ਮਹਾਂਕੁੰਭ ’ਚੋਂ ਅਖਾੜੇ ਚਾਲੇ ਪਾਉਣ ਲੱਗੇ
ਮਹਾਂਕੁੰਭ ਨਗਰ, 6 ਫਰਵਰੀ
ਮਹਾਕੁੰਭ ਅਧਿਕਾਰਤ ਤੌਰ ’ਤੇ 26 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ ਪਰ 13 ਅਖਾੜਿਆਂ ਨੇ ਆਪੋ-ਆਪਣੇ ਝੰਡੇ ਨੀਵੇਂ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਰਵਾਨਗੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਬਸੰਤ ਪੰਚਮੀ ’ਤੇ ਅੰਤਿਮ ਅੰਮ੍ਰਿਤ ਇਸ਼ਨਾਨ ਮਗਰੋਂ ਅਖਾੜੇ ਰਵਾਇਤੀ ‘ਕੜੀ ਪਕੌੜਾ’ ਖਾ ਕੇ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਇਹ 13 ਅਖਾੜੇ ਸੰਨਿਆਸੀਆਂ, ਬੈਰਾਗੀਆਂ (ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੇ ਪੈਰੋਕਾਰ) ਅਤੇ ਉਦਾਸੀ ਮਤ (ਪੰਜ ਦੇਵਤਿਆਂ ਦੇ ਭਗਤ) ਦੇ ਵੱਖ-ਵੱਖ ਸੰਪਰਦਾਵਾਂ ਨਾਲ ਸਬੰਧਤ ਹਨ। ਬੈਰਾਗੀ ਸੰਪਰਦਾ ਦੇ ਪੰਚ ਨਿਰਵਾਨੀ ਅਖਾੜੇ ਦੇ ਲਗਪਗ 150 ਸਾਧੂ ਮੰਗਲਵਾਰ ਨੂੰ ਰਵਾਨਾ ਹੋ ਗਏ ਹਨ ਅਤੇ ਜੂਨਾ ਅਖਾੜੇ ਦੇ ਨਾਗਾ ਸਾਧੂ 7 ਫਰਵਰੀ ਨੂੰ ਆਪਣੀ ਰਵਾਨਗੀ ਸ਼ੁਰੂ ਕਰਨਗੇ।
ਜੂਨਾ ਅਖਾੜਾ ਦੇ ਕੌਮਾਂਤਰੀ ਤਰਜਮਾਨ ਸ੍ਰੀ ਮਹੰਤ ਨਾਰਾਇਣ ਗਿਰੀ ਨੇ ਦੱਸਿਆ, ‘7 ਫਰਵਰੀ ਨੂੰ ਅਖਾੜੇ ਵਿੱਚ ਕੜ੍ਹੀ-ਪਕੌੜੇ ਦੇ ਭੋਜ ਮਗਰੋਂ ਸੰਤ ਅਤੇ ਸਾਧੂ ਧਾਰਮਿਕ ਝੰਡੇ ਦੀ ਰੱਸੀ ਢਿੱਲੀ ਕਰ ਦੇਣਗੇ ਅਤੇ ਇੱਥੋਂ ਚਾਲੇ ਪਾਉਣੇ ਸ਼ੁਰੂ ਕਰ ਦੇਣਗੇ।’ ਉਨ੍ਹਾਂ ਕਿਹਾ, ‘ਇੱਥੋਂ ਸੰਤ ਅਤੇ ਸਾਧੂ ਕਾਸ਼ੀ ਲਈ ਰਵਾਨਾ ਹੋਣਗੇ, ਜਿੱਥੇ ਉਹ ਮਹਾਸ਼ਿਵਰਾਤਰੀ ਤੱਕ ਰਹਿਣਗੇ ਅਤੇ ਮਗਰੋਂ ਉਹ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਤੋਂ ਬਾਅਦ ‘ਮਸਾਨੇ ਕੀ ਹੋਲੀ’ ਖੇਡਣਗੇ ਅਤੇ ਗੰਗਾ ਵਿੱਚ ਇਸ਼ਨਾਨ ਕਰਨਗੇ। ਇਸ ਤੋਂ ਬਾਅਦ ਉਹ ਆਪੋ-ਆਪਣੇ ਮੱਠਾਂ ਅਤੇ ਆਸ਼ਰਮਾਂ ਲਈ ਰਵਾਨਾ ਹੋ ਜਾਣਗੇ। ਬੈਰਾਗੀ ਅਖਾੜਿਆਂ ਵਿੱਚ ਕੁਝ ਸਾਧੂ-ਸੰਤ ਅਯੁੱਧਿਆ ਅਤੇ ਕੁਝ ਵਰਿੰਦਾਵਨ ਜਾਣਗੇ। ਇਸੇ ਤਰ੍ਹਾਂ ਉਦਾਸੀਨ ਅਤੇ ਨਿਰਮਲ ਅਖਾੜਿਆਂ ਦੇ ਸੰਤ ਪੰਜਾਬ ਵਿੱਚ ਆਨੰਦਪੁਰ ਸਾਹਿਬ ਜਾਣਗੇ। -ਪੀਟੀਆਈ
ਹਰਿਆਣਾ ਤੇ ਮਨੀਪੁਰ ਦੇ ਮੁੱਖ ਮੰਤਰੀਆਂ ਨੇ ਸੰਗਮ ’ਚ ਲਾਈ ਡੁਬਕੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪਤਨੀ ਸੁਮਨ ਸੈਣੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੰਗਮ ’ਚ ਡੁਬਕੀ ਲਗਾਈ। ਉਧਰ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਵੀ ਅੱਜ ਤਿੰਨ ਕੈਬਨਿਟ ਮੰਤਰੀਆਂ ਅਤੇ ਚਾਰ ਹੋਰ ਭਾਜਪਾ ਵਿਧਾਇਕਾਂ ਨਾਲ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ ਅਤੇ ਦੇਸ਼ ਤੇ ਸੂਬੇ ਦੇ ਲੋਕਾਂ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਬੀਰੇਨ ਸਿੰਘ ਨੇ ਐਕਸ ’ਤੇ ਕਿਹਾ, ‘ਮੈਂ ਹੱਥ ਜੋੜ ਕੇ ਸਾਡੇ ਮਹਾਨ ਦੇਸ਼ ਅਤੇ ਮਨੀਪੁਰ ਦੇ ਪਿਆਰੇ ਲੋਕਾਂ ਦੀ ਸ਼ਾਂਤੀ, ਖੁਸ਼ਹਾਲੀ ਅਤੇ ਭਲਾਈ ਲਈ ਪ੍ਰਾਰਥਨਾ ਕੀਤੀ।’ ਉਨ੍ਹਾਂ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਇਸ਼ਨਾਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਲੋਕ ਨਿਰਮਾਣ ਮੰਤਰੀ ਗੋਵਿੰਦਾਸ ਕੋਂਥੌਮ, ਜੰਗਲਾਤ ਅਤੇ ਵਾਤਾਵਰਨ ਮੰਤਰੀ ਥੋਂਗਮ ਬਿਸਵਜੀਤ, ਖਪਤਕਾਰ ਮਾਮਲਿਆਂ ਬਾਰੇ ਮੰਤਰੀ ਐੱਲ ਸੁਸਿੰਦਰੋ ਮੈਤੇਈ ਅਤੇ ਭਾਜਪਾ ਦੇ ਚਾਰ ਵਿਧਾਇਕ ਕਰਮ ਸ਼ਿਆਮ, ਸਨਾਸਮ ਪ੍ਰੇਮਚੰਦਰ, ਕੇਐੱਚ ਇਬੋਮਚਾ ਤੇ ਸਪਮ ਕੁੰਜਕੇਸ਼ਵਰ ਵੀ ਉਨ੍ਹਾਂ ਦੇ ਨਾਲ ਸਨ। -ਪੀਟੀਆਈ
ਪਾਕਿਸਤਾਨ ਦੇ 60 ਤੋਂ ਵੱਧ ਸ਼ਰਧਾਲੂ ਮਹਾਂਕੁੰਭ ’ਚ ਪੁੱਜੇ
ਮਹਾਂਕੁੰਭ ਨਗਰ: ਪਾਕਿਸਤਾਨ ਦੇ ਸਿੰਧ ਸੂਬੇ ਦੇ 68 ਹਿੰਦੂ ਸ਼ਰਧਾਲੂਆਂ ਨੇ ਅੱਜ ਇੱਥੇ ਮਹਾਂਕੁੰਭ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ’ਚੋਂ 50 ਪਹਿਲੀ ਵਾਰ ਇੱਥੇ ਆਏ ਹਨ। ਸਿੰਧ ਤੋਂ ਆਏ ਗੋਬਿੰਦ ਰਾਮ ਮਖੀਜਾ ਨੇ ਇਸ ਬਾਰੇ ਕਿਹਾ, ‘ਅਸੀਂ ਖੁਦ ਨੂੰ ਇੱਥੇ ਆਉਣ ਤੋਂ ਨਹੀਂ ਰੋਕ ਸਕੇ।’ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਪਰੈਲ ਵਿੱਚ ਪਾਕਿਸਤਾਨ ਤੋਂ ਆਏ 250 ਸ਼ਰਧਾਲੂੁਆਂ ਨੇ ਇੱਥੇ ਆ ਕੇ ਗੰਗਾ ਵਿੱਚ ਇਸ਼ਨਾਨ ਕੀਤਾ ਸੀ। ਮਖੀਜਾ ਨੇ ਕਿਹਾ, ‘ਮੈਨੂੰ ਇੱਥੇ ਆ ਕੇ ਬਹੁਤ ਖ਼ੁਸ਼ੀ ਹੋਈ। ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਭਲਕੇ ਅਸੀਂ ਗੰਗਾ ਵਿੱਚ ਡੁਬਕੀ ਲਗਾਵਾਂਗੇ। ਇੱਥੇ ਆਉਣ ਤੋਂ ਬਾਅਦ ਸਾਨੂੰ ਸਨਾਤਨ ਧਰਮ ਵਿੱਚ ਜਨਮ ਲੈਣ ’ਤੇ ਮਾਣ ਮਹਿਸੂਸ ਹੁੰਦਾ ਹੈ।’ -ਪੀਟੀਆਈ
ਮਹਾਂਕੁੰਭ ਜਾ ਰਹੀ ਬੱਸ ਟਰੱਕ ਨਾਲ ਟਕਰਾਈ, 40 ਜ਼ਖ਼ਮੀ
ਇਟਾਵਾ (ਉੱਤਰ ਪ੍ਰਦੇਸ਼): ਇਟਾਵਾ ਜ਼ਿਲ੍ਹੇ ਦੇ ਬਕੇਵਾਰ ਖੇਤਰ ਵਿੱਚ ਅੱਜ ਦਿੱਲੀ ਤੋਂ ਪ੍ਰਯਾਗਰਾਜ ਮਹਾਂਕੁੰਭ ਲਈ ਜਾ ਰਹੀ ਬੱਸ ਇਟਾਵਾ-ਕਾਨਪੁਰ ਹਾਈਵੇਅ ’ਤੇ ਟਰੱਕ ਨਾਲ ਟਕਰਾਉਣ ਕਾਰਨ 40 ਸ਼ਰਧਾਲੂ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਹੇਵਾ ਨੇੜੇ ਅੱਜ ਸਵੇਰੇ ਸੱਤ ਵਜੇ ਦਿੱਲੀ ਤੋਂ ਪ੍ਰਯਾਗਰਾਜ ਮਹਾਕੁੰਭ ਜਾ ਰਹੀ ਬੱਸ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿੱਚ 55 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ 40 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਸੈਫਈ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਬੱਸ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਲੱਗਦਾ ਹੈ। -ਪੀਟੀਆਈ