ਪੱਤਰ ਪ੍ਰੇਰਕਸ਼ਾਹਕੋਟ, 7 ਜੂਨਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ ’ਚ ਮੁਫ਼ਤ ਕਣਕ ਵੰਡਣ ਸਮੇਂ ਡਿੱਪੂ ਹੋਲਡਰ ਅਤੇ ਖਪਤਕਾਰਾਂ ਦਰਮਿਆਨ ਪੈਦਾ ਹੋਏ ਵਿਵਾਦ ਨੂੰ ਅੱਜ ਫੂਡ ਸਪਲਾਈ ਇੰਸਪੈਕਟਰ ਸ਼ਾਹਕੋਟ ਪ੍ਰਦੀਪ ਕੁਮਾਰ ਨੇ ਸੁਲਝਾ ਦਿੱਤਾ ਹੈ। ਵਿਵਾਦ ਖਤਮ ਹੋਣ ਤੋਂ ਬਾਅਦ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਹਾਜ਼ਰੀ ਵਿਚ ਡਿੱਪੂ ਹੋਲਡਰ ਵੱਲੋਂ ਕਰੀਬ 150 ਖਪਤਕਾਰਾਂ ਨੂੰ ਪੂਰੀ ਕਣਕ ਵੰਡੀ ਗਈ। ਜ਼ਿਕਰਯੋਗ ਹੈ ਕਿ 4 ਜੂਨ ਨੂੰ ਡਿੱਪੂ ਹੋਲਡਰ ਵੱਲੋਂ ਖਪਤਕਾਰਾਂ ਨੂੰ ਜਦੋਂ ਘੱਟ ਕਣਕ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਖਪਤਕਾਰਾਂ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਡਿੱਪੂ ਹੋਲਡਰ ਦੀ ਕਥਿਤ ਘਪਲੇਬਾਜ਼ੀ ਦਾ ਵਿਰੋਧ ਕਰਦਿਆਂ ਮਾਮਲਾ ਫੂਡ ਸਪਲਾਈ ਇੰਸਪੈਕਟਰ ਪ੍ਰਦੀਪ ਕੁਮਾਰ ਦੇ ਧਿਆਨ ਵਿਚ ਲਿਆਂਦਾ ਸੀ। ਇੰਸਪੈਕਟਰ ਵੱਲੋਂ ਯੂਨੀਅਨ ਨਾਲ ਇਨਸਾਫ ਦੇਣ ਦੇ ਕੀਤੇ ਵਾਅਦੇ ਮੁਤਾਬਿਕ ਅੱਜ ਉਨ੍ਹਾਂ ਨੇ ਯੂਨੀਅਨ ਦੀ ਹਾਜ਼ਰੀ ਵਿਚ ਡਿੱਪੂ ਹੋਲਡਰ ਅਤੇ ਖਪਤਕਾਰਾਂ ਦਰਮਿਆਨ ਪੈਦਾ ਹੋਇਆ ਵਿਵਾਦ ਖ਼ਤਮ ਕਰਵਾ ਦਿੱਤਾ। ਅੱਜ ਲਗਪਗ 150 ਖਪਤਕਾਰਾਂ ਨੂੰ ਕਣਕ ਵੰਡਣ ਤੋਂ ਬਾਅਦ ਕਣਕ ਖਤਮ ਹੋ ਗਈ। ਡਿੱਪੂ ਹੋਲਡਰ ਰਾਜਿੰਦਰ ਕੁਮਾਰ ਨੇ ਅਗਲੇ 2 ਦਿਨਾਂ ਤੱਕ ਰਹਿੰਦੇ ਖਪਤਕਾਰਾਂ ਨੂੰ ਕਣਕ ਦੇਣ ਦਾ ਭਰੋਸਾ ਦਿਤਾ। ਪੰਜਾਬ ਖੇਤ ਯੂਨੀਅਨ ਦੇ ਇਲਾਕਾ ਸ਼ਾਹਕੋਟ-ਨਕੋਦਰ ਦੇ ਸਕੱਤਰ ਸੁਖਜਿੰਦਰ ਲਾਲੀ, ਜੱਸਾ ਅਤੇ ਕਈ ਹੋਰ ਸ੍ਰਗਰਮ ਵਰਕਰਾਂ ਨੇ ਇਸ ਨੂੰ ਮਜ਼ਦੂਰਾਂ ਦੀ ਜਿੱਤ ਕਰਾਰ ਦਿੱਤਾ।