ਮਨ ਕਾਹੇ ਵੈਰਾਗੀ
ਕੈਫ਼ੀ ਕੌਣ
ਕਈ ਸਾਲ ਪਹਿਲਾਂ ਦੀ ਗੱਲ ਹੈ। ਮੈਂ ਹਾਲੇ ਨਵਾਂ ਨਵਾਂ ਬੈਂਕ ਦੀ ਨੌਕਰੀ ਲੱਗਿਆ ਸੀ। ਉਦੋਂ ਬੈਂਕਾਂ ਵਿੱਚ ਪਬਲਿਕ ਲਈ ਕੰਮਕਾਜ ਦਾ ਸਮਾਂ ਦੋ ਵਜੇ ਤੱਕ ਹੀ ਹੁੰਦਾ ਸੀ। ਉਸ ਤੋਂ ਬਾਅਦ ਹਿਸਾਬ ਕਿਤਾਬ ਮਿਲਾਉਂਦਿਆਂ ਤੇ ਇਧਰ ਓਧਰ ਦੀਆਂ ਗੱਲਾਂ ਕਰਦਿਆਂ ਵਕਤ ਬੀਤਦਾ ਸੀ। ਇਹੋ ਜਿਹੇ ਕਿਸੇ ਵਿਹਲੇ ਸਮੇਂ ਇੱਕ ਦਿਨ ਇੱਕ ਜੋਤਸ਼ੀ ਜਿਹਾ ਬਾਬਾ ਦਫ਼ਤਰ ਵਿੱਚ ਆ ਗਿਆ। ਸਾਰਿਆਂ ਨੂੰ ਟਾਈਮ ਪਾਸ ਦਾ ਬੜਾ ਚੰਗਾ ਸਾਧਨ ਲੱਭ ਗਿਆ ਤੇ ਸਾਰੇ ਵਾਰੋ ਵਾਰੀ ਆਪਣਾ ਹੱਥ ਉਸ ਨੂੰ ਵਿਖਾਉਣ ਲੱਗੇ। ਉਹ ਵੀ ਸਾਰਿਆਂ ਨੂੰ ਖ਼ੁਸ਼ ਕਰਨ ਵਾਲੀਆਂ ਗੱਲਾਂ ਕਰਦਾ ਰਿਹਾ। ਕਿਸੇ ਨੂੰ ਉਸ ਨੇ ਕਿਹਾ, “ਤੁਮਹਾਰੀ ਤਰੱਕੀ ਹੋ ਜਾਏਗੀ।” ਕਿਸੇ ਨੂੰ ਕਿਹਾ, “ਤੁਮਹਾਰਾ ਬਾਹਰ ਜਾਨੇ ਕਾ ਯੋਗ ਹੈ।” ਇੱਕ ਕੁੜੀ ਸੀ, ਉਸ ਨੂੰ ਕਹਿੰਦਾ, “ਤੁਮਹਾਰੀ ਇਸੀ ਸਾਲ ਸ਼ਾਦੀ ਹੋ ਜਾਏਗੀ” ਤੇ ਮੈਨੇਜਰ ਨੂੰ ਕਹਿੰਦਾ, “ਆਪਕੇ ਪਾਸ ਬਹੁਤ ਪੈਸਾ ਆਏਗਾ।”
ਮੈਂ ਸੋਚ ਰਿਹਾ ਸੀ ਇਹ ਐਵੇਂ ਹੀ ਵਿਹਲੀਆਂ ਜਿਹੀਆਂ ਗੱਲਾਂ ਕਰ ਰਿਹਾ ਹੈ। ਸਭ ਨੂੰ ਪਤਾ ਹੈ ਕਿ ਇਨ੍ਹਾਂ ਵਿੱਚੋਂ ਕੋਈ ਨਾ ਕੋਈ ਗੱਲ ਕਦੇ ਸੱਚ ਹੋ ਹੀ ਜਾਣਗੀਆਂ। ਖ਼ੈਰ, ਮੈਂ ਵੀ ਮਜ਼ਾਕ ਮਜ਼ਾਕ ਵਿੱਚ ਆਪਣਾ ਹੱਥ ਉਸ ਨੂੰ ਵਿਖਾਇਆ, ਪਰ ਉਸ ਨੇ ਮੈਨੂੰ ਬੜੀ ਅਜੀਬ ਜਿਹੀ ਗੱਲ ਆਖੀ, “ਤੁਮਹਾਰੇ ਜੀਵਨ ਮੇਂ ਵੈਰਾਗ ਹੈ।”
ਉਦੋਂ ਮੇਰੀ ਉਮਰ ਇੰਨੀ ਕੁ ਨਹੀਂ ਸੀ ਕਿ ਮੈਂ ਇਸ ਗੱਲ ਦਾ ਮਤਲਬ ਸਮਝ ਸਕਦਾ। ਸੱਚ ਆਖਾਂ ਤਾਂ ਮੈਨੂੰ ਵੈਰਾਗ ਲਫ਼ਜ਼ ਦਾ ਮਤਲਬ ਵੀ ਨਹੀਂ ਸੀ ਪਤਾ, ਤੇ ਨਾ ਹੀ ਉਹ ਜੋਤਸ਼ੀ ਬਾਬਾ ਮੈਨੂੰ ਇੰਨਾ ਕੁ ਗਿਆਨੀ ਲੱਗਿਆ ਜੋ ਕੋਈ ਬਹੁਤ ਵੱਡੀ ਗੱਲ ਕਹਿ ਸਕਦਾ ਹੋਵੇ। ਮੈਂ ਉਸ ਨੂੰ ਤਨਜ਼ ਕਰਦਿਆਂ ਕਿਹਾ, “ਬਾਬਾ, ਯੇ ਕਿਸ ਚਿੜੀਆ ਕਾ ਨਾਮ ਹੈ?” ਉਹ ਵੀ ਮੇਰੇ ਸਵਾਲ ਦੀ ਤਾਸੀਰ ਸਮਝ ਗਿਆ ਤੇ ਇਹ ਕਹਿ ਕੇ ਤੁਰ ਗਿਆ, “ਜੀਵਨ ਤੁਮਹੇਂ ਖ਼ੁਦ ਹੀ ਬਤਾ ਦੇਗਾ।”
ਹਜ਼ਾਰਾਂ ਗੱਲਾਂ ਵਾਂਗ ਇਹ ਗੱਲ ਵੀ ਆਈ ਗਈ ਹੋ ਗਈ, ਪਰ ਪਤਾ ਨਹੀਂ ਕਿਉਂ ਇਹ ਲਫ਼ਜ਼ “ਵੈਰਾਗ” ਮੇਰੇ ਅਵਚੇਤਨ ਵਿੱਚ ਉਤਰ ਗਿਆ ਤੇ ਇੱਕ ਅਜਨਬੀ ਦੀ ਤਰ੍ਹਾਂ ਮੇਰੇ ਨਾਲ ਨਾਲ ਤੁਰਦਾ ਰਿਹਾ। ਹਾਲਾਂਕਿ, ਮੈਂ ਉਸ ਨੂੰ ਹਮੇਸ਼ਾ ਅਣਗੌਲਿਆਂ ਕੀਤਾ। ਪਤਾ ਨਹੀਂ, ਮੈਂ ਇਸ ਅਜਨਬੀ ਦੀ ਹੋਂਦ ਤੋਂ ਅਣਜਾਣ ਸੀ ਜਾਂ ਸ਼ਾਇਦ ਮੁਨਕਰ ਸੀ ਕਿਉਂਕਿ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਤਾਂ ਮੈਂ ਆਪਣੇ ਨਾਲ ਜੁੜੀ ਹਰ ਸ਼ੈਅ ਨਾਲ ਬਹੁਤ ਮੋਹ ਰੱਖਦਾ ਸੀ|।ਪਰਿਵਾਰ ਨਾਲ, ਘਰ ਨਾਲ, ਆਪਣੇ ਸ਼ਹਿਰ ਨਾਲ, ਦੋਸਤਾਂ, ਰਿਸ਼ਤੇਦਾਰਾਂ ਨਾਲ।
ਮੈਨੂੰ ਯਾਦ ਹੈ ਬਚਪਨ ਵਿੱਚ ਮੈਂ ਆਪਣੀ ਡਾਇਰੀ ਵਿੱਚ ਇੱਕ ਲਿਸਟ ਬਣਾਈ ਹੋਈ ਸੀ, ਜਿਸ ਵਿੱਚ ਉਨ੍ਹਾਂ ਸਾਰਿਆਂ ਦੇ ਨਾਂ ਲਿਖੇ ਹੋਏ ਸਨ ਜਿਨ੍ਹਾਂ ਨਾਲ ਮੇਰਾ ਸਭ ਤੋਂ ਵੱਧ ਮੋਹ ਸੀ ਤੇ ਮੈਂ ਰੱਬ ਨੂੰ ਆਖਿਆ ਕਰਦਾ ਸੀ ਕਿ ਇਨ੍ਹਾਂ ਨੂੰ ਕਦੇ ਕੁਝ ਨਾ ਹੋਵੇ। ਜਦੋਂ ਪਹਿਲੀ ਵਾਰ ਅਸੀਂ ਆਪਣਾ ਘਰ ਲਿਆ ਸੀ ਤਾਂ ਉਸ ਦੇ ਹਰ ਖੂੰਜੇ ਖਾਨੇ ਦਾ ਨਕਸ਼ਾ ਮੈਂ ਚਿੱਠੀਆਂ ਵਿੱਚ ਬਣਾ ਕੇ ਮਾਸੀਆਂ ਨੂੰ ਭੇਜਿਆ ਸੀ। ਦੋਸਤਾਂ ਦੇ ਦਿੱਤੇ ਹੋਏ ਹਰ ਗ੍ਰੀਟਿੰਗ ਕਾਰਡ, ਹਰ ਤੋਹਫ਼ੇ ਨੂੰ ਸਾਂਭ ਕੇ ਰੱਖਦਾ ਸੀ। ਮੇਰੇ ਅੰਦਰ ਵੈਰਾਗ ਵੀ ਹੋ ਸਕਦਾ ਹੈ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ।
ਅੱਜ ਜ਼ਿੰਦਗੀ ਦੇ ਇੰਨੇ ਸਾਲ ਬੀਤ ਜਾਣ ਮਗਰੋਂ, ਜਦੋਂ ਦੂਜਿਆਂ ਦੇ ਮੂੰਹੋਂ ਆਪਣੇ ਲਈ ਇਹ ਸੁਣਦਾ ਹਾਂ ਕਿ ਇਸ ਨੂੰ ਤਾਂ ਕਿਸੇ ਨਾਲ ਮੋਹ ਹੀ ਨਹੀਂ, ਇਸ ਨੂੰ ਤਾਂ ਘਰ ਦੀ ਕੋਈ ਫ਼ਿਕਰ ਨਹੀਂ, ਇਸ ਨੂੰ ਤਾਂ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਤਾਂ ਅਚਾਨਕ ਉਸ ਬਾਬੇ ਦੀ ਆਖੀ ਉਹ ਗੱਲ ਸਾਹਮਣੇ ਆ ਜਾਂਦੀ ਹੈ “ਤੁਮਹਾਰੇ ਜੀਵਨ ਮੇਂ ਵੈਰਾਗ ਹੈ।” ਪਰ ਮੈਂ ਅਜੇ ਵੀ ਆਪਣੇ ਆਪ ਨੂੰ ਪੁੱਛਦਾ ਹਾਂ, “ਕੀ ਇਹੀ ਵੈਰਾਗ ਹੈ?”
ਇੱਕ ਦਿਨ ਅਚਾਨਕ ਨੌਕਰੀ ਛੱਡ ਦਿੱਤੀ, ਇੱਕ ਦਿਨ ਅਚਾਨਕ ਉਹ ਘਰ ਵਿਕ ਗਿਆ, ਕੁਝ ਰਿਸ਼ਤੇ ਕੁਝ ਦੋਸਤ ਦੂਰ ਹੋ ਗਏ। ਮੇਰੀਆਂ ਲਿਖੀਆਂ ਕਵਿਤਾਵਾਂ, ਜਾਂ ਬਣਾਈਆਂ ਹੋਈਆਂ ਪੇਂਟਿੰਗਸ ਵੀ ਸਟੋਰ ਵਿੱਚ ਪਈਆਂ ਧੂੜ ਫੱਕਦੀਆਂ ਰਹਿੰਦੀਆਂ ਨੇ। ਨਾ ਕਦੇ ਕੋਈ ਕਿਤਾਬ ਛਪ ਸਕੀ, ਨਾ ਕੋਈ ਇਨਾਮ ਮਿਲਿਆ ਤੇ ਨਾ ਹੀ ਕੋਈ ਨਾਮ ਬਣ ਸਕਿਆ। ਇਹ ਸਭ ਕੁਝ ਹੋਣਾ ਵੈਰਾਗ ਦੀ ਨਿਸ਼ਾਨੀ ਸੀ ਜਾਂ ਇਹ ਸਭ ਹੋਣ ’ਤੇ ਮੇਰਾ ਬਹੁਤਾ ਦੁਖੀ ਨਾ ਹੋਣਾ ਵੈਰਾਗ ਦੀ ਨਿਸ਼ਾਨੀ ਹੈ।
ਅੱਜ ਪਤਾ ਨਹੀਂ ਕਿਉਂ ਇਸ ਅਜਨਬੀ ਜਿਹੇ ਲਫ਼ਜ਼ ਦੇ ਮਤਲਬ ਤੇ ਜ਼ਿੰਦਗੀ ਵਿੱਚ ਇਸ ਦੀ ਹੋਂਦ ਤੇ ਅਹਿਮੀਅਤ ਨੂੰ ਸਮਝਣ ਲਈ ਆਪਣੇ ਅਵਚੇਤਨ ਵਿੱਚ ਦੂਰ ਕਿਤੇ ਪਿਛਾਂਹ ਪਹੁੰਚ ਗਿਆ ਹਾਂ। ਬਚਪਨ ਦੀ ਗੱਲ ਹੈ, ਮੇਰੀ ਪਹਿਲੀ ਛੋਟੀ ਭੈਣ ਸੀ ਗੁੜੀਆ। ਉਸ ਦਾ ਜਨਮ ਮੇਰੇ ਸੱਤਵੇਂ ਜਨਮ ਦਿਨ ਵਾਲੇ ਦਿਨ ਹੋਇਆ ਸੀ। ਮੈਂ ਸੋਚਦਾ ਹੁੰਦਾ ਸੀ ਕਿ ਰੱਬ ਨੇ ਮੈਨੂੰ ਮੇਰੇ ਜਨਮ ਦਿਨ ’ਤੇ ਇਹ ਤੋਹਫ਼ਾ ਦਿੱਤਾ ਹੈ। ਢਾਈ ਸਾਲ ਦੀ ਉਮਰ ਵਿੱਚ ਇੱਕ ਦਿਨ ਅਚਾਨਕ ਉਹ ਬਹੁਤ ਬਿਮਾਰ ਹੋ ਗਈ। ਹਸਪਤਾਲ ਦਾਖ਼ਲ ਕਰਵਾਇਆ, ਪਰ ਮੈਨੂੰ ਕੋਈ ਚਿੰਤਾ ਨਹੀਂ ਹੋਈ। ਮੈਨੂੰ ਯਾਦ ਹੈ ਉਦੋਂ ਮੈਂ ਇਹੀ ਸੋਚ ਰਿਹਾ ਸੀ ਕਿ ਇਹ ਤਾਂ ਰੱਬ ਦਾ ਮੈਨੂੰ ਦਿੱਤਾ ਹੋਇਆ ਤੋਹਫ਼ਾ ਹੈ ਤੇ ਆਪਣਾ ਦਿੱਤਾ ਹੋਇਆ ਤੋਹਫ਼ਾ ਤਾਂ ਕੋਈ ਬੰਦਾ ਵੀ ਵਾਪਸ ਨਹੀਂ ਲੈਂਦਾ ਫਿਰ ਰੱਬ ਕਿਵੇਂ ਲੈ ਸਕਦਾ ਹੈ। ਪਰ ਰੱਬ ਨੇ ਆਪਣਾ ਦਿੱਤਾ ਹੋਇਆ ਉਹ ਤੋਹਫ਼ਾ ਮੈਥੋਂ ਵਾਪਸ ਲੈ ਲਿਆ। ਉਦੋਂ ਮੈਂ ਇੱਕ ਛੋਟੀ ਜਿਹੀ ਕਹਾਣੀ ਲਿਖੀ ਸੀ। ਉਹ ਕਹਾਣੀ ਤਾਂ ਮੈਨੂੰ ਯਾਦ ਨਹੀਂ ਪਰ ਉਸ ਦਾ ਨਾਂ ਮੈਂ ਰੱਖਿਆ ਸੀ ‘ਨਿੱਕੀ ਜਿਹੀ ਮੌਤ’। ਇੰਨਾ ਕੁ ਯਾਦ ਹੈ ਕਿ ਮੈਂ ਉਸ ਕਹਾਣੀ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਲਿਖੀ ਸੀ ਕਿ ਉਸ ਦਿਨ ਗੁੜੀਆ ਦੇ ਨਾਲ ਇੱਕ ਨਿੱਕੀ ਜਿਹੀ ਮੌਤ ਰੱਬ ਦੀ ਵੀ ਹੋਈ ਸੀ। ਸ਼ਾਇਦ ਰੱਬ ਦੀ ਮੌਤ ਤੋਂ ਮੇਰਾ ਭਾਵ ਰੱਬ ਪ੍ਰਤੀ ਉਸ ਅੰਧ-ਵਿਸ਼ਵਾਸ ਦੀ ਮੌਤ ਤੋਂ ਸੀ.
ਹੁਣ ਮੈਨੂੰ ਲੱਗਦਾ ਹੈ ਕਿ ਵੈਰਾਗ ਇਸ ਗੱਲ ਵਿੱਚ ਨਹੀਂ ਕਿ ਗੁੜੀਆ ਦੇ ਜਾਣ ’ਤੇ ਮੈਂ ਦੁਖੀ ਹੋਇਆ ਜਾਂ ਨਹੀਂ, ਜੇ ਹੋਇਆ ਤਾਂ ਕਿੰਨਾ ਕੁ ਦੁਖੀ ਹੋਇਆ। ਵੈਰਾਗ ਇਸ ਗੱਲ ਨੂੰ ਸਮਝਣ ਵਿੱਚ ਹੈ ਕਿ ਜ਼ਿੰਦਗੀ ਵਿੱਚ ਸਾਨੂੰ ਜੋ ਵੀ ਕੁਝ ਮਿਲਿਆ ਹੈ ਉਹ ਕਿਸੇ ਦਿਨ ਗੁਆਚ ਵੀ ਸਕਦਾ ਹੈ। ਰੱਬ ਹੋਵੇ ਜਾਂ ਕੋਈ ਇਨਸਾਨ, ਜੇ ਕਿਸੇ ਨੇ ਸਾਨੂੰ ਕੁਝ ਦਿੱਤਾ ਹੈ ਤਾਂ ਉਹ ਵਾਪਸ ਵੀ ਲੈ ਸਕਦਾ ਹੈ। ਜੇ ਅਸੀਂ ਕੁਝ ਬਣਾਇਆ ਹੈ ਤਾਂ ਉਹ ਟੁੱਟ ਵੀ ਸਕਦਾ ਹੈ, ਬਿਖਰ ਵੀ ਸਕਦਾ ਹੈ। ਕੁਦਰਤ ਦਾ ਸਭ ਤੋਂ ਵੱਡਾ ਤੇ ਅਹਿਮ ਨਿਯਮ ਵੀ ਤਾਂ ਇਹੀ ਹੈ। ਰੁੱਖਾਂ ਦੀਆਂ ਟਾਹਣੀਆਂ ’ਤੇ ਪੱਤੇ ਉੱਗਦੇ ਨੇ, ਪੱਤਿਆਂ ’ਤੇ ਕਦੇ ਧੂੜ ਜੰਮ ਜਾਂਦੀ ਹੈ। ਮੀਂਹ ਵਰ੍ਹਦਾ ਹੈ ਤਾਂ ਪੱਤੇ ਤਰੋਤਾਜ਼ਾ ਹੋ ਜਾਂਦੇ ਨੇ, ਫਿਰ ਕੋਈ ਮੌਸਮ ਬਦਲਦਾ ਹੈ ਤਾਂ ਪੱਤੇ ਝੜ ਜਾਂਦੇ ਨੇ।
ਕਦੇ ਸੂਰਜ ਅੱਗ ਵਰਸਾਉਂਦਾ ਹੈ,
ਕਦੇ ਬੱਦਲ ਕਣੀਆਂ ਛੰਡਦੇ ਨੇ,
ਕਦੇ ਰਾਤ ਡਰਾਵੇ ਦਿੰਦੀ ਹੈ,
ਕਦੇ ਜੁਗਨੂੰ ਚਾਨਣ ਵੰਡਦੇ ਨੇ,
ਧਰਤੀ ਘੁੱਮਦੀ ਰਹਿੰਦੀ ਹੈ...
ਸੋਚਦਾ ਹਾਂ, ਜੇ ਕਦੇ ਮੈਂ ਵੀ ਜੋਤਸ਼ੀ ਬਣ ਕੇ ਧਰਤੀ ਨੂੰ ਮਿਲਿਆ ਤਾਂ ਉਸ ਨੂੰ ਜ਼ਰੂਰ ਕਹਾਂਗਾ “ਤੁਮਹਾਰੇ ਜੀਵਨ ਮੇਂ ਵੈਰਾਗ ਹੈ।”
ਸੰਪਰਕ: 98156-38668