀ, ਜਦੋਂ ਸਿਕੰਦਰ ਆਪਣੀ ਫੌਜ ਨਾਲ ਚੱਲ ਪੈਦਾ ਤਾਂ ਇਸ ਦੀ ਗਰਦ ਅਸਮਾਨ ਤੱਕ ਪਹੁੰਚ ਜਾਂਦੀ ਸੀ। ਸਿਕੰਦਰ ਨਾਲ ਕਈ ਰਾਜੇ ਲੜਨ ਯੋਗ ਹੀ ਨਹੀਂ ਰਹੇ ਸਨ ਤੇ ਕਈ ਲੜਨਾ ਹੀ ਨਹੀਂ ਸਨ ਚਹੁੰਦੇ। ਸੋ ਇੱਕ ਇੱਕ ਕਰਕੇ ਬਹੁਤ ਸਾਰੇ ਸ਼ਾਸਕ ਸਿਕੰਦਰ ਦੇ ਕਦਮਾਂ ਵਿੱਚ ਆਤਮ ਸਮਰਪਣ ਕਰਨ ਲੱਗ ਪਏ ਸਨ, ਜਿਨ੍ਹਾਂ ਵਿੱਚ ਤਰਕਸ਼ੀਲਾ ਦਾ ਰਾਜਕੁਮਾਰ ਅੰਭੀ ਵੀ ਸੀ। ਉਹ ਆਪਣੇ ਗੁਆਂਢੀ ਰਾਜੇ ਪੋਰਸ ਤੋਂ ਬਦਲਾ ਲੈਣਾ ਚਾਹੁੰਦਾ ਸੀ। ਉਹ ਗੱਦਾਰੀ ਕਰ ਕੇ ਸਿਕੰਦਰ ਨਾਲ ਮਿਲ ਗਿਆ। ਉਸ ਨੇ ਪੋਰਸ ’ਤੇ ਹਮਲਾ ਕਰਨ ਲਈ ਸਿਕੰਦਰ ਨੂੰ 5000 ਸੈਨਿਕ ਅਤੇ 65 ਹਾਥੀ ਵੀ ਦਿੱਤੇ।
ਪੋਰਸ ਅੱਜ ਦੇ ਲਹਿੰਦੇ ਪੰਜਾਬ ਦਾ ਰਾਜਾ ਸੀ ਜਿਸ ਦਾ ਰਾਜ ਜੇਹਲਮ ਅਤੇ ਚਨਾਬ ਦਰਮਿਆਨ ਸੀ। ਸਿਕੰਦਰ ਨੇ ਪੋਰਸ ਨੂੰ ਆਤਮ ਸਮਰਪਣ ਕਰਨ ਦਾ ਸੱਦਾ ਭੇਜਿਆ, ਪਰ ਬਹਾਦਰ ਪੋਰਸ ਨੇ ਸਿਰ ਝੁਕਾਉਣ ਨਾਲੋਂ ਸਿਕੰਦਰ ਨਾਲ ਲੜ ਕੇ ਮਰਨ ਨੂੰ ਤਰਜੀਹ ਦਿੱਤੀ। ਸਿਕੰਦਰ ਦੀ ਪੋਰਸ ਨਾਲ ਅਗਲੀ ਮੁਲਾਕਾਤ ਜੇਹਲਮ ਦਰਿਆ ਉੱਪਰ ਹੋਈ। ਇਹ ਯੁੱਧ ਅੱਜ ਦੇ ਲਹਿੰਦੇ ਪੰਜਾਬ ਦੇ ਜਲਾਲਪੁਰ ਵਿੱਚ ਹੋਇਆ ਸੀ। ਕਹਿੰਦੇ ਨੇ ਮਹੀਨਿਆਂ ਬੱਧੀ ਘਮਸਾਨ ਦਾ ਯੁੱਧ ਹੋਇਆ ਸੀ ਤੇ ਖੂਨ ਦਾ ਇੱਕ ਹੋਰ ਦਰਿਆ ਵਹਿ ਤੁਰਿਆ ਸੀ। ਇਨਸਾਨੀਅਤ ਦੇ ਚੀਥੜੇ ਉੱਡ ਗਏ ਸਨ ਤੇ ਇਨਸਾਨ ਦੀਆਂ ਬੋਟੀਆਂ ਗਿਰਝਾਂ ਲੈ ਕੇ ਉੱਡ ਰਹੀਆਂ ਸਨ।
ਇਤਿਹਾਸ ਗਵਾਹ ਹੈ ਕਿ ਜੇ ਕੋਈ ਸਿਕੰਦਰ ਮੁਹਰੇ ਅੜ ਸਕਿਆ ਤਾਂ ਉਹ ਪੋਰਸ ਹੀ ਸੀ, ਪਰ ਆਖ਼ਰ ਸਿਕੰਦਰ ਦੇ ਤੂਫਾਨ ਅੱਗੇ ਪੋਰਸ ਵੀ ਬਹੁਤੀ ਦੇਰ ਟਿਕ ਨਾ ਸਕਿਆ। ਇੱਕ ਪਾਸੇ ਦੁਨੀਆ ਭਰ ਦੇ ਜੰਗਜੂ, ਮਾਰਸ਼ਲ ਸਨ ਤੇ ਦੂਸਰੇ ਪਾਸੇ ਬਹਾਦਰ ਪੋਰਸ ਆਪਣੀ 20,000 ਕੁ ਹਜ਼ਾਰ ਦੀ ਫੌਜ ਨਾਲ ਲੜ ਰਿਹਾ ਸੀ। ਆਖਰ ਜ਼ਖਮੀ ਹੋਇਆ ਬਹਾਦਰ ਪੋਰਸ ਫੜਿਆ ਗਿਆ ਤੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਸਿਕੰਦਰ ਦੇ ਅੱਗੇ ਪੇਸ਼ ਕੀਤਾ ਗਿਆ। ਸਿਕੰਦਰ ਨੇ ਪੁੱਛਿਆ “ਐ ਰਾਜਾ ਪੋਰਸ ਹੁਣ ਤੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ?” ਖੂਨ ਨਾਲ ਲੱਥ-ਪੱਥ ਪੋਰਸ ਨੇ ਜੁਆਬ ਦਿੱਤਾ “ਐ ਮਹਾਨ ਸਿਕੰਦਰ ਮੇਰੇ ਨਾਲ ਵੀ ਉਸ ਤਰ੍ਹਾਂ ਦਾ ਹੀ ਸਲੂਕ ਕੀਤਾ ਜਾਵੇ ਜੋ ਇੱਕ ਜਿੱਤਿਆ ਹੋਇਆ ਰਾਜਾ ਬੰਦੀ ਬਣਾਏ ਹੋਏ ਕੈਦੀ ਰਾਜੇ ਨਾਲ ਕਰਦਾ ਹੈ।’’ ਇਹ ਸੁਣ ਕੇ ਸਿਕੰਦਰ ਨੇ ਪੋਰਸ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਰਿਹਾਅ ਕਰ ਦਿੱਤਾ ਅਤੇ ਨਾਲ ਹੀ ਉਸ ਦਾ ਰਾਜਭਾਗ ਵਾਪਸ ਕਰ ਦਿੱਤਾ।
ਸਿਕੰਦਰ ਅੱਗੇ ਵਧਦਾ ਹੋਇਆ ਬਿਆਸ ਦਰਿਆ ਤੱਕ ਪਹੁੰਚ ਗਿਆ ਸੀ ਤੇ ਉਸ ਸਮੇਂ ਉਸ ਦੀ ਯੂਨਾਨੀ ਫੌਜ ਵਿੱਚ ਆਪਸੀ ਬਗਾਵਤ ਫੈਲ ਗਈ। ਫੌਜ ਦੀ ਆਪਸੀ ਬਗਾਵਤ ਹੋਣ ਕਰਕੇ ਸਿਕੰਦਰ ਨੇ ਆਪਣੇ ਵਤਨ ਵੱਲ ਵਾਪਸ ਜਾਣ ਦਾ ਫ਼ੈਸਲਾ ਲਿਆ ਤੇ ਉਹ ਸਿੰਧੂ ਨਦੀ ਦੇ ਨਾਲ ਨਾਲ ਦੱਖਣੀ ਭਾਰਤ ਰਾਹੀਂ ਅੱਗੇ ਸਮੁੰਦਰੀ ਰਸਤੇ ਰਾਹੀਂ ਗ੍ਰੀਸ ਵੱਲ ਮੁੜ ਗਿਆ। ਰਸਤੇ ਵਿੱਚ ਬਗ਼ਦਾਦ ਦੇ ਲਾਗੇ ਸ਼ਹਿਰ ਬੇਬੀਲੋਨ ਵਿੱਚ ਜ਼ਖ਼ਮਾਂ ਦੀ ਲਾਗ ਫੈਲਣ ਕਾਰਨ ਸਿਕੰਦਰ ਨੇ ਆਖਰੀ ਸਾਹ ਲਏ। ਕੁਝ ਇਤਿਹਾਸਕਾਰ ਉਸ ਦੀ ਮੌਤ ਦਾ ਕਾਰਨ ਮਲੇਰੀਆ ਵੀ ਦੱਸਦੇ ਹਨ, ਪਰ ਸਿਕੰਦਰ ਦੇ ਆਖਰੀ ਬੋਲ ਬਹੁਤ ਭਾਵੁਕ ਤੇ ਅਫ਼ਸੋਸਜਨਕ ਸਨ ਕਿ ਮੈਂ ਦੁਨੀਆ ਜਿੱਤਦਾ ਜਿੱਤਦਾ ਅੱਜ ਆਪਣੀ ਮੌਤ ਅੱਗੇ ਹਾਰ ਗਿਆ। 32 ਸਾਲਾ ਯੂਨਾਨੀ ਸਮਰਾਟ ਧਰਤੀ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤਾਂ ਪਹੁੰਚ ਗਿਆ, ਪਰ ਕਦੀ ਵੀ ਮੁੜ ਆਪਣੇ ਵਤਨ ਵਾਪਸ ਨਾ ਪਹੁੰਚ ਸਕਿਆ।
ਸੰਪਰਕ: 001 6472347466