ਮਸਕ ਦੀ ਵਿਦਾਇਗੀ
ਅਰਬਪਤੀ ਟੈੱਕ ਕਾਰੋਬਾਰੀ ਐਲਨ ਮਸਕ ਵੱਲੋਂ ਡੋਨਲਡ ਟਰੰਪ ਸਰਕਾਰ ਨਾਲੋਂ ਨਾਤਾ ਤੋੜਨ ਦੇ ਨਾਲ ਹੀ ਸਰਕਾਰੀ ਕਾਰਜ ਕੁਸ਼ਲਤਾ ਵਿਭਾਗ (ਡੀਓਜੀਈ) ਦੇ ਵਿਸ਼ੇਸ਼ ਮੁਲਾਜ਼ਮ ਵਜੋਂ ਉਸ ਦੇ ਚਾਰ ਮਹੀਨਿਆਂ ਦੇ ਖਰੂਦੀ ਕਾਰਜਕਾਲ ਦਾ ਵੀ ਅੰਤ ਹੋ ਗਿਆ। ਨੌਕਰਸ਼ਾਹੀ ਨੂੰ ਨਵਾਂ ਰੂਪ ਦੇਣ ਅਤੇ ਖ਼ਰਚ ਘਟਾਉਣ ਦੀਆਂ ਉਸ ਦੀਆਂ ਵਿਵਾਦਤ ਕੋਸ਼ਿਸ਼ਾਂ ਨੇ ਫੈਡਰਲ ਸਰਕਾਰ ਨੂੰ ਹੇਠ-ਉੱਤੇ ਕਰ ਦਿੱਤਾ। ਟੈਸਲਾ ਦੇ ਸੀਈਓ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ, ਮੁਕਾਬਲੇਬਾਜ਼ ਕੰਪਨੀਆਂ ਖਰੀਦਣ ਦੀ ਕੋਸ਼ਿਸ਼ ਹੋਈ, ਗਰਾਂਟਾਂ ਤੇ ਪ੍ਰੋਗਰਾਮਾਂ ਉੱਤੇ ਕੈਂਚੀ ਚੱਲੀ ਅਤੇ ਮੁਕੱਦਮੇ ਸ਼ੁਰੂ ਹੋ ਗਏ। ਮਸਕ ਦੀ ਵਿਦਾਇਗੀ ਦੇ ਨਾਲ ਹੀ ਇੱਕ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੀ ਉਸ 2 ਅਪਰੈਲ ਦੀ ਯੋਜਨਾ ’ਤੇ ਰੋਕ ਲਾ ਦਿੱਤੀ ਹੈ ਜਿਸ ਤਹਿਤ ਐਮਰਜੈਂਸੀ ਤਾਕਤਾਂ ਵਰਤ ਕੇ ਵਿਆਪਕ ਦਰਾਮਦ ਟੈਕਸ ਲਾਇਆ ਗਿਆ ਸੀ। ਇਨ੍ਹਾਂ ਆਦੇਸ਼ਾਂ ਕਾਰਨ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੀਆਂ ਜ਼ਿਆਦਾਤਰ ਵਸਤਾਂ ਉੱਤੇ ਘੱਟੋ-ਘੱਟ 10 ਫ਼ੀਸਦੀ ਟੈਰਿਫ ਤੇ ਵੱਧ ਡਿਊਟੀ ਲੱਗ ਗਈ ਸੀ। ਵ੍ਹਾਈਟ ਹਾਊਸ ਟਲਿਆ ਤਾਂ ਹੈ ਪਰ ਆਲਮੀ ਵਪਾਰਕ ਵਾਤਾਵਰਨ ’ਚ ਉਥਲ-ਪੁਥਲ ਦੀ ਬੇਚੈਨੀ ਵਾਲੀ ਭਾਵਨਾ ਹੈ।
ਮਸਕ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਲਈ ਟਰੰਪ ਨੂੰ ਸਭ ਤੋਂ ਵੱਧ ਪੈਸਾ ਦਿੱਤਾ ਸੀ। ਜਾਪਦਾ ਹੈ ਕਿ ਰਿਸ਼ਤਾ ਪਿਛਲੇ ਸਾਲ ਨਾਲੋਂ ਠੰਢਾ ਪੈ ਗਿਆ ਹੈ। ਡੋਨਲਡ ਟਰੰਪ ਦੀ ਜਿੱਤ ਵੇਲੇ ਅਤੇ ਮਗਰੋਂ ਹਲਫ਼ਦਾਰੀ ਸਮਾਗਮਾਂ ਵਿੱਚ ਮਸਕ ਮੋਹਰੀ ਭੂਮਿਕਾ ’ਚ ਸਨ। ਉਨ੍ਹਾਂ ਪਰਿਵਾਰ ਸਮੇਤ ਹਰ ਜਗ੍ਹਾ ਸ਼ਾਮਿਲ ਹੋ ਕੇ ਟਰੰਪ ਨਾਲ ਆਪਣੀ ਨੇੜਤਾ ਜੱਗ ਜ਼ਾਹਿਰ ਕੀਤੀ ਸੀ। ਬਾਅਦ ’ਚ ਕਈ ਸਰਕਾਰੀ ਫ਼ੈਸਲਿਆਂ ’ਚ ਉਸ ਦਾ ਪੂਰਾ ਹੱਥ ਰਿਹਾ ਅਤੇ ਉਹ ਅਕਸਰ ਵ੍ਹਾਈਟ ਹਾਊਸ ’ਚ ਟਰੰਪ ਦੇ ਨਾਲ ਦਿਸੇ। ਦੁਨੀਆ ਦੇ ਸਭ ਤੋਂ ਅਮੀਰ ਐਲਨ ਮਸਕ ਨੇ ਹਾਲ ਹੀ ਵਿੱਚ ਆਪਣੇ ਕਾਰੋਬਾਰਾਂ ਵੱਲ ਪਰਤਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨਾਲ ਉਸ ਦੀ ਨੇੜਤਾ ਦਾ ਕੁਝ ਅਸਰ ਟੈਸਲਾ ਦੇ ਕਾਰੋਬਾਰ ਉੱਤੇ ਪੈ ਚੁੱਕਾ ਹੈ ਜਿਸ ਦੀ ਵਿਕਰੀ ਕਾਫ਼ੀ ਤੇਜ਼ੀ ਨਾਲ ਡਿੱਗੀ ਹੈ। ਚੀਨ ’ਤੇ ਲਾਏ ਨਵੇਂ ਟੈਕਸਾਂ ਬਾਰੇ ਮਸਕ ਪਹਿਲਾਂ ਤੋਂ ਹੀ ਟਰੰਪ ਨਾਲ ਸਹਿਮਤ ਨਹੀਂ ਸੀ। ਉਸ ਨੇ ਰਾਸ਼ਟਰਪਤੀ ਵੱਲੋਂ ਲਾਏ ਵਿਆਪਕ ਟੈਕਸਾਂ ਅਤੇ ਖਰਚਾ ਕਟੌਤੀ ਪੈਕੇਜ ’ਤੇ ਵੀ ਚਿੰਤਾ ਜਤਾਈ ਸੀ ਤੇ ਕਿਹਾ ਸੀ ਕਿ ਇਸ ਨਾਲ ਅਮਰੀਕਾ ਦਾ ਬਜਟ ਸੰਕਟ ਡੂੰਘਾ ਹੋਵੇਗਾ ਤੇ ਡੀਓਜੀਈ ਦੀਆਂ ਕੋਸ਼ਿਸ਼ਾਂ ਬੇਕਾਰ ਹੋ ਜਾਣਗੀਆਂ।
ਮਸਕ ਨੇ ਸ਼ਾਇਦ ਆਪਣੇ ਤੌਰ-ਤਰੀਕਿਆਂ ਤੇ ਗੁਸਤਾਖ਼ ਰਵੱਈਏ ਕਾਰਨ ਵਿਵਾਦ ਖੜ੍ਹੇ ਕੀਤੇ ਪਰ ਇਸ ਕੋਸ਼ਿਸ਼ ਮਗਰਲੇ ਬੁਨਿਆਦੀ ਵਿਚਾਰ ਵਿੱਚ ਗ਼ਲਤੀ ਲੱਭਣ ਦੀ ਗੁੰਜਾਇਸ਼ ਬਹੁਤ ਥੋੜ੍ਹੀ ਹੈ ਕਿ ਸਰਕਾਰੀ ਖ਼ਰਚ ਠੀਕ ਕਰਨ ਦੀ ਲੋੜ ਹੈ, ਬੇਮਤਲਬ ਖ਼ਰਚ ਵਾਲੇ ਸਭਿਆਚਾਰ ਦਾ ਅੰਤ ਹੋਣਾ ਚਾਹੀਦਾ ਹੈ ਅਤੇ ਕਾਰਜ ਕੁਸ਼ਲਤਾ ਇੱਛਤ ਟੀਚਾ ਹੋਣੀ ਚਾਹੀਦੀ ਹੈ। ਇਹ ਸੁਭਾਵਿਕ ਸਚਾਈ ਹੈ ਜੋ ਦੁਨੀਆ ਵਿੱਚ ਹਰ ਸਰਕਾਰ ਉੱਤੇ ਲਾਗੂ ਹੁੰਦੀ ਹੈ, ਖ਼ਾਸ ਤੌਰ ’ਤੇ ਭਾਰਤ ਵਿੱਚ। ਮਸਕ ਦੇ ਵਿਦਾ ਹੋਣ, ਚਾਹੇ ਆਪਣੀ ਮਰਜ਼ੀ ਨਾਲ ਜਾਂ ਕਿਸੇ ਹੋਰ ਢੰਗ ਨਾਲ, ਨੇ ਟਰੰਪ ਦੀ ਸਰਪ੍ਰਸਤੀ ਵਾਲੇ ਰਸੂਖ਼ਵਾਨਾਂ ਦੇ ਇੱਕ ਹੋਰ ਕਲੱਬ ਦਾ ਭੋਗ ਪਾ ਦਿੱਤਾ ਹੈ, ਜੋ ਉਸ ਦੇ ਰਾਸ਼ਟਰਪਤੀ ਕਾਰਜਕਾਲ ਦੀ ਖਾਸੀਅਤ ਵੀ ਰਹੀ ਹੈ।