ਮਲੋਆ ਗਊਸ਼ਾਲਾ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਅੱਠ ਪਸ਼ੂਆਂ ਦੀ ਮੌਤ
ਮੁਕੇਸ਼ ਕੁਮਾਰ
ਚੰਡੀਗੜ੍ਹ, 1 ਫਰਵਰੀ
ਚੰਡੀਗੜ੍ਹ ਦੀ ਮਲੋਆ ਗਊਸ਼ਾਲਾ ਵਿੱਚ ਸ਼ਨਿਚਰਵਾਰ ਸਵੇਰੇ ਬਿਜਲੀ ਦੇ ਕਰੰਟ ਦੀ ਚਪੇਟ ਵਿੱਚ ਆਉਣ ਕਾਰਨ ਅੱਠ ਪਸ਼ੂਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੰਟ ਲੱਗਣ ਨਾਲ ਗਊਸ਼ਾਲਾ ਵਿੱਚ ਸੱਤ ਸਾਂਢ ਅਤੇ ਇੱਕ ਗਾਂ ਦੀ ਮੌਤ ਹੋ ਗਈ ਹੈ। ਗਊਸ਼ਾਲਾ ਵਿੱਚ ਤਾਇਨਾਤ ਕਰਮੀਆਂ ਦੀ ਫੁਰਤੀ ਅਤੇ ਬਹਾਦਰੀ ਹੋਰ ਗਾਂਵਾਂ ਨੂੰ ਬਚਾਅ ਲਿਆ ਗਿਆ ਨਹੀਂ ਤਾਂ ਮ੍ਰਿਤ ਗਾਂਵਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਸੀ। ਇਸ ਮੰਗਭਾਗੀ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨਾਲ ਮਲੋਆ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਘਟਨਾ ਨੂੰ ਲੈਕੇ ਜਾਂਚ ਕੀਤੀ।
ਮੇਅਰ ਹਰਪ੍ਰੀਤ ਕੌਰ ਬਬਲਾ ਨੇ ਦੱਸਿਆ ਕਿ ਨਿਗਮ ਦੇ ਸਬੰਧਤ ਅਧਿਕਾਰੀਆਂ ਅਨੁਸਾਰ ਗਊਸ਼ਾਲਾ ਦੇ ਸਾਂਢ ਤੇ ਗਾਵਾਂ ਲੋਹੇ ਦੇ ਖੰਭੇ ਦੇ ਸੰਪਰਕ ਵਿੱਚ ਆ ਗਏ ਜਿਸ ਵਿੱਚ ਬਿਜਲੀ ਦਾ ਕਰੰਟ ਦੌੜ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਵੀਕਾਰਨ ਯੋਗ ਨਹੀਂ ਹਨ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੀਆਂ ਸਾਰੀਆਂ ਗਊਸ਼ਾਲਾਵਾਂ ਦਾ ਪ੍ਰਬੰਧਨ ਵਧੀਆ ਢੰਗ ਨਾਲ ਕਰਨ ਨੂੰ ਯਕੀਨੀ ਬਣਾਵੇਗਾ ਅਤੇ ਬਿਹਤਰ ਦੇਖਭਾਲ ਤੇ ਸੁਰੱਖਿਆ ਲਈ ਗੈਰ-ਸਰਕਾਰੀ ਸੰਗਠਨਾਂ ਨੂੰ ਸੌਂਪਿਆ ਜਾਵੇ।
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਗਊਸ਼ਾਲਾ ਪ੍ਰਬੰਧਕਾਂ ਨੂੰ ਗਊਸ਼ਾਲਾ ਵਿੱਚ ਸਫ਼ਾਈ ਪ੍ਰਬੰਧਾਂ ਲਈ ਤਾੜਨਾ ਵੀ ਕੀਤੀ ਅਤੇ ਗਊਸ਼ਾਲਾ ਵਿੱਚ ਸਫ਼ਾਈ ਦੇ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਜਵਾਬਦੇਹੀ ਅਤੇ ਸੁਰੱਖਿਆ ਵਿਵਸਥਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੁਖਦਾਈ ਘਟਨਾ ਵਿੱਚ ਨਗਰ ਨਿਗਮ ਦੇ ਕਰਮਚਾਰੀਆਂ ਨੇ ਬਹਾਦੁਰੀ ਨਾਲ ਕੀਤੀ ਤੁਰੰਤ ਕਾਰਵਾਈ ਨੇ ਜਾਨ-ਮਾਲ ਦੇ ਹੋਰ ਨੁਕਸਾਨ ਨੂੰ ਰੋਕਣ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੇ ਯਤਨਾਂ ਸਦਕਾ 25 ਗਾਵਾਂ ਨੂੰ ਬਚਾ ਲਿਆ ਗਿਆ। ਮੇਅਰ ਹਰਪ੍ਰੀਤ ਕੌਰ ਬਬਲਾ, ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ, ਡਿਪਟੀ ਮੇਅਰ ਤਰੁਣਾ ਮਹਿਤਾ ਅਤੇ ਇਲਾਕਾ ਕੌਂਸਲਰ ਨਿਰਮਲਾ ਦੇਵੀ ਨੇ ਗਊਸ਼ਾਲਾ ਦੇ ਦੌਰੇ ਦੌਰਾਨ ਇਸ ਮੰਦਭਾਗੀ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।