ਮਲੇਸ਼ੀਆ ਮਾਸਟਰਜ਼: ਸ੍ਰੀਕਾਂਤ ਕੁਆਰਟਰ ਫਾਈਨਲ ’ਚ ਪੁੱਜਿਆ
ਕੁਲਾਲਾਲੰਪੁਰ, 22 ਮਈ
ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਦੇ ਦੂਜੇ ਗੇੜ ’ਚ ਆਇਰਲੈਂਡ ਦੇ ਐੱਨ. ਗੁਏਨ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ ਜਦਕਿ ਐੱਸਐੱਚ ਪ੍ਰਣੌਏ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਸ੍ਰੀਕਾਂਤ ਨੇ ਦੁਨੀਆ ਦੇ 33ਵੇਂ ਨੰਬਰ ਦੇ ਖਿਡਾਰੀ ਗੁਏਨ ਖ਼ਿਲਾਫ਼ 23-21, 21-17 ਨਾਲ ਜਿੱਤ ਹਾਸਲ ਕੀਤੀ। ਆਖਰੀ ਅੱਠਾਂ ’ਚ ਉਸ ਦਾ ਸਾਹਮਣਾ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨਾਲ ਹੋਵੇਗਾ, ਜਿਸ ਨੇ ਦੂਜੇ ਗੇੜ ਦੇ ਮੈਚ ’ਚ ਭਾਰਤ ਦੇ ਆਯੂਸ਼ ਸ਼ੈੱਟੀ ਨੂੰ 13-21 17-21 ਨਾਲ ਹਰਾਇਆ। ਮਿਕਸਡ ਡਬਲਜ਼ ਵਰਗ ’ਚ ਧਰੁਵ ਕਪਿਲਾ ਤੇ ਤਨੀਸ਼ਾ ਕਰਾਸਟੋ ਦੀ ਜੋੜੀ ਆਖਰੀ ਅੱਠਾਂ ’ਚ ਪਹੁੰਚ ਗਈ ਹੈ। ਪ੍ਰੀ-ਕੁਆਰਟਰ ਫਾਈਨਲ ’ਚ ਧਰੁਵ ਤੇ ਤਨੀਸ਼ਾ ਨੇ ਫਰਾਂਸ ਦੇ ਜੂਲੀਅਨ ਮੇਈਓ ਅਤੇ ਲੀਆ ਪਲੇਰਮੋ ਦੀ ਜੋੜੀ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਕਦਮ ਰੱਖਿਆ, ਜਿੱਥੇ ਉਨ੍ਹਾਂ ਦਾ ਮੁਕਾਬਲਾ ਚੀਨ ਦੇ ਜਿਆਂਗ ਜੇਨ ਬੈਂਗ ਅਤੇ ਵੇਈ ਯਾ ਸ਼ਿਨ ਦੀ ਜੋੜੀ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ’ਚ ਭਾਰਤ ਦੇ ਪ੍ਰਣੌਏ ਨੂੰ ਜਾਪਾਨ ਦੇ ਯੂਸ਼ੀ ਤਨਾਕਾ ਤੋਂ 9-21 18-21 ਨਾਲ ਜਦਕਿ ਸਤੀਸ਼ ਕੁਮਾਰ ਕਰੁਣਾਕਰਨ ਨੂੰ ਫਰਾਂਸ ਦੇ ਕ੍ਰਿਸਟੋ ਪੋਪੋਵ ਹੱਥੋਂ 14-21 16-21 ਨਾਲ ਹਾਰ ਮਿਲੀ। ਮਹਿਲਾ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰੇਰਨਾ ਅਲਵੇਕਰ ਤੇ ਐੱਮ. ਦੇਸ਼ਪਾਂਡੇ ਦੀ ਜੋੜੀ ਨੂੰ ਐੱਚ.ਵਾਈ. ਹੂਈ ਤੇ ਲਿਨ ਝਿਨ ਯੁਨ ਦੀ ਜੋੜੀ ਹੱਥੋਂ 9-21 14-21 ਨਾਲ ਹਾਰ ਨਸੀਬ ਹੋਈ। -ਪੀਟੀਆਈ