ਮਨੁੱਖ ਦਾ ਆਪੇ ਸਹੇੜਿਆ ਦੁਸ਼ਮਣ ਆਵਾਜ਼ ਪ੍ਰਦੂਸ਼ਣ
ਅਸ਼ਵਨੀ ਚਤਰਥ
ਸਾਡੇ ਵਾਤਾਵਰਨ ਵਿੱਚ ਦਾਖ਼ਲ ਹੋ ਕੇ ਇਸ ਦੀ ਕੁਦਰਤੀ ਨਿਰਮਲਤਾ ਨੂੰ ਮਲੀਨ ਕਰਨ ਵਾਲੇ ਅਜਿਹੇ ਕਿਸੇ ਵੀ ਪਦਾਰਥ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਊਰਜਾ, ਜੋ ਵਾਤਾਵਰਨ ਦੇ ਕੁਦਰਤੀ ਗੁਣਾਂ ਨੂੰ ਨਸ਼ਟ ਕਰਦੀ ਹੋਵੇ ਜਾਂ ਉਸ ਵਿੱਚ ਰਹਿੰਦੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ, ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ। ਜਿੱਥੇ ਪਦਾਰਥ-ਯੁਕਤ ਪ੍ਰਦੂਸ਼ਣ ਪਦਾਰਥ ਸਾਡੇ ਚੌਗਿਰਦੇ ਦੀ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਕਰਦੇ ਹਨ ਅਤੇ ਉੱਥੇ ਊਰਜਾ-ਰੂਪੀ ਪ੍ਰਦੂਸ਼ਕ ਸਾਡੇ ਵਾਤਾਵਰਨ ਵਿੱਚ ਤਾਪ, ਧੁਨੀ ਅਤੇ ਪ੍ਰਕਾਸ਼ ਦੇ ਪ੍ਰਦੂਸ਼ਣ ਪੈਦਾ ਕਰਦੇ ਹਨ।
ਅਜੋਕੇ ਸਮੇਂ ਵਿੱਚ ਪਲਾਸਟਿਕ ਦਾ ਪ੍ਰਦੂਸ਼ਣ ਮਨੁੱਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਆਵਾਜਾਈ ਦੇ ਸਾਧਨਾਂ, ਮਨੋਰੰਜਨ ਦੇ ਸਾਧਨਾਂ ਅਤੇ ਇਮਾਰਤੀ ਨਿਰਮਾਣ ਕਾਰਜਾਂ ’ਤੇ ਲੱਗੀਆਂ ਮਸ਼ੀਨਰੀਆਂ ਦੁਆਰਾ ਫੈਲਾਏ ਜਾ ਰਹੇ ਧੁਨੀ ਪ੍ਰਦੂਸ਼ਣ ਨੇ ਧਰਤੀ ’ਤੇ ਰਹਿੰਦੇ ਜੀਵਾਂ ਦੇ ਮਨ ਚਿੱਤ ਨੂੰ ਬੇਚੈਨ ਕੀਤਾ ਹੋਇਆ ਹੈ। ਮਨੁੱਖ ਅਤੇ ਦੂਜੇ ਜੀਵਾਂ ਦੇ ਲਗਾਤਾਰ ਉੱਚੀ ਆਵਾਜ਼ ਦੇ ਪ੍ਰਭਾਵ ਹੇਠ ਆਉਣ ਕਾਰਨ ਸਿਹਤ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਧੁਨੀ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ।
ਧੁਨੀ ਦੀ ਤੀਬਰਤਾ ਨੂੰ ਮਾਪਣ ਲਈ ਡੈਸੀਬਲ ਨਾਂ ਦੀ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਆਲੇ-ਦੁਆਲੇ ਪੈਦਾ ਹੁੰਦੀਆਂ ਦੀਆਂ ਧੁਨੀਆਂ ਦੀ ਤੀਬਰਤਾ ਧੁਨੀਆਂ ਪੈਦਾ ਕਰਨ ਵਾਲੇੇ ਸਰੋਤਾਂ ’ਤੇ ਨਿਰਭਰ ਕਰਦੀ ਹੈ, ਜਿਵੇਂ ਚਲਦੀ ਘੜੀ ਦੀ ਟਿਕ-ਟਿਕ ਦੀ ਆਵਾਜ਼ ਦੀ ਤੀਬਰਤਾ 20 ਡੈਸੀਬਲ, ਘੁਸਰ-ਮੁਸਰ (Whisper) ਦੀ ਤੀਬਰਤਾ 30 ਡੈਸੀਬਲ, ਫਰਿੱਜ ਦੇ ਚੱਲਣ ਦੀ ਤੀਬਰਤਾ 40 ਡੈਸੀਬਲ, ਆਮ ਗੱਲਬਾਤ ਜਾਂ ਏ.ਸੀ. ਦੇ ਚੱਲਣ ਦੀ ਆਵਾਜ਼ ਦਾ ਪੱਧਰ 60 ਡੈਸੀਬਲ ਅਤੇ ਸਾਧਾਰਨ ਵਾਸ਼ਿੰਗ ਮਸ਼ੀਨ ਦੀ ਧੁਨੀ 70 ਡੈਸੀਬਲ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ 70 ਡੈਸੀਬਲ ਤੱਕ ਦੀ ਧੁਨੀ ਨੂੰ ਜੀਵਾਂ ਲਈ ਸੁਰੱਖਿਅਤ ਅਤੇ ਇਸ ਤੋਂ ਉੱਪਰ ਦੇ ਪੱਧਰ ਦੀ ਧੁਨੀ ਨੂੰ ਜੀਵਾਂ ਲਈ ਵੱਖ-ਵੱਖ ਤਰੀਕਿਆਂ ਨਾਲ ਨੁਕਸਾਨਦੇਹ ਦੱਸਿਆ ਗਿਆ ਹੈ। ਮਾਹਿਰਾਂ ਮੁਤਾਬਿਕ ਸ਼ਹਿਰਾਂ ਦੀ ਸਾਧਾਰਨ ਟਰੈਫਿਕ ਦੀ ਆਵਾਜ਼ 80 ਤੋਂ 85 ਡੈਸੀਬਲ ਹੁੰਦੀ ਹੈ। ਜਿਉਂ-ਜਿਉਂ ਟਰੈਫਿਕ ਵਧਦੀ ਜਾਂਦੀ ਹੈ, ਉਸ ਦੇ ਨਾਲ ਹੀ ਧੁਨੀ ਦੀ ਤੀਬਰਤਾ ਹੋਰ ਵੀ ਵਧ ਜਾਂਦੀ ਹੈ। ਚੱਲ ਰਹੇ ਮੋਟਰ ਸਾਈਕਲ ਦੀ ਧੁਨੀ 95 ਡੈਸੀਬਲ, ਨੇੜੇ ਆਉਂਦੀ ਰੇਲ ਗੱਡੀ ਦੀ 100 ਡੈਸੀਬਲ; ਉੱਚੀ ਵੱਜ ਰਹੇ ਰੇਡੀਓ, ਟੈਲੀਵਿਜ਼ਨ ਅਤੇ ਸਪੀਕਰ ਦੀ ਤੀਬਰਤਾ 110 ਡੈਸੀਬਲ ਤੋਂ ਵੱਧ (ਭਾਵ ਯੰਤਰ ਦੀ ਆਵਾਜ਼ ਵਧਣ ਨਾਲ ਉਸ ਦੇ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਜਾਂਦਾ ਹੈ) ਅਤੇ ਪਟਾਕਿਆਂ ਦੀ ਤੀਬਰਤਾ 140 ਡੈਸੀਬਲ ਮਾਪੀ ਗਈ ਹੈ।
ਧੁਨੀ ਪ੍ਰਦੂਸ਼ਣ ਵੱਖ-ਵੱਖ ਤਰੀਕਿਆਂ ਨਾਲ ਮਨੁੱਖੀ ਜੀਵਨ ਉੱਤੇ ਮਾੜੇ ਪ੍ਰਭਾਵ ਪਾਉਂਦਾ ਹੈ ਜਿਵੇਂ ਕਿ ਉੱਚੀ ਆਵਾਜ਼ ਦੇ ਪ੍ਰਭਾਵ ਹੇਠ ਲੰਮਾ ਸਮਾਂ ਰਹਿਣ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਬੱਚਿਆਂ ਵਿੱਚ 120 ਡੈਸੀਬਲ ਅਤੇ ਸਿਆਣਿਆਂ ਵਿੱਚ 140 ਡੈਸੀਬਲ ਦੀ ਧੁਨੀ ਉਨ੍ਹਾਂ ਦੀ ਸੁਣਨ ਸ਼ਕਤੀ ਨੂੰ ਘੱਟ ਕਰ ਸਕਦੀ ਹੈ ਜਾਂ ਪੱਕੇ ਤੌਰ ’ਤੇ ਬੋਲ਼ਾ ਵੀ ਕਰ ਸਕਦੀ ਹੈ। ਰੇਲ ਗੱਡੀਆਂ, ਸੜਕੀ ਆਵਾਜਾਈ ਅਤੇ ਹਵਾਈ ਜਹਾਜ਼ਾਂ ਦੀ ਆਵਾਜ਼ ਮਨੁੱਖ ਦੀ ਨੀਂਦ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਕੰਮ-ਕਾਜ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਭਿਆਨਕ ਬਿਮਾਰੀਆਂ ਨੂੰ ਜਨਮ ਵੀ ਦੇ ਸਕਦੀ ਹੈ। ਧੁਨੀ ਪ੍ਰਦੂਸ਼ਣ ਦੇ ਬੱਚਿਆਂ ਦੀ ਸਿਹਤ ਉੱਤੇ ਜ਼ਿਆਦਾ ਮਾੜੇ ਅਸਰ ਵੇਖਣ ਨੂੰ ਮਿਲਦੇ ਹਨ। ਅਮਰੀਕਾ ਵਿੱਚ ਕੀਤੇ ਗਏ ਇੱਕ ਸਰਵੇਖਣ ਰਾਹੀਂ ਪਤਾ ਲੱਗਾ ਸੀ ਕਿ ਉੱਚੀ ਆਵਾਜ਼ ਦਾ ਸੰਗੀਤ ਸੁਣਨ ਵਾਲੇ 6 ਤੋਂ 19 ਸਾਲ ਦੇ 12.5 ਫ਼ੀਸਦੀ ਬੱਚਿਆਂ ਦੀ ਸੁਣਨ ਸ਼ਕਤੀ ਬੇਹੱਦ ਘਟ ਗਈ ਸੀ। ਇਸ ਤੋਂ ਇਲਾਵਾ ਧੁਨੀ ਪ੍ਰਦੂਸ਼ਣ ਦਾ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਬੱਚੇ ਸੁਭਾਅ ਪੱਖੋਂ ਚਿੜਚਿੜੇ ਅਤੇ ਗੁੱਸੇ ਵਾਲੇ ਹੋ ਜਾਂਦੇ ਹਨ। ਬੱਚਿਆਂ ਦੀ ਯਾਦ ਸ਼ਕਤੀ, ਦਿਮਾਗ਼ੀ ਸੋਚ ਨੂੰ ਇਕਾਗਰ ਕਰਨ ਦੀ ਸਮਰੱਥਾ ਅਤੇ ਸਹਿਣਸ਼ੀਲਤਾ ਕਾਫ਼ੀ ਹੱਦ ਤੱਕ ਘਟ ਜਾਂਦੀਆਂ ਹਨ। ਬੱਚੇ ਮਾਨਸਿਕ ਤੌਰ ’ਤੇ ਬੇਚੈਨ ਅਤੇ ਗੁੱਸੇ ਵਾਲੇ ਹੋ ਜਾਂਦੇ ਹਨ। ਧੁਨੀ ਪ੍ਰਦੂਸ਼ਣ ਦੇ ਅੱਧਖੜ, ਬਜ਼ੁਰਗਾਂ ਅਤੇ ਰੋਗੀ ਵਿਅਕਤੀਆਂ ਉੱਤੇ ਵੀ ਮਾੜੇ ਪ੍ਰਭਾਵ ਸਪੱਸ਼ਟ ਤੌਰ ’ਤੇ ਵੇਖੇ ਗਏ ਹਨ। ਇਸ ਨਾਲ ਬਜ਼ੁਰਗਾਂ ਅਤੇ ਰੋਗੀਆਂ ਦੀ ਸ਼ਾਂਤੀ ਭੰਗ ਹੁੰਦੀ ਹੈ, ਯਾਦ ਸ਼ਕਤੀ ਘਟਦੀ ਹੈ ਅਤੇ ਰੋਗ ਰੋਧਕ ਪ੍ਰਣਾਲੀ ਕਮਜ਼ੋਰ ਪੈਂਦੀ ਹੈ ਜਿਸ ਨਾਲ ਉਨ੍ਹਾਂ ਦੀ ਚੰਗੇਰੀ ਅਤੇ ਲੰਮੇਰੀ ਜ਼ਿੰਦਗੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਗਲੀਆਂ-ਮੁਹੱਲਿਆਂ ਵਿੱਚ ਲੰਘਦੇ ਬੁਲੇਟ ਮੋਟਰ ਸਾਈਕਲਾਂ ਵੱਲੋਂ ਪਟਾਕੇ ਪਾਏ ਜਾਣ ਅਤੇ ਉੱਚੀ ਆਵਾਜ਼ ਵਿੱਚ ਡੀ.ਜੇ. ਚਲਾਉਣ ਨਾਲ ਆਪਣੇ ਘਰਾਂ ਅੰਦਰ ਸ਼ਾਂਤੀ ਨਾਲ ਬੈਠੇ ਦਿਲ ਦੀਆਂ ਬਿਮਾਰੀਆਂ ਦੇ ਪੀੜਤਾਂ ਲਈ ਇਹ ਭੜਕੀਲੀ ਧੁਨੀਆਂ ਜਾਨਲੇਵਾ ਵੀ ਸਿੱਧ ਹੋ ਸਕਦੀਆਂ ਹਨ।
ਧੁਨੀ ਪ੍ਰਦੂਸ਼ਣ ਨਾਲ ਸਾਲਾਨਾ ਇਮਤਿਹਾਨਾਂ ਅਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਕਾਰਜ ਸਮਰੱਥਾ ਕਾਫ਼ੀ ਹੱਦ ਤੱਕ ਘਟ ਜਾਂਦੀ ਹੈ। ਪੇਪਰਾਂ ਦੀ ਤਿਆਰੀ ਠੀਕ ਤਰੀਕੇ ਨਾਲ ਨਾ ਹੋਣ ਕਰਕੇ ਉਨ੍ਹਾਂ ਦੇ ਬੋਰਡ ਪ੍ਰੀਖਿਆਵਾਂ ਦੇ ਨੰਬਰ ਘਟ ਸਕਦੇ ਹਨ, ਉਨ੍ਹਾਂ ਦਾ ਪੇਸ਼ੇਵਾਰਾਨਾ ਭਵਿੱਖ ਖ਼ਤਰੇ ਵਿੱਚ ਪੈ ਸਕਦਾ ਹੈ ਅਤੇ ਰੁਜ਼ਗਾਰ ਪ੍ਰਾਪਤ ਕਰਨ ਸਬੰਧੀ ਪ੍ਰੀਖਿਆਵਾਂ ਦੀਆਂ ਤਿਆਰੀਆਂ ਨੂੰ ਵੀ ਢਾਹ ਲੱਗ ਸਕਦੀ ਹੈ।
ਧੁਨੀ ਪ੍ਰਦੂਸ਼ਣ ਨੇ ਧਰਤੀ ਦੇ ਜੀਵਾਂ ਤੋਂ ਇਲਾਵਾ ਪਾਣੀਆਂ ਅੰਦਰਲੇ ਸਮੂਹ ਜੀਵਾਂ ਦੀ ਜ਼ਿੰਦਗੀ ਨੂੰ ਬੇਚੈਨ ਕੀਤਾ ਹੈ ਅਤੇ ਕਈ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਹੀ ਖ਼ਤਮ ਹੋਣ ਦੀ ਕਗਾਰ ’ਤੇ ਪਹੁੰਚਾ ਦਿੱਤਾ ਹੈ। ਸਮੁੰਦਰ ਅੰਦਰਲੇ ਜੀਵਾਂ ਉੱਤੇ ਕੀਤੀਆਂ ਗਈਆਂ ਵਿਗਿਆਨਕ ਖੋਜਾਂ ਨੇ ਸਿੱਧ ਕੀਤਾ ਹੈ ਕਿ ਪਾਣੀ ਦੇ ਜੀਵ ਭੋਜਨ ਲੱਭਣ, ਰਸਤਾ ਲੱਭਣ ਅਤੇ ਆਪਣੇ ਸਮੂਹ ਦੇ ਦੂਜੇ ਜੀਵਾਂ ਨਾਲ ਸੰਪਰਕ ਕਰਨ ਲਈ ਆਪਣੀ ਕੁਦਰਤੀ ਆਵਾਜ਼ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਕੁਦਰਤੀ ਸਰਗਰਮੀਆਂ ਉੱਤੇ ਮਨੁੱਖ ਦੀਆਂ ਪਾਣੀ ਵਿਚਲੀਆਂ ਗਤੀਵਿਧੀਆਂ ਜਿਵੇਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ, ਸਮੁੰਦਰ ਵਿੱਚੋਂ ਪੈਟਰੋਲੀਅਮ ਕੱਢਣ ਲਈ ਵਰਤੀ ਗਈ ਮਸ਼ੀਨਰੀ ਅਤੇ ਵੱਖ ਵੱਖ ਦੇਸ਼ਾਂ ਦੇ ਸਮੁੰਦਰੀ ਜੰਗੀ ਜਹਾਜ਼ਾਂ ਦੀਆਂ ਧੁਨੀਆਂ ਕਾਰਨ ਹੋਏ ਪ੍ਰਦੂਸ਼ਣ ਨਾਲ ਉਨ੍ਹਾਂ ਦੀਆਂ ਕੁਦਰਤੀ ਸਰਗਰਮੀਆਂ ਪ੍ਰਭਾਵਿਤ ਹੁੰਦੀਆਂ ਹਨ। ਇਸ ਨਾਲ ਪਾਣੀ ਦੇ ਕੁਝ ਜੀਵਾਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ ਅਤੇ ਕਈ ਹੋਰਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਜੇਕਰ ਸਿਧਾਂਤਕ ਪੱਖ ਨੂੰ ਛੱਡ ਕੇ ਵਿਹਾਰਕ ਪਹਿਲੂ ਦੀ ਗੱਲ ਕਰੀਏ ਤਾਂ ਧੁਨੀ ਪ੍ਰਦੂਸ਼ਣ ਨੂੰ ਰੋਕਣ ਲਈ ਕਾਨੂੰਨ ਤਾਂ ਅਨੇਕਾਂ ਬਣੇ ਹੋਏ ਹਨ ਪਰ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਵਿੱਚ ਢਿੱਲ-ਮੱਠ ਵਰਤੀ ਜਾਂਦੀ ਹੈ।ਸੁਪਰੀਮ ਕੋਰਟ ਨੇ ਰਾਤ ਦਸ ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਸਪੀਕਰ ਵਜਾਉਣ ’ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਨੂੰ ਮੰਨਦਾ ਕੋਈ ਨਹੀਂ।ਨੈਸ਼ਨਲ ਗਰੀਨ ਟ੍ਰਿਬਿਊਨਲ ਅਨੁਸਾਰ, ਧੁਨੀ ਪ੍ਰਦੂਸ਼ਣ ਮਹਿਜ਼ ਰੌਲਾ ਨਹੀਂ ਹੈ ਸਗੋਂ ਇਹ ਤਾਂ ਗੰਭੀਰ ਮਾਨਸਿਕ ਅਤੇ ਭਾਵਨਾਤਮਿਕ ਪ੍ਰੇਸ਼ਾਨੀ ਪੈਦਾ ਕਰਨ ਦਾ ਸਾਧਨ ਬਣ ਚੁੱਕਾ ਹੈ। ਇਸ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਕਈ ਗ਼ੈਰ-ਸਰਕਾਰੀ ਸੰਸਥਾਵਾਂ ਲੋਕਾਂ ਨੂੰ ਸਿੱਖਿਆਦਾਇਕ ਮੁਹਿੰਮਾਂ ਦੁਆਰਾ ਜਾਗਰੂਕ ਵੀ ਕਰ ਰਹੀਆਂ ਹਨ ਪਰ ਲੋਕਾਂ ਵਿੱਚ ਰੋਜ਼ੀ-ਰੋਟੀ ਕਮਾਉਣ ਦੀ ਮਜਬੂਰੀ, ਵਿੱਤੀ ਸਾਧਨਾਂ ਦੀ ਘਾਟ ਅਤੇ ਸਮੱਸਿਆ ਦੇ ਗੰਭੀਰ ਸਿੱਟਿਆਂ ਪ੍ਰਤੀ ਅਗਿਆਨਤਾ ਕਾਰਨ ਇਸ ਨੂੰ ਕਾਬੂ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਜੋ ਵੀ ਹੋਵੇ, ਸਮੱਸਿਆ ਨੂੰ ਮੁਸ਼ਕਿਲ ਸਮਝ ਕੇ ਉਸ ਦੇ ਹੱਲ ਕੱਢਣੇ ਬੰਦ ਨਹੀਂ ਕਰ ਦੇਣੇ ਚਾਹੀਦੇ। ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ।
ਮੁੱਕਦੀ ਗੱਲ ਇਹ ਹੈ ਕਿ ਜੇਕਰ ਆਮ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਲਈ ਹਵਾ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਦੇ ਮਿਆਰੀ ਮਾਪਦੰਡਾਂ ਦੀ ਪਾਲਣਾ ਕਰਨ ਤਾਂ ਇਹ ਗੰਭੀਰ ਸਮੱਸਿਆ ਸਹਿਜ ਹੀ ਹੱਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜੇਕਰ ਪ੍ਰਸ਼ਾਸਨਿਕ ਪੱਧਰ ’ਤੇ ਵੀ ਪਟਾਕੇ ਪਾਉਂਦੇ ਦੋ-ਪਹੀਆ ਵਾਹਨਾਂ, ਦੇਸੀ ਜਾਂ ਜੁਗਾੜੂ ਢੰਗ ਨਾਲ ਤਿਆਰ ਕੀਤੇ ਟਰਾਂਸਪੋਰਟ ਵਾਹਨਾਂ ਅਤੇ ਬਹੁਤ ਜ਼ਿਆਦਾ ਪੁਰਾਣੇ ਹੋ ਚੁੱਕੇ ਵਾਹਨਾਂ ਦਾ ਪੱਕਾ ਹੱਲ ਕੱਢ ਕੇ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਸਦਕਾ ਇਨ੍ਹਾਂ ਨੂੰ ਘੱਟ ਧੁਨੀ ਪੈਦਾ ਕਰਨ ਵਾਲੇ ਵਾਹਨ ਬਣਾਇਆ ਜਾਵੇ ਅਤੇ ਆਮ ਲੋਕਾਂ ਨੂੰ ਧੁਨੀ ਪ੍ਰਦੂਸ਼ਣ ਦੇ ਹਾਨੀਕਾਰਕ ਸਿੱਟਿਆਂ ਬਾਰੇ ਸੁਹਿਰਦਤਾ ਨਾਲ ਜਾਣੂੰ ਕਰਵਾ ਕੇ ਇਸ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪ੍ਰੇਰਿਆ ਜਾਵੇ ਤਾਂ ਇਸ ਸਮੱਸਿਆ ਉੱਤੇ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।
ਸੰਪਰਕ: 62842-20595