ਮਨੁੱਖਤਾ ਦੇ ਭਵਿੱਖ ਦੀ ਤਸਵੀਰ
ਮਨਦੀਪ
ਜ਼ਰਾ ਇਸ ਤਸਵੀਰ ਨੂੰ ਪੂਰੀ ਗਹੁ ਨਾਲ ਵੇਖੋ! ਫਿਰ ਤਸਵੀਰ ਵਿਚਲੇ ਬੱਚਿਆਂ ਦੇ ਹੱਥ ਵਿੱਚ ਫੜੀ ਤਸਵੀਰ ਵੱਲ ਵੇਖੋ! ਇਹ ਉਹ ਇਤਿਹਾਸਕ ਤਸਵੀਰ ਹੈ, ਜਿਸ ਦਾ ਸਬੰਧ ਇਸ ਧਰਤੀ ’ਤੇ ਵਸਦੇ ਹਰ ਉਸ ਵਾਸੀ ਨਾਲ ਅਟੁੱਟ ਤੌਰ ’ਤੇ ਜੁੜਿਆ ਹੋਇਆ ਹੈ ਜੋ ਹਾਲੇ ਜ਼ਿੰਦਾ ਹੈ। ਇਸ ਤਸਵੀਰ ਨੂੰ ਨਾ ਦੇਖਣ ਅਤੇ ਇਸ ਦੇ ਬਾਰੇ ਨਾ ਜਾਣਨ ਨਾਲ ਹਕੀਕਤ ਰੱਤੀ ਭਰ ਵੀ ਬਦਲਣ ਵਾਲੀ ਨਹੀਂ ਹੈ, ਪਰ ਫਿਰ ਵੀ ਇਸ ਤਸਵੀਰ ਨੂੰ ਦੇਖਣਾ, ਜਾਣਨਾ ਤੇ ਮਹਿਸੂਸ ਕਰਨਾ ਆਪਣੇ ਤੇ ਪੂਰੇ ਮਨੁੱਖੀ ਸਮਾਜ ਦੇ ਭਵਿੱਖ ਨੂੰ ਦੇਖਣ-ਸਮਝਣ ਸਮਾਨ ਹੈ।
ਤਸਵੀਰ ਵਿਚਲੇ ਇਨ੍ਹਾਂ ਬੱਚਿਆਂ ਦੇ ਹੱਥ ’ਚ ਫੜੀ ਤਸਵੀਰ ’ਚ ਇਹ ਬੱਚੇ ਗਾਜ਼ਾ ’ਚ ਇਜ਼ਰਾਇਲੀ ਬੰਬਾਂ ਦੀ ਚਪੇਟ ’ਚ ਆ ਕੇ ਜ਼ਖ਼ਮੀ ਹੋਏ ਆਪਣੇ ਬਾਪ ਨਾਲ ਮਲਬੇ ਦੇ ਢੇਰ ਕੋਲ ਖੜ੍ਹੇ ਦਿਖਾਈ ਦਿੰਦੇ ਹਨ। ਇਹ ਬੱਚੇ ਅਪਰੈਲ ਮਹੀਨੇ ਕੈਨੇਡਾ ਦੀ ਰਾਜਧਾਨੀ ਓਟਵਾ ’ਚ ਹੋ ਰਹੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ ਬੱਚਿਆਂ ਸਾਹਮਣੇ ਮਹਿਜ਼ ਦੋ ਫੁੱਟ ਦੀ ਦੂਰੀ ’ਤੇ ਖੜ੍ਹ ਕੇ ਗਾਜ਼ਾ ਦੇ ਨਸਲਘਾਤ ਅਤੇ ਮਨੁੱਖੀ ਸਮਾਜ ਦੇ ਭਵਿੱਖ ਦਾ ਨਕਸ਼ਾ ਦੇਖਣ ਨੂੰ ਮਿਲਿਆ। ਇਹ ਬੱਚੇ ਆਪਣੇ ਪਿਤਾ ਨਾਲ ਵਿਰੋਧ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਗਾਜ਼ਾ ਦੇ ਜੰਗੀ ਖੇਤਰ ’ਚੋਂ ਜਾਨ ਬਚਾ ਕੇ ਕੈਨੇਡਾ ਪਹੁੰਚੇ ਸਨ। ਇਨ੍ਹਾਂ ਦੀਆਂ ਦੋ ਮਾਵਾਂ ਹਾਲੇ ਵੀ ਜੰਗ ਵਿੱਚ ਫਸੀਆਂ ਹੋਈਆਂ ਹਨ। ਇੱਕ ਇਨ੍ਹਾਂ ਨੂੰ ਜਨਮ ਦੇਣ ਵਾਲੀ ਤੇ ਦੂਜੀ ਫਲਸਤੀਨ ਦੀ ਧਰਤ ਮਾਂ!
ਇਨ੍ਹਾਂ ਦੀਆਂ ਅੱਖਾਂ ’ਚ ਸੰਸਾਰ ਭਰ ਦੇ ਲੋਕਾਂ ਨੂੰ ਇੱਕ ਅਪੀਲ, ਇੱਕ ਤਰਲਾ, ਇੱਕ ਬੇਵੱਸੀ ਭਰਿਆ ਸੁਨੇਹਾ ਵੀ ਹੈ ਤੇ ਮਾਵਾਂ ਤੋਂ ਵਿਛੋੜੇ ਦਾ ਡੂੰਘਾ ਦਰਦ ਵੀ। ਕੋਈ ਪਹਾੜ ਜਿੱਡੇ ਜਿਗਰੇ ਵਾਲਾ ਇਨਸਾਨ ਵੀ ਦੋ ਮਿੰਟ ਲਈ ਇਨ੍ਹਾਂ ਮਾਸੂਮ ਬੱਚਿਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਅੱਖਾਂ ਸੁੱਕੀਆਂ ਨਹੀਂ ਰੱਖ ਸਕਦਾ। ਲੋਕ ਤਾਜ਼ਾਂ-ਤਖ਼ਤਾਂ ਨੂੰ ਖ਼ਾਕ ਕਿਵੇਂ ਕਰ ਦਿੰਦੇ ਹਨ? ਇਸ ਸਵਾਲ ਦਾ ਜਵਾਬ ਮੌਨ ਖੜ੍ਹੇ ਇਨ੍ਹਾਂ ਬੱਚਿਆਂ ਦੀਆਂ ਅੱਖਾਂ ਵਿੱਚ ਸਾਫ਼ ਪੜ੍ਹਿਆ ਜਾ ਸਕਦਾ ਹੈ। ਜਿਨ੍ਹਾਂ ਨੰਨ੍ਹੀਆਂ ਪਲਕਾਂ ਨੇ ਸੁਪਨੇ ਦੇਖਣ ਦੀ ਵਰੇਸੇ ਜੰਗੀ ਕਹਿਰ ਵੇਖਿਆ ਹੋਵੇ, ਉਨ੍ਹਾਂ ਸਾਹਵੇਂ ਤਖ਼ਤਾਂ ਦਾ ਖੌਫ਼ ਕਿੰਨਾ ਨਿਗੂਣਾ ਹੁੰਦਾ ਹੋਵੇਗਾ?
ਵਿਰੋਧ ਪ੍ਰਦਰਸ਼ਨ ਦੌਰਾਨ ਦੋ ਘੰਟੇ ਸਟੇਜ ਦੇ ਸਾਹਮਣੇ ਮੌਨ ਤੇ ਉਦਾਸ ਖੜ੍ਹੇ ਇਨ੍ਹਾਂ ਬੱਚਿਆਂ ਦੇ ਮਨ ਵਿੱਚ ਸੈਂਕੜੇ ਸਵਾਲ ਦੌੜੇ ਹੋਣਗੇ। ਇਨ੍ਹਾਂ ਭੋਲੀਆਂ-ਨਿਰਦੋਸ਼ ਜਿੰਦਾਂ ਨੂੰ ਸਮਝ ਨਹੀਂ ਆ ਰਿਹਾ ਹੋਣਾ ਕਿ ਆਖ਼ਰ ਇਨ੍ਹਾਂ ਦਾ ਕਸੂਰ ਕੀ ਹੈ? ਮਾਂ ਦਾ ਵਿਛੋੜਾ ਜੰਗ ਦੇ ਜ਼ਖ਼ਮ ਨਾਲੋਂ ਵੀ ਅਸਹਿ ਹੈ। ਜੰਗ ਤੋਂ ਬਚ ਕੇ ਆਏ ਇਨ੍ਹਾਂ ਬੋਟਾਂ ਦੀ ਜਾਨ ਹਾਲੇ ਵੀ ਜੰਗ ਵਿੱਚ ਫਸੀ ਹੋਈ ਹੈ। ਮਾਂ ਕਿੱਥੇ ਹੋਵੇਗੀ? ਕੀ ਉਹ ਜ਼ਿੰਦਾ ਹੈ? ਹੋਰਨਾਂ ਹਜ਼ਾਰਾਂ ਮਾਵਾਂ ਤੇ ਬੱਚਿਆਂ ਵਾਂਗ ਕਿਤੇ ਮਲਬੇ ਹੇਠ ਤਾਂ ਨਹੀਂ ਦੱਬ ਗਈ? ਉੱਧਰ ਮਾਂ, ਜੇਕਰ ਆਦਮਖੋਰੇ ਜੰਗਬਾਜ਼ਾਂ ਦੇ ਹਮਲੇ ਦਾ ਸ਼ਿਕਾਰ ਹੋਣੋਂ ਬਚ ਗਈ ਹੋਵੇਗੀ, ਤਾਂ ਉਸ ਦੇ ਬੱਚਿਆਂ ਬਾਰੇ ਸੰਸੇ ਜੰਗ ਦੀ ਭਿਆਨਕਤਾ ਤੋਂ ਵੀ ਵੱਡੇ ਹੋਣਗੇ।
ਯੂ.ਐੱਨ. ਮੁਤਾਬਕ ਸਾਲ 2024 ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ 19000 ਅਨਾਥ ਬੱਚਿਆਂ ਦੀਆਂ 6000 ਮਾਵਾਂ ਸਦਾ ਲਈ ਇਸ ਜਹਾਨ ਤੋਂ ਰੁਖ਼ਸਤ ਕਰ ਦਿੱਤੀਆਂ ਗਈਆਂ। ਜਿੱਥੇ ਹਜ਼ਾਰਾਂ ਬੱਚੇ ਅਨਾਥ ਹੋਏ ਹਨ, ਉੱਥੇ 16,456 ਬੱਚਿਆਂ ਦੀਆਂ ਲਾਸ਼ਾਂ ਨਾਲ ਗਾਜ਼ਾ ਦੀਆਂ ਮਾਵਾਂ ਦੀਆਂ ਬੁੱਕਲਾਂ ਲੱਦ ਦਿੱਤੀਆਂ ਗਈਆਂ ਹਨ। ਬੱਚੇ ਲਈ ਦੁਨੀਆ ’ਚ ਸਭ ਤੋਂ ਸੁਰੱਖਿਅਤ ਥਾਂ ਉਸ ਦੀ ਮਾਂ ਦੀ ਗੋਦ ਹੁੰਦੀ ਹੈ। ਹਜ਼ਾਰਾਂ ਫਲਸਤੀਨੀ ਬੱਚਿਆਂ ਤੋਂ ਇਹ ਜੰਨਤ ਜ਼ਬਰੀ ਖੋਹ ਲਈ ਗਈ ਹੈ। ਧਰਤੀ ’ਤੇ ਦੂਸਰੀ ਜੰਨਤ ਮਾਤਭੂਮੀ ਹੁੰਦੀ ਹੈ ਜੋ ਅੱਜ ਲਹੂ-ਲੂਹਾਣ ਹੈ। ਅਮਰੀਕਾ-ਇਜ਼ਰਾਇਲ ਤੇ ਉਸ ਦੇ ਪੱਛਮੀ ਭਾਈਵਾਲਾਂ ਨੇ ਗਾਜ਼ਾ ਦੇ ਬੱਚਿਆਂ ਤੋਂ ਉਨ੍ਹਾਂ ਦੀ ਜੰਨਤ ਖੋਹ ਕੇ ਧਰਤੀ ਦੇ ਇਸ ਟੋਟੇ ਨੂੰ ਨਰਕ ਬਣਾ ਦਿੱਤਾ ਹੈ।
ਮਾਵਾਂ ਦਾ ਜਹਾਨ ਉਸ ਦੀ ਔਲਾਦ ਹੁੰਦਾ ਹੈ। ਜਿਨ੍ਹਾਂ ਮਾਵਾਂ ਦਾ ਕੁੱਲ ਜਹਾਨ ਲੁੱਟਿਆ ਗਿਆ ਹੋਵੇ, ਉਨ੍ਹਾਂ ਕੋਲ ਗਾਜ਼ਾ ਦੀ ਧਰਤੀ ’ਚ ਸਮਾਅ ਜਾਣ ਤੋਂ ਸਿਵਾਏ ਬਚਿਆ ਹੀ ਕੀ ਹੈ? ਜਿਨ੍ਹਾਂ ਦੇ ਲਾਲ ਮਲਬੇ ਹੇਠ ਦਫ਼ਨ ਹਨ, ਉਹ ਇਸ ਲਹੂ ਰੱਤੀ ਧਰਤੀ ’ਤੇ ‘ਮੱਧ ਪੂਰਬ ਦਾ ਰੀਵੀਰਾ’ ਉਸਾਰਨ ਦੀ ਇਜਾਜ਼ਤ ਕਿਵੇਂ ਦੇ ਦੇਣਗੀਆਂ? ਗਾਜ਼ਾ ਦੇ ਅਨਾਥ ਕਿਵੇਂ ਆਪਣੀਆਂ ਮਾਵਾਂ ਦੀਆਂ ਕਬਰਾਂ ’ਤੇ ਨਸਲਵਾਦੀ ਇਜ਼ਰਾਇਲੀ ਰਾਜ ਦਾ ਝੰਡਾ ਲਹਿਰਾਉਣ ਦੇ ਸਕਦੇ ਹਨ? ਉਹ ਜੋ ਫਲਸਤੀਨ ਦੀ ਧਰਤੀ ’ਤੇ ਸ਼ਾਂਤਮਈ ਸੁਤੰਤਰ ਇਜ਼ਰਾਇਲੀ ਰਾਜ ਸਥਾਪਤ ਕਰਨ ਦੇ ਸੁਪਨੇ ਦੇਖ ਰਹੇ ਹਨ, ਉਨ੍ਹਾਂ ਨੂੰ ਫਲਸਤੀਨ ਦੀ ਮਿੱਟੀ ਵਿੱਚ ਮਿਲਾਈਆਂ ਬੇਚੈਨ ਰੂਹਾਂ ਦੇ ਵਾਰਸ ਚੈਨ ਨਾਲ ਕਿਵੇਂ ਰਾਜ ਕਰਨ ਦੇਣਗੇ?
ਗਾਜ਼ਾ ਦੀ ਧਰਤੀ ਬੰਬ-ਬਰੂਦ ਨਾਲ ਮਲਬੇ ਦਾ ਢੇਰ ਹੀ ਨਹੀਂ ਬਣਾ ਦਿੱਤੀ ਗਈ ਬਲਕਿ ਜੰਗ ਦੇ ਕਹਿਰ ਤੋਂ ਬਚੀਆਂ ਜ਼ਖਮੀ ਜ਼ਿੰਦਗੀਆਂ ਲਈ ਭੋਜਨ, ਪਾਣੀ, ਡਾਕਟਰੀ ਸਹਾਇਤਾ, ਬਿਜਲੀ, ਸਿੱਖਿਆ, ਇੰਟਰਨੈੱਟ ਆਦਿ ਦਾ ਕੁਨੈਕਸ਼ਨ ਲਗਭਗ ਕੱਟ ਦਿੱਤਾ ਗਿਆ ਹੈ। ਕੀ ਇਹ ਕੁਨੈਕਸ਼ਨ ਕੱਟਣ ਨਾਲ ਮਾਤਭੂਮੀ ਨਾਲੋਂ ਨਾਤਾ ਕੱਟਿਆ ਜਾ ਸਕਦਾ ਹੈ?
ਗਾਜ਼ਾ ਨੂੰ ਛੱਡ ਕੇ ਵਿਸ਼ਵ ਸ਼ਾਂਤੀ ਕਿਵੇਂ ਸੰਭਵ ਹੋ ਸਕਦੀ ਹੈ? ਖੂਨੀ ਜੰਗ ਨਾਲ ਜ਼ਖ਼ਮੀ ਗਾਜ਼ਾ ਦੀ ਦਰਦ ਭਰੀ ਕੁਰਲਾਹਟ ਕੁੱਲ ਆਲਮ ਦੀ ਸ਼ਾਂਤੀ ਭੰਗ ਕਰਕੇ ਰੋਹ ਦੀ ਗਰਜ਼ ਪੈਦਾ ਕਰ ਰਹੀ ਹੈ। ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਵਾਲੀ ਇਹ ਜੰਗ ਸੰਸਾਰ ਭਰ ਵਿੱਚ ਮਨੁੱਖਤਾ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਇਸ ਜੰਗ ਨੇ ਆਲਮੀ ਅਵਾਮ ਦੇ ਮਨਾਂ ’ਚ ਇੱਕ ਵੱਡੀ ਨੈਤਿਕ ਤੇ ਸਪੱਸ਼ਟ ਲੀਕ ਖਿੱਚ ਦਿੱਤੀ ਹੈ। ਕੀ ਤੁਸੀਂ ਇਸ ਮਨੁੱਖਘਾਤੀ ਜੰਗ ਦੇ ਖਿਲਾਫ਼ ਹੋ ਜਾਂ ਪੱਖ ’ਚ? ਸਵਾਲ ਦੀ ਇਹ ਮੂਲ ਨਿਸ਼ਾਨਦੇਹੀ ਅੱਗੇ ਦੀ ਰਣਨੀਤੀ ਤੇ ਇਤਿਹਾਸ ਦਾ ਵੇਗ ਤੈਅ ਕਰੇਗੀ। ਇਹ ਅਹਿਮ ਸਵਾਲ ਤੈਅ ਕਰੇਗਾ ਕਿ ਅਸੀਂ ਭਵਿੱਖ ’ਚ ਆਪਣੇ ਬੱਚਿਆਂ ਦੇ ਹੱਥ ਇਹੋ-ਜਿਹੀ ਦਰਦਨਾਕ ਤਸਵੀਰ ਸੌਂਪਣੀ ਹੈ ਜਾਂ ਨਹੀਂ? ਇਸ ਲਈ ਜ਼ਰਾ ਇਸ ਤਸਵੀਰ ਨੂੰ ਪੂਰੀ ਗਹੁ ਨਾਲ ਵੇਖੋ! ਫਿਰ ਤਸਵੀਰ ਵਿਚਲੇ ਬੱਚਿਆਂ ਦੇ ਹੱਥ ਵਿੱਚ ਫੜੀ ਤਸਵੀਰ ਵੱਲ ਵੇਖੋ!
ਸੰਪਰਕ+1 438-924-2052