ਗੁਰਨਾਮ ਸਿੰਘ ਅਕੀਦਾਪਟਿਆਲਾ, 28 ਜੂਨਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ਼ ਬਹਾਦਰ ਹਾਲ ਦੇ ਸਾਹਮਣੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦੇ ਚੱਲਦੇ ਸੰਘਰਸ਼ ਨੂੰ 66 ਦਿਨ ਹੋ ਗਏ ਹਨ। ਦੂਜੇ ਪਾਸੇ ਮਰਨ ਵਰਤ ’ਤੇ ਬੈਠੀ ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਦੀ ਹਾਲਤ ਸਥਿਰ ਹੈ।ਆਗੂਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਅਦਾਰਿਆਂ ਯੂਨੀਵਰਸਿਟੀ ਮੇਨ ਕੈਂਪਸ, ਕਾਂਸਟੀਚੂਐਂਟ ਕਾਲਜ, ਨੇਬਰਹੁੱਡ ਕੈਂਪਸ ਅਤੇ ਰਿਜਨਲ ਸੈਂਟਰ ਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਪਿਛਲੇ 66 ਦਿਨਾਂ ਤੋਂ ਸੱਤਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਵਾਉਣ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥਾਰਿਟੀ ਵੱਲੋਂ ਕੰਟਰੈਕਟ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਬੀਤੇ ਦਿਨ ਵੀ ਇੱਕ ਲੰਮੀ ਮੀਟਿੰਗ ਕੀਤੀ ਗਈ ਪਰ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਸਕਿਆ। ਦੇਰ ਰਾਤ ਮਹਿਲਾ ਅਧਿਆਪਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਕੰਟਰੈਕਟ ਅਧਿਆਪਕਾਂ ਵੱਲੋਂ ਇੱਕ ਵੀਡੀਓ ਸੰਦੇਸ਼ ਰਾਹੀਂ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਕੰਟਰੈਕਟ ਯੂਨੀਅਨ ਦੇ ਆਗੂ ਪ੍ਰੋ. ਸਤੀਸ਼ ਕੁਮਾਰ ਵੱਲੋਂ ਪੁਕਟਾ ਪ੍ਰਧਾਨ ਦੀ ਖ਼ਰਾਬ ਹਾਲਤ ਲਈ ਸਿੱਧੇ ਤੌਰ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਧਾਨ ਦੀ ਗ਼ੈਰਹਾਜ਼ਰੀ ਵਿੱਚ ਧਰਨਾ ਖ਼ਤਮ ਨਹੀਂ ਕੀਤਾ ਜਾਵੇਗਾ ਬਲਕਿ ਸਮੂਹ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਪਹਿਲਾਂ ਵਾਂਗ ਹੀ ਧਰਨਾ ਜਾਰੀ ਰੱਖਣਗੇ। ਇਸ ਬਿਆਨ ਨਾਲ ਮੰਗਾਂ ਸਬੰਧੀ ਕੋਈ ਸਕਾਰਾਤਮਿਕ ਫ਼ੈਸਲਾ ਆਉਣ ਤੱਕ ਧਰਨੇ ਦੇ ਖ਼ਤਮ ਹੋਣ ਬਾਰੇ ਉੱਠ ਰਹੀਆਂ ਸਾਰੀਆਂ ਅਟਕਲਾਂ ਨੂੰ ਵਿਰਾਮ ਲਗਾ ਦਿੱਤਾ ਹੈ। ਇਸ ਮੌਕੇ ਪ੍ਰੋ. ਸਤੀਸ਼ ਕੁਮਾਰ ਦੇ ਨਾਲ ਪ੍ਰੋ. ਰੁਪਿੰਦਰਪਾਲ ਸਿੰਘ, ਪ੍ਰੋ. ਪ੍ਰਦੀਪ ਸਿੰਘ ਅਤੇ ਹੋਰ ਪੁਕਟਾ ਮੈਂਬਰ ਮੌਜੂਦ ਸਨ।