ਮਸਲੇ ਹੱਲ ਨਾ ਹੋਣ ’ਤੇ ਅਧਿਆਪਕ ਖ਼ਫ਼ਾ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜੁਲਾਈ
ਯੂਟੀ ਦੇ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਜਿਸ ਕਾਰਨ ਇਨ੍ਹਾਂ ਅਧਿਆਪਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਰੋਸ ਹੈ। ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ (ਸੀਟੀਏ) ਦੇ ਨੁਮਾਇੰਦਿਆਂ ਨੇ ਅੱਜ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਮੇਸ਼ ਚੰਦ ਸ਼ਰਮਾ, ਚੇਅਰਮੈਨ ਗਗਨ ਸਿੰਘ ਸ਼ੇਖਾਵਤ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ, ਜਨਰਲ ਸਕੱਤਰ ਅਜੈ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਗੀਤਾ ਰਾਣੀ ਅਤੇ ਖਜ਼ਾਨਚੀ ਪ੍ਰਵੀਨ ਕੌਰ ਨੇ ਦੱਸਿਆ ਕਿ ਸਮੱਗਰ ਸਿੱਖਿਆ ਹੇਠ ਕੰਮ ਕਰ ਰਹੇ ਅਧਿਆਪਕਾਂ ਨੂੰ ਹਾਲੇ ਤਕ ਬਕਾਇਆ ਨਹੀਂ ਮਿਲਿਆ ਤੇ ਉਨ੍ਹਾਂ ਦੀ ਮੈਡੀਕਲ ਛੁੱਟੀ ਦਾ ਮਸਲਾ ਵੀ ਹੱਲ ਨਹੀਂ ਕੀਤਾ ਗਿਆ, 2015 ਬੈਚ ਦੇ ਅਧਿਆਪਕਾਂ ਨੂੰ ਵਿੱਤੀ ਲਾਭ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਡੈਪੂਟੇਸ਼ਨ ਨੀਤੀ ਤਹਿਤ ਕਾਰਜਕਾਲ ਤੈਅ ਕੀਤਾ ਜਾ ਰਿਹਾ ਹੈ ਜੋ ਗਲਤ ਹੈ ਕਿਉਂਕਿ ਯੂਟੀ ਵਿਚ ਪੇਰੈਂਟ ਕੇਡਰ ਵਿਚ ਆਉਣ ਵਾਲੇ ਡੈਪੂਟੇਸ਼ਨ ਅਧਿਆਪਕਾਂ ਲਈ ਕਿਸੇ ਵੀ ਤਰ੍ਹਾਂ ਦਾ ਕਾਰਜਕਾਲ ਤੈਅ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆਊਟਸੋਰਸਿੰਗ ਕਰਮਚਾਰੀਆਂ ਲਈ ਤਨਖਾਹ ਵਿੱਚ ਵਾਧਾ ਨਹੀਂ ਕੀਤਾ ਗਿਆ। ਸੀਟੀਏ ਮੈਂਬਰਾਂ ਨੇ ਦੱਸਿਆ ਕਿ ਸੰਸਦ ਮੈਂਬਰ ਨੇ ਭਰੋਸਾ ਦਿੱਤਾ ਹੈ ਕਿ ਉਹ ਸਾਰੇ ਮਸਲੇ ਪ੍ਰਸ਼ਾਸਕ ਅੱਗੇ ਰੱਖਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਐਸੋਸੀਏਸ਼ਨ ਦੇ ਵਫ਼ਦ ਦੀ ਮੁੱਖ ਸਕੱਤਰ ਅਤੇ ਪ੍ਰਸ਼ਾਸਕ ਨਾਲ ਮੀਟਿੰਗ ਵੀ ਕਰਵਾਉਣਗੇ।
ਡੀਸੀ ਰੇਟ ਦੀ ਸੂਚੀ ’ਚ ਦੇਰੀ ਕਾਰਨ ਨਾ ਮਿਲੇ ਲਾਭ
ਅਧਿਆਪਕਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਆਊਟਸੋਰਸਿੰਗ ਮੁਲਾਜ਼ਮਾਂ ਕੰਪਿਊਟਰ ਇੰਸਟਰੱਕਟਰ ਅਤੇ ਕਾਊਂਸਲਰਾਂ ਦੀ ਤਨਖਾਹ ਵਿੱਚ ਵਾਧਾ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਉਨ੍ਹਾਂ ਦੱਸਿਆ ਕਿ ਡੀਸੀ ਰੇਟ ਲਿਸਟ ਵਿੱਚ ਦੇਰੀ ਕਾਰਨ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਵਿੱਤੀ ਲਾਭ ਨਹੀਂ ਮਿਲ ਰਿਹਾ।