ਮਰ ਰਹੀ ਹੈ ਮੇਰੀ ਭਾਸ਼ਾ...
ਇਕਬਾਲ ਸਿੰਘ ਬਰਾੜ
ਸ਼ਬਦ ਕਿਸੇ ਵੀ ਭਾਸ਼ਾ ਲਈ ਮਾਲਾ ਦੇ ਮਣਕਿਆਂ ਵਰਗਿਆਂ ਹੁੰਦੇ ਹਨ। ਭਾਸ਼ਾ ਦੀ ਖ਼ੂਬਸੂਰਤੀ ਨੂੰ ਸ਼ਬਦ ਦੇ ਪ੍ਰਗਟਾਵੇ ਰਾਹੀਂ ਦੇਖਿਆ ਜਾ ਸਕਦਾ ਹੈ। ਸੋਹਣੇ ਢੰਗ ਨਾਲ ਉਭਾਰੇ ਸ਼ਬਦ ਸੱਜ-ਵਿਆਹੀ ਦੇ ਸ਼ਿੰਗਾਰ ਵਾਂਗ ਭਾਸ਼ਾ ਨੂੰ ਚਾਰ ਚੰਨ ਲਾ ਦਿੰਦੇ ਹਨ।
ਪਰ ਕਈ ਵਾਰ ਸ਼ਬਦ ਦੀ ਬਣਤਰ ਏਨੀ ਬੇਢੱਬੀ ਹੁੰਦੀ ਹੈ ਕਿ ਅਰਥ ਦਾ ਅਨਰਥ ਹੋ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਅੰਗਰੇਜ਼ੀ ਜਾਂ ਹਿੰਦੀ ਦੇ ਕੁਝ ਸ਼ਬਦ ਜਜ਼ਬ ਹੋ ਚੁੱਕੇ ਹਨ, ਇਹ ਕੋਈ ਅਣਹੋਣੀ ਨਹੀਂ ਪਰ ਕਈ ਵਾਰ ਸ਼ਬਦਾਂ ਰਾਹੀਂ ਭਾਵਨਾ ਨਾਲ ਹੀ ਖਿਲਵਾੜ ਕਰ ਦਿੱਤਾ ਜਾਵੇ ਤਾਂ ਇਹ ਸਮਝੋਂ ਪਰ੍ਹੇ ਹੈ। ਅੰਗਰੇਜ਼ੀ ਦੇ ਸ਼ਬਦ ਸਕੂਲ, ਲਾਇਬ੍ਰੇਰੀ, ਕੈਫੇ, ਸਟਾਲ ਆਦਿ ਤਾਂ ਸਾਡੀ ਆਮ ਬੋਲਚਾਲ ਵਿੱਚ ਲਗਪਗ ਪ੍ਰਵਾਨ ਹੋ ਚੁੱਕੇ ਹਨ ਪਰ ਅੰਗਰੇਜ਼ੀ ਦੇ ਕੁਝ ਅਜਿਹੇ ਸ਼ਬਦਾਂ ਦਾ ਪੰਜਾਬੀਕਰਨ ਹੋ ਰਿਹਾ ਹੈ ਜੋ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਨੂੰ ਵਲੂੰਧਰ ਕੇ ਰੱਖ ਦਿੰਦੇ ਹਨ। ਸ਼ਬਦਾਂ ਜਾਂ ਵਾਕ ਨੂੰ ਅੰਗਰੇਜ਼ੀ ਵਿੱਚ ਤਾਂ ਸੰਖੇਪ ਰੂਪ ਦਿੱਤਾ ਜਾ ਸਕਦਾ ਹੈ ਪਰ ਇਨ੍ਹਾਂ ਸ਼ਬਦਾਂ ਜਾਂ ਵਾਕ ਨੂੰ ਪੰਜਾਬੀ ਵਿੱਚ ਸੰਖੇਪ ਰੂਪ ਦੇਣ ਨਾਲ ਕਈ ਵਾਰ ਮਾਅਨੇ ਬਦਲ ਜਾਂਦੇ ਹਨ।
ਕੁਝ ਸਮਾਂ ਪਹਿਲਾਂ ਮੈਂ ਚੰਡੀਗੜ੍ਹ ਤੋਂ ਮੋਗਾ ਜਾਣ ਲਈ ਬੱਸ ਵਿੱਚ ਸਫ਼ਰ ਕਰਦਿਆਂ ਖਮਾਣੋਂ ਵਿੱਚ ਦੀ ਗੁਜ਼ਰ ਰਿਹਾ ਸੀ। ਇੱਥੋਂ ਦੇ ਸਕੂਲ ਦੇ ਬੋਰਡ ਉੱਤੇ ਨਿਗ੍ਹਾ ਪਈ ਤਾਂ ਮਨ ਬਹੁਤ ਦੁਖੀ ਹੋਇਆ ਕਿ ਸ਼ਬਦ ਦੀ ਭਾਵਨਾ ਨੂੰ ਇੰਝ ਵੀ ਠੇਸ ਪਹੁੰਚ ਸਕਦੀ ਹੈ। ਸਕੂਲ ਦੇ ਬੋਰਡ ਉੱਤੇ ਲਿਖਿਆ ਸੀ, ‘ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਮਾਣੋਂ (ਫ.ਗ.ਸ.)’। ਫਤਹਿਗੜ੍ਹ ਸਾਹਿਬ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਜੀ ਦੇ ਨਾਮ ਉੱਤੇ ਰੱਖਿਆ ਗਿਆ ਹੈ ਜਿਨ੍ਹਾਂ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਦਾ ਹੈ। ‘ਫ.ਗ.ਸ.’ ਲਿਖ ਦੇਣ ਨਾਲ ਛੋਟੇ ਸਾਹਿਬਜ਼ਾਦਾ ਜੀ ਦਾ ਨਾਮ ਰੱਖਣ ਦੀ ਭਾਵਨਾ ਦਾ ਨਿਰਾਦਰ ਹੁੰਦਾ ਹੈ। ਸਕੂਲ ਵਿੱਚ ਪ੍ਰਵੇਸ਼ ਕਰਨ ਵਾਲੇ ਬੱਚੇ ‘ਜ਼ਿਲ੍ਹਾ ਫ.ਸ.ਗ.’ ਦੀ ਬਜਾਏ ਫਤਹਿਗੜ੍ਹ ਸਾਹਿਬ ਪੜ੍ਹ ਕੇ ਲੰਘਣ ਤਾਂ ਹੀ ਸਰਹਿੰਦ ਦਾ ਨਾਮ ਬਦਲ ਕੇ ਫਤਹਿਗੜ੍ਹ ਰੱਖਣ ਦਾ ਉਦੇਸ਼ ਪੂਰਾ ਹੋ ਸਕਦਾ ਹੈ। ਫਤਹਿਗੜ੍ਹ ਸਾਹਿਬ ਬੱਚਿਆਂ ਦੇ ਮਨ ਮਸਤਕ ਉੱਤੇ ਸਦਾ ਲਈ ਉੱਕਰ ਜਾਵੇਗਾ। ਸਿਰਫ਼ ਖਮਾਣੋਂ ਦੇ ਸਕੂਲ ਦੇ ਬੋਰਡ ਉੱਤੇ ਹੀ ਫ.ਗ.ਸ. ਨਹੀਂ ਲਿਖਿਆ ਸਗੋਂ ਹੋਰ ਵੀ ਬਹੁਤ ਸਾਰੇ ਸਕੂਲਾਂ ਵਿੱਚ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਦੇ ਸਤਿਕਾਰ ਵਿੱਚ ਮੁਹਾਲੀ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਿਆ ਗਿਆ ਸੀ। ਹੁਣ ਅਖ਼ਬਾਰੀ ਭਾਸ਼ਾ ਅਤੇ ਸਰਕਾਰੀ ਪੱਤਰਾਂ ਵਿੱਚ ਇਸ ਦਾ ਨਾਮ ਐੱਸ.ਏ.ਐੱਸ. ਨਗਰ ਪ੍ਰਚੱਲਿਤ ਹੋ ਗਿਆ ਜੋ ਸਰਾਸਰ ਗ਼ਲਤ ਹੈ। ਹੁਣ ਤਾਂ ਹੱਦ ਹੀ ਹੋ ਗਈ। ਸ਼ਹਿਰ ਵਿੱਚ ਨਵਾਂ ਵਸੇਬਾ ਕਰਨ ਵਾਲੇ ਕਈ ਲੋਕ ਐੱਸ.ਏ.ਐੱਸ. ਨਗਰ ਕਹਿਣ ਦੀ ਬਜਾਏ ‘ਸਾਸ ਨਗਰ’ ਹੀ ਕਹਿੰਦੇ ਸੁਣੇ ਹਨ। ਐੱਸ.ਏ.ਐੱਸ. ਨਗਰ ਅੰਗਰੇਜ਼ੀ ਵਿੱਚ ਭਾਵੇਂ ਸ਼ੋਭਦਾ ਹੋਵੇ ਪਰ ਪੰਜਾਬੀ ਵਿੱਚ ਇਸ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ‘ਸਾਸ ਨਗਰ’ ਹੋ ਜਾਣਾ ਬੇਹੁਰਮਤੀ ਵਾਂਗ ਹੈ। ਸਵਾਲ ਇਹ ਹੈ: ਕੀ ਸਾਡੇ ਬੱਚਿਆਂ ਦੇ ਸਰਟੀਫਿਕੇਟ, ਪਾਸਪੋਰਟ ਜਾਂ ਹੋਰ ਦਸਤਾਵੇਜ਼ ਉੱਤੇ ਸੰਖੇਪ ਰੂਪ ਵਿੱਚ ਨਾਮ ਦਰਜ ਹੁੰਦਾ ਹੈ? ਜੇਕਰ ਨਹੀਂ ਤਾਂ ਫੇਰ ਸਾਹਿਬਜ਼ਾਦਿਆਂ ਦੇ ਨਾਮ ਸੰਖੇਪ ਰੂਪ ਵਿੱਚ ਕਿਉਂ ਲਿਖੇ ਜਾਂਦੇ ਹਨ?
ਗੁਰੂ ਸਾਹਿਬਾਨ ਦੇ ਨਾਮ ਉੱਤੇ ਬਣੀਆਂ ਹੋਰ ਸੰਸਥਾਵਾਂ ਦੇ ਨਾਵਾਂ ਦਾ ਸੰਖੇਪ ਰੂਪ ਵਿੱਚ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਤਰਜਮਾ ਕਰਕੇ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਹੀ ਵਿਗਾੜ ਦਿੱਤਾ ਗਿਆ। ਮਿਸਾਲ ਦੇ ਤੌਰ ਉੱਤੇ ਲੁਧਿਆਣਾ ਵਿਖੇ ਸਥਿਤ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੂੰ ‘ਗਡਵਾਸੂ’ ਕਹਿਣਾ ਸ਼ੋਭਾ ਨਹੀਂ ਦਿੰਦਾ। ਗੁਰਮੁਖੀ ਲਿਪੀ ਦੀ ਬਖ਼ਸ਼ਿਸ਼ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨੂੰ ਚੰਦ ਅੱਖਰਾਂ ਵਿੱਚ ਸਮੇਟ ਦੇਣਾ ਬਹੁਤ ਮੰਦਭਾਗਾ ਹੈ। ਯੂਨੀਵਰਸਿਟੀ ਨੇ ਤਾਂ ਪੱਤਰ ਜਾਰੀ ਕਰਕੇ ਇਸ ਯੂਨੀਵਰਸਿਟੀ ਨੂੰ ਸੰਖੇਪ ਰੂਪ ਵਿੱਚ ਲਿਖਣ ਦੀ ਬਜਾਏ ਪੂਰਾ ਨਾਮ ਲਿਖਣ ਅਤੇ ਜੇਕਰ ਪੂਰਾ ਨਾਮ ਨਹੀਂ ਵੀ ਲਿਖਣਾ ਤਾਂ ਘੱਟੋ-ਘੱਟ ‘ਗੁਰੂ ਅੰਗਦ ਦੇਵ ਯੂਨੀਵਰਸਿਟੀ’ ਲਿਖਣ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਸੰਸਥਾ ਦਾ ਨਾਮ ਗੁਰੂ ਸਾਹਿਬ ਦੇ ਨਾਮ ਉੱਤੇ ਰੱਖਣ ਦੀ ਭਾਵਨਾ ਦੀ ਸੁੱਚਤਮ ਬਣੀ ਰਹੇ। ਨਵਾਂਸ਼ਹਿਰ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ, ਪਰ ਅਖ਼ਬਾਰ ਜਾਂ ਹੋਰ ਪੱਤਰ ਵਿਹਾਰ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ ਬਜਾਏ ਐੱਸ.ਬੀ.ਐੱਸ. ਨਗਰ ਹੀ ਲਿਖਿਆ ਜਾਂਦਾ ਹੈ।
ਅੰਗਰੇਜ਼ੀ ਨੂੰ ਸੰਖੇਪ ਸ਼ਬਦ ਮੁਬਾਰਕ ਹੋਣ, ਪਰ ਪੰਜਾਬੀ ਸ਼ਬਦਾਂ ਖ਼ਾਸ ਕਰਕੇ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਚੰਦ ਅੱਖਰਾਂ ਵਿੱਚ ਸਮੇਟਣਾ ਮਾਂ-ਬੋਲੀ ਨੂੰ ਨੀਵਾਂ ਦਿਖਾਉਣ ਵਰਗਾ ਹੈ। ਅੰਗਰੇਜ਼ੀ ਤੋਂ ‘ਕਾਪੀ-ਪੇਸਟ’ ਕਰਕੇ ਪੰਜਾਬੀ ਭਾਸ਼ਾ ਵਿੱਚ ਪਰੋਸੇ ਜਾ ਰਹੇ ਸ਼ਬਦਾਂ ਬਾਰੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਚਿੰਤਾ ਜ਼ਾਹਰ ਕੀਤੀ:
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸੂਚਕ ਬੋਰਡ (ਸਾਈਨ ਬੋਰਡ) ਉੱਤੇ ਪੰਜਾਬੀ ਨੂੰ ਪਹਿਲ ਦੇਣ ਲਈ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਅਪੀਲ ਕੀਤੀ ਹੈ। ਇਸ ਅਪੀਲ ਨੂੰ ਚੰਗਾ ਹੁੰਗਾਰਾ ਵੀ ਮਿਲਿਆ ਹੈ। ਮਹਾਨ ਸ਼ਖ਼ਸੀਅਤਾਂ ਦੇ ਨਾਵਾਂ ਨੂੰ ਪੰਜਾਬੀ ਭਾਸ਼ਾ ਵਿੱਚ ਸੰਖੇਪ ਰੂਪ ’ਚ ਲਿਖਣ ਦੀ ਪ੍ਰਥਾ ਵੀ ਖ਼ਤਮ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਨਾਮ ਰੱਖਣ ਦੀ ਭਾਵਨਾ ਦਾ ਸਤਿਕਾਰ ਬਣਿਆ ਰਹੇ।
ਸੰਪਰਕ: 99880-09468