ਪਰਵਿੰਦਰ ਸਿੰਘ ਢੀਂਡਸਾਮਨੁੱਖੀ ਦਿਮਾਗ ਦੀ ਹੁਣ ਤੱਕ ਦੀ ਸਭ ਤੋਂ ਰੁਮਾਂਚਿਕ ਪੇਸ਼ਕਾਰੀ ਵਜੋਂ ਦੁਨੀਆ ਵਿੱਚ ‘ਮਸ਼ੀਨ ਲਰਨਿੰਗ’ ਨਾਲ ਲੈਸ ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ-ਏਆਈ) ਦੀ ਆਮਦ ਹੋ ਚੁੱਕੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਕੋਈ ਨਵੀਂ ਧਾਰਨਾ ਨਹੀਂ, ਇਸ ਦਾ ਇਤਿਹਾਸ ਲਗਭਗ ਕੰਪਿਊਟਰ ਯੁੱਗ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸਮੇਂ-ਸਮੇਂ ਇਸ ਨਾਲ ਨਵੀਆਂ ਧਾਰਨਾਵਾਂ ਜੁੜਦੀਆਂ ਗਈਆਂ ਅਤੇ ਮੌਜੂਦਾ ਦੌਰ ਵਿੱਚ ‘ਮਸ਼ੀਨ ਲਰਨਿੰਗ’ ਨਾਂ ਦੀ ਅਤਿ ਆਧੁਨਿਕ ਤਕਨੀਕ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਨੀਆ ਦੀ ਤਸਵੀਰ ਬਦਲਣ ਲਈ ਸਾਡੀਆਂ ਬਰੂਹਾਂ ’ਤੇ ਖੜ੍ਹੀ ਹੈ।ਹੋ ਸਕਦਾ ਹੈ ਕਿ ਏਆਈ ਦਾ ਇਹ ਰੂਪ ਅਜੇ ਤੱਕ ਸਿੱਧੇ ਰੂਪ ਵਿੱਚ ਆਮ ਆਦਮੀ ਦੀ ਪਹੁੰਚ ਵਿੱਚ ਨਾ ਆਇਆ ਹੋਵੇ ਪਰ ਕੋਈ ਵੀ ਆਦਮੀ ਏਆਈ ਦੇ ਪ੍ਰਭਾਵ ਤੋਂ ਅਛੂਤਾ ਨਹੀਂ ਹੈ। ਕੁਝ ਕੁ ਨੂੰ ਅਜੇ ਤੱਕ ਇਸ ਬਾਰੇ ਉੱਕਾ ਪਤਾ ਹੀ ਨਹੀਂ, ਕੁਝ ਕੁ ਇਸ ਦੇ ਸੰਭਾਵੀ ਦਾਇਰੇ ਤੋਂ ਖੌਫਜ਼ਦਾ ਹਨ ਤੇ ਕੁਝ ਕੁ ਹਿੱਸਾ ਇਸ ਨਵੇਂ ਨਿਜ਼ਾਮ ਵਿੱਚ ਇਨਸਾਨੀ ਭੂਮਿਕਾ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਸਮੁੱਚ ਵਿੱਚ ਦੇਖੀਏ ਤਾਂ ਸਵਾਲ ਹੁਣ ਇਹ ਨਹੀਂ ਰਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਸ ਹੱਦ ਤੱਕ ਘਟਨਾਵਾਂ ਨੂੰ ਮੋੜਾ ਦੇਵੇਗੀ ਸਗੋਂ ਵਿਚਾਰਨਯੋਗ ਮਸਲਾ ਇਹ ਬਣ ਚੁੱਕਾ ਹੈ ਕਿ ਕੀ ਕੋਈ ਅਜਿਹਾ ਖੇਤਰ ਵੀ ਬਚਿਆ ਰਹੇਗਾ ਜਿੱਥੇ ਮਨੁੱਖ ਏਆਈ ਤੋਂ ਉੱਤਮ ਬਣਿਆ ਰਹਿ ਸਕੇਗਾ? ਇਸ ਤੋਂ ਪਹਿਲਾਂ ਕਿ ਏਆਈ ਵਿਕਰਾਲ ਰੂਪ ਵਿੱਚ ਸਮਾਜ ’ਤੇ ਗਲਬਾ ਪਾ ਲਵੇ, ਸਾਡੇ ਕੋਲ ਮੌਕਾ ਹੈ ਕਿ ਅਸੀਂ ਸਮਾਜ ਵਿੱਚ ਇੰਨੀ ਕੁ ਚੇਤਨਾ ਭਰ ਸਕੀਏ ਜਿਸ ਨਾਲ ਹਰੇਕ ਵਰਤੋਂਕਾਰ ਸਾਕਾਰਾਤਮਕ ਵਿਚਾਰਾਂ ਨਾਲ ਲਬਰੇਜ਼ ਹੋ ਕੇ ਏਆਈ ਨੂੰ ਆਪਣੇ ਹੱਥਾਂ ਵਿੱਚ ਲਵੇ। ਨਿਕਟ ਭਵਿੱਖ ਵਿੱਚ ਏਆਈ ਅਤੇ ਮਨੁੱਖ ਵਿਚਕਾਰ ਸਰਵਉੱਚਤਾ ਲਈ ਸੰਘਰਸ਼ ਜਾਰੀ ਰਹਿਣ ਦੇ ਆਸਾਰ ਹਨ। ਇਸ ਕਸ਼ਮਕਸ਼ ਦਾ ਸੇਕ ਸਾਡੇ ਭਵਿੱਖ ਨੂੰ ਰਾਖ ਵੀ ਕਰ ਸਕਦਾ ਹੈ ਤੇ ਸਾਡੇ ਸੁਹਿਰਦ ਯਤਨਾਂ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਵਿੱਚੋਂ ਕੁੰਦਨ ਬਣ ਕੇ ਵੀ ਨਿੱਕਲ ਸਕਦੀਆਂ ਹਨ। ਹੁਣ ਤੱਕ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਅਸੀਂ ਅੱਜ ਅਜਿਹੇ ਚੌਰਾਹੇ ਵਿੱਚ ਖੜ੍ਹੇ ਹਾਂ ਜਿੱਥੋਂ ਅਸੀਂ ਸੰਭਾਵਨਾਵਾਂ ਭਰਪੂਰ ਯੁੱਗ ਵਿੱਚ ਵੀ ਦਾਖਲ ਹੋ ਸਕਦੇ ਹਾਂ ਜਾਂ ਅਜਿਹੇ ਖਤਰਿਆਂ ਨਾਲ ਵੀ ਦੋ-ਚਾਰ ਹੋ ਸਕਦੇ ਹਾਂ ਜੋ ਅਜੇ ਤੱਕ ਸਾਡੀ ਕਲਪਨਾ ਤੋਂ ਵੀ ਬਾਹਰ ਹਨ।ਆਪਣੀ ਹੀ ਬਣਾਈ ਤਕਨੀਕ ਤੋਂ ਮਨੁੱਖ ਨੂੰ ਇੰਨਾ ਖੌਫਜ਼ਦਾ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਣਾ ਪਿਆ। ਮਨੋਵਿਗਿਆਨ ਅਨੁਸਾਰ ਮਨੁੱਖੀ ਦਿਮਾਗ ਦੇ ਦੋ ਪੱਧਰ ਹੁੰਦੇ ਹਨ- ਬੌਧਿਕਤਾ ਅਤੇ ਚੇਤਨਾ। ਮਨੁੱਖੀ ਕੁਸ਼ਲਤਾ ਦੇ ਹਰੇਕ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਖਲ ਤਾਂ ਅਟੱਲ ਹੈ ਹੀ ਸਗੋਂ ਕੁਝ ਖੇਤਰਾਂ ਵਿੱਚ ਤਾਂ ਇਸ ਦੇ ਮਨੁੱਖੀ ਕਲਪਨਾ ਤੋਂ ਵੀ ਅਗਾਂਹ ਜਾਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਆਲਮੀ ਪੱਧਰ ਤੋਂ ਜੋ ਸੰਕੇਤ ਆ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਸਹਿਜੇ ਹੀ ਤਵੱਕੋ ਕੀਤੀ ਜਾ ਸਕਦੀ ਹੈ ਕਿ ਬੌਧਿਕ ਖੇਤਰ ਵਿੱਚ ਮਨੁੱਖ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੱਥੋਂ ਮਾਤ ਖਾ ਜਾਣਾ ਕੋਈ ਅਚੰਭਾ ਨਹੀਂ ਹੋਵੇਗਾ। ਏਆਈ ਰਾਹੀਂ ਵਰਤੇ ਜਾਣ ਵਾਲੇ ਐਲਗੋਰਿਦਮ ਇਸ ਹੱਦ ਤੱਕ ਅਡਵਾਂਸ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇੱਕ ਸਮੇਂ ਤੋਂ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾਉਣ ਲਈ ਵੀ ਮਨੁੱਖ ਦੇ ਦਖਲ ਦੀ ਵੀ ਲੋੜ ਨਹੀਂ ਰਹੇਗੀ। ਉਸ ਹਾਲਤ ਵਿੱਚ ਸ਼ਾਇਦ ਇਸ ਨੂੰ ‘ਆਰਟੀਫੀਸ਼ੀਅਲ’ ਕਹਿਣਾ ਵੀ ਠੀਕ ਨਾ ਰਹੇ। ਬਹੁਤ ਜਲਦ ਬੌਧਿਕ ਦੁਨੀਆ ਦਾ ਦਾਇਰਾ 'ਏਆਈ ਬਨਾਮ ਏਆਈ' ਬਨਣ ਦੀ ਸੰਭਾਵਨਾ ਹੈ ਜਿਸ ਵਿੱਚੋਂ ਮਨੁੱਖ ਦੇ ਮਨਫੀ ਹੋਣ ਦਾ ਖ਼ਦਸ਼ਾ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ ਤਾਂ ਹੁਣ (ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆਮਦ ਤੋਂ ਵੀ ਪਹਿਲਾਂ) ਹੀ ਕੋਈ ਫੈਸਲਾਕੁਨ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਹੈ ਕਿਉਂਕਿ ਉਸ ਦੇ ਫੈਸਲੇ ਵੀ ਮਾਹਿਰ ਸਿਸਟਮਾਂ ਜਾਂ ਵਿਸ਼ਵਵਿਆਪੀ ਐਲਗੋਰਿਦਮ ਤੈਅ ਕਰਦੇ ਹਨ। ਸੋ, ਆਉਣ ਵਾਲੇ ਮਸ਼ੀਨੀ ਯੁੱਗ ਵਿੱਚ ਮਨੁੱਖ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਆਪਣੀ ‘ਵਿਲੱਖਣਤਾ’ ’ਤੇ ਕੰਮ ਕਰਨ ਦੀ ਲੋੜ ਹੋਵੇਗੀ।ਚੰਗੀ ਗੱਲ ਇਹ ਹੈ ਕਿ ਉਪਰੋਕਤ ਖ਼ਦਸ਼ਿਆਂ ਦੇ ਬਾਵਜੂਦ ਸਾਡੇ ਸਾਹਮਣੇ ਆਸ ਦੀ ਕਿਰਨ ਮੌਜੂਦ ਹੈ। ਸਾਡੀ ਚੇਤਨਾ ਦਾ ਪੱਧਰ ਹੀ ‘ਮਸ਼ੀਨੀ ਬੌਧਿਕਤਾ’ ਦੇ ਸਾਹਮਣੇ ਸਾਡੀ ਹੋਂਦ ਦੀ ਚੱਟਾਨ ਬਣ ਕੇ ਰਾਖੀ ਕਰੇਗਾ। ਕੋਮਲ ਅਹਿਸਾਸਾਂ ਦਾ ਸਮੂਹ ਜਿਵੇਂ ਭਾਵੁਕਤਾ, ਤਰਸ, ਦਇਆ ਆਦਿ ਨੂੰ ਚੇਤਨਾ ਜਾਂ ਆਤਮਾ ਕਿਹਾ ਜਾ ਸਕਦਾ ਹੈ। ਇਹ ਕੋਮਲ ਅਹਿਸਾਸ ਸਿਰਫ ਇਨਸਾਨਾਂ ਦੇ ਹਿੱਸੇ ਆਉਂਦੇ ਹਨ ਅਤੇ ਇਨ੍ਹਾਂ ’ਤੇ ਇਨਸਾਨਾਂ ਦੀ ਇਜਾਰੇਦਾਰੀ ਹੀ ਬਣੀ ਰਹਿਣ ਦੀ ਸੰਭਾਵਨਾ ਹੈ। ਸਵਾਲ ਸਿਰਫ ਇਹ ਹੈ ਕਿ ਇਹ ਅਹਿਸਾਸ ਜੋ ਇਨਸਾਨ ਨੂੰ ਕਿਸੇ ਵੀ ਹੋਰ ਪ੍ਰਜਾਤੀ ਜਾਂ ਮਸ਼ੀਨਾਂ ਤੋਂ ਵੱਖ ਕਰਦੇ ਹਨ, ਇਹ ਇਨਸਾਨ ਅੰਦਰ ਬਣੇ ਰਹਿਣ।ਮਨੁੱਖ ਅੰਦਰ ਚੇਤਨਾ ਨੂੰ ਜ਼ਿੰਦਾ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਇਸ ਨੂੰ ਨੈਤਿਕ ਕਦਰਾਂ-ਕੀਮਤਾਂ ਰਾਹੀਂ ਸੱਭਿਆਚਾਰ ਦਾ ਅਟੁੱਟ ਹਿੱਸਾ ਬਣਾਉਣਾ ਹੀ ਹੋ ਸਕਦਾ ਹੈ। ਸਾਨੂੰ ਬਾਲ ਮਨਾਂ ਵਿੱਚ ਬਿਠਾਉਣਾ ਪਵੇਗਾ ਕਿ ਤੁਸੀਂ ਅਜਿਹੀ ਦੌੜ ਵਿੱਚ ਸ਼ਾਮਲ ਹੋ ਰਹੇ ਹੋ ਜਿੱਥੇ ਤੁਸੀਂ ਸਭ ਤੋਂ ਅੱਗੇ ਲੰਘ ਕੇ ਨਹੀਂ ਸਗੋਂ ਆਪਣੇ-ਆਪ ਨੂੰ ਸਭ ਨਾਲੋਂ ਵੱਖਰਾ ਦਿਖਾ ਕੇ ਜਿੱਤੋਗੇ। ਤੁਸੀਂ ਅਜਿਹੇ ਸੰਸਾਰ ਦੇ ਰੂ-ਬ-ਰੂ ਹੋ ਰਹੇ ਹੋ ਜਿੱਥੇ ਅੰਕੜਿਆਂ ਨਾਲ ਸਬੰਧਿਤ ਕੋਈ ਵੀ ਕੰਮ ਮਸ਼ੀਨਾਂ ਬੜੀ ਨਿਪੁੰਨਤਾ ਨਾਲ ਕਰ ਦੇਣਗੀਆਂ ਪਰ ਇਨਸਾਨਾਂ ਦੇ ਸਬੰਧ ਵਿੱਚ ਫੈਸਲੇ ਕਰਨ ਸਮੇਂ ਸਾਨੂੰ ਬੌਧਿਕ ਦੇ ਨਾਲ-ਨਾਲ ਭਾਵਨਾਤਮਕ ਨਿਪੁੰਨਤਾ ਵੀ ਲੋੜੀਂਦੀ ਹੈ। ਮਸ਼ੀਨਾਂ ਨਾਲ ਘਿਰੇ ਆਲੇ-ਦੁਆਲੇ ਵਿੱਚ ਇਨਸਾਨੀਅਤ ਤੁਹਾਡੀ ਅਸਲ ਸ਼ਕਤੀ ਹੋਵੇਗੀ। ਇਸ ਸੂਰਤ ਵਿੱਚ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਕਿਸੇ ਵੀ ਹਾਲਤ ਵਿੱਚ ਬੌਧਿਕਤਾ ਚੇਤਨਾ ਉੱਪਰ ਹਾਵੀ ਨਾ ਹੋ ਜਾਵੇ ਸਗੋਂ ਸਾਡੇ ਚੇਤਿਆਂ ਵਿੱਚ ਇਹ ਗੱਲ ਘਰ ਕਰ ਜਾਵੇ ਕਿ ਬੌਧਿਕਤਾ ਅਤੇ ਚੇਤਨਾ ਦੇ ਸੁਮੇਲ ਨਾਲ ਹੀ ਮਾਨਵਤਾ ਦੀ ਭਲਾਈ ਹੋ ਸਕਦੀ ਹੈ।ਨਵੀਂ ਤਕਨੀਕ ਹਮੇਸ਼ਾ ਮੌਕੇ ਲੈ ਕੇ ਆਉਂਦੀ ਹੈ। ਇਹ ਹਮੇਸ਼ਾ ਮਨੁੱਖ ਦੇ ਹੱਥ ਰਹਿੰਦਾ ਹੈ ਕਿ ਉਹ ਇਸ ਨਵੇਂ ਪੈਦਾ ਹੋਏ ਖਲਾਅ ਵਿੱਚ ਮੌਕਿਆਂ ਨੂੰ ਤਲਾਸ਼ ਕਰ ਸਕਦਾ ਹੈ ਜਾਂ ਸਿਰਫ ਵਹਾਅ ਦੇ ਨਾਲ-ਨਾਲ ਤੈਰਦਾ ਹੈ। ਬਿਨਾਂ ਸ਼ੱਕ, ਮਨੁੱਖੀ ਸੱਭਿਅਤਾ ਵਿਕਾਸ ਦੇ ਫ਼ੈਸਲਾਕੁਨ ਪੜਾਅ ਵੱਲ ਵਧ ਰਹੀ ਹੈ ਜਿੱਥੇ ਮਨੁੱਖ ਦੁਆਰਾ ਵਿਕਸਿਤ ਕੀਤੀਆਂ ਤਕਨੀਕਾਂ ਮਨੁੱਖ ਨੂੰ ਹੀ ਲਲਕਾਰ ਸਕਦੀਆਂ ਹਨ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਯੁੱਗ ਪਲਟਾਉਣ ਵਾਲੀਆਂ ਤਕਨੀਕਾਂ ਅਕਸਰ ਲੰਮੇ ਸਮੇਂ ਤੱਕ ਰਿਸਣ ਵਾਲੇ ਜ਼ਖਮ ਦੇ ਜਾਂਦੀਆਂ ਹਨ, ਅਜਿਹਾ ਇਸ ਲਈ ਨਹੀਂ ਹੁੰਦਾ ਕਿ ਉਹ ਤਕਨੀਕਾਂ ਅਸਲ ਵਿੱਚ ਮਾੜੀਆਂ ਹੁੰਦੀਆਂ ਹਨ ਸਗੋਂ ਇਸ ਲਈ ਕਿ ਮਨੁੱਖ ਨੂੰ ਉਨ੍ਹਾਂ ਨੂੰ 'ਸਿਆਣਪ ਨਾਲ ਵਰਤਣਾ' ਸਿੱਖਣ ਲਈ ਸਮਾਂ ਲੱਗਦਾ ਹੈ ਤੇ ਇਹੀ 'ਖਲਾਅ' ਮਾਨਵਤਾ ਲਈ ਨਾਸੂਰ ਬਣ ਜਾਂਦਾ ਹੈ। ਸਾਮਰਾਜਵਾਦ, ਦੋ ਸੰਸਾਰ ਜੰਗਾਂ ਅਤੇ ਨਸਲਕੁਸ਼ੀਆਂ ਦੀਆਂ ਉਦਾਹਰਨਾਂ ਸਾਨੂੰ ਇਹ ਸਮਝਾਉਣ ਲਈ ਕਾਫੀ ਹਨ ਕਿ 'ਚੀਜ਼ਾਂ' ਨੂੰ ਸਮੇਂ ਸਿਰ ਨਜਿੱਠਣਾ ਕਿੰਨਾ ਜ਼ਰੂਰੀ ਹੁੰਦਾ ਹੈ। ਸਮੇਂ ਦੀ ਲੋੜ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ 'ਮਹਾਂ ਬੁੱਧੀਮਾਨ' (ਸੁਪਰ ਇੰਟੈਲੀਜੈਂਟ) ਬਣਨ ਤੋਂ ਰੋਕਿਆ ਨਾ ਜਾਵੇ ਸਗੋਂ ਇਸ ਦੀ 'ਮਹਾਂ ਬੁੱਧੀਮਤਾ' (ਸੁਪਰ ਇੰਟੈਲੀਜੈਂਸੀ) ਨੂੰ ਮਨੁੱਖੀ ਸੱਭਿਅਤਾ ਦੇ ਭਲੇ ਲਈ ਸਹੀ ਦਿਸ਼ਾ ਦਿੱਤੀ ਜਾਵੇ। ਸਮਾਂ ਮਸਨੂਈ ਬੌਧਿਕਤਾ ਨਾਲ ਮੁਕਾਬਲੇ ਦਾ ਨਹੀਂ ਸਗੋਂ ਇਸ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਹੈ। ਇਸ ਲਈ ਆਉ, ਮਾਨਵਤਾ ਵਿੱਚ ਵਿਸ਼ਵਾਸ ਦਿਖਾਉਂਦੇ ਹੋਏ ਬਰੂਹਾਂ ’ਤੇ ਦਸਤਕ ਦੇ ਰਹੀ ਅਚੰਭਿਆਂ ਨਾਲ ਭਰਪੂਰ ਇਸ ਹੈਰਾਨੀਜਨਕ ਤਕਨੀਕ ਦਾ ਬਾਹਾਂ ਖੋਲ੍ਹ ਕੇ ਸਵਾਗਤ ਕਰੀਏ।ਸੰਪਰਕ: 98148-29005