ਮਰਹੂਮ ਸਾਹਿਤਕਾਰ ਦਰਸ਼ਨ ਸਿੰਘ ਦੀ ਕੋਠੀ ’ਚੋਂ ਕੀਮਤੀ ਸਾਮਾਨ ਚੋਰੀ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਜੂਨ
ਇਥੋਂ ਦੇ ਉੱਘੇ ਸਾਹਿਤਕਾਰ ਮਰਹੂਮ ਡਾ. ਦਰਸ਼ਨ ਸਿੰਘ ਦੀ ਕੋਠੀ ’ਚੋਂ ਕੁਝ ਲੋਕਾਂ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ ਤੇ ਕੋਠੀ ’ਚ ਭੰਨ-ਤੋੜ ਕੀਤੀ। ਪੁਲੀਸ ਨੇ ਡਾ. ਦਰਸ਼ਨ ਸਿੰਘ ਦੀ ਪਤਨੀ ਕਿਸ਼ਨ ਕੌਰ ਦੀ ਸ਼ਿਕਾਇਤ ’ਤੇ ਇਕ ਔਰਤ ਸਮੇਤ ਨੌਂ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਕਿਸ਼ਨ ਕੌਰ (83) ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੇਲਨੀਆਂ ਰੋਡ ’ਤੇ ਇੱਕ ਕੋਠੀ ਹੈ। ਉਨ੍ਹਾਂ ਦੇ ਘਰ ਪੁੱਤਰ ਤੇ ਦੋ ਧੀਆਂ ਹਨ। ਪੁੱਤਰ ਨਵਰਾਜ ਸਿੰਘ ਆਸਟਰੇਲੀਆ ਰਹਿੰਦਾ ਹੈ ਅਤੇ ਧੀਆਂ ਪੰਜਾਬ ’ਚ ਅੰਮ੍ਰਿਤਸਰ ਵਿਆਹੀਆਂ ਹੋਈਆਂ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਿਮਾਰੀ ਕਾਰਨ ਉਹ ਅਕਸਰ ਅੰਮ੍ਰਿਤਸਰ ਆਪਣੀਆਂ ਧੀਆਂ ਕੋਲ ਚਲੀ ਜਾਂਦੀ ਹੈ। ਜਦੋਂ ਉਹ ਆਪਣੀਆਂ ਧੀਆਂ ਕੋਲ ਗਈ ਹੋਈ ਸੀ ਤਾਂ ਮਗਰੋਂ ਕਿਸੇ ਨੇ ਉਨ੍ਹਾਂ ਦਾ ਸਾਮਾਨ ਚੋਰੀ ਕਰ ਲਿਆ। ਹੁਣ ਜਦੋਂ ਉਹ ਪਿਛਲੇ ਦਿਨੀਂ ਆਪਣੀਆਂ ਧੀਆਂ ਕੋਲ ਗਈ ਤਾਂ ਮਗਰੋਂ ਘਰ ਅੰਦਰ ਰੱਖਿਆ ਹੋਰ ਸਾਮਾਨ ਵੀ ਚੋਰੀ ਹੋ ਗਿਆ ਤੇ ਕੋਠੀ ਦੀ ਭੰਨ-ਤੋੜ ਕੀਤੀ ਗਈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।