ਮਨੀਮਾਜਰਾ ’ਚ ਘਰ ਵਿਚੋਂ ਨਕਦੀ ਤੇ ਗਹਿਣੇ ਚੋਰੀ
ਚੰਡੀਗੜ੍ਹ: ਇੱਥੋਂ ਦੇ ਸੁਭਾਸ਼ ਨਗਰ ਮਨੀਮਾਜਰਾ ’ਚ ਇਕ ਘਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਅਭਿਮਨਿਊ ਸ਼ਰਮਾ ਵਾਸੀ ਸੁਭਾਸ਼ ਨਗਰ ਮਨੀਮਾਜਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਉਸ ਦੇ ਘਰ ਵਿੱਚ ਦਾਖਲ ਹੋ ਕੇ 75-80 ਹਜ਼ਾਰ ਰੁਪਏ ਨਕਦ, ਇਕ ਸੋਨੇ ਦੀ ਮੁੰਦਰੀ, ਇਕ ਹੀਰੇ ਦੀ ਮੁੰਦਰੀ, ਦੋ ਚਾਂਦੀ ਦੀਆਂ ਪਜੇਬਾ, ਇਕ ਚਾਂਦੀ ਦਾ ਕੜਾ ਤੇ ਹੋਰ ਗਹਿਣੇ ਵੀ ਚੋਰੀ ਕਰਕੇ ਫਰਾਰ ਹੋ ਗਿਆ ਹੈ। -ਟਨਸ
ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ
ਮੁਹਾਲੀ: ਮੁਹਾਲੀ ਦੇ ਥਾਣਾ ਆਈਟੀ ਸਿਟੀ ਦੀ ਪੁਲੀਸ ਨੇ ਪੁਲੀਸ ਹੈਲਪਲਾਈਨ ਨੰਬਰ 112 ’ਤੇ ਇੱਕ ਲੱਖ ਤੇ ਮੋਟਰਸਾਈਕਲ ਖੋਹੇ ਜਾਣ ਦੀ ਝੂਠੀ ਇਤਲਾਹ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ 4 ਜੁਲਾਈ ਨੂੰ ਸ਼ਾਮ ਸੱਤ ਵਜੇ ਇਹ ਸੂਚਨਾ ਜਤਿੰਦਰ ਪੰਡਿਤ ਵਾਸੀ ਬਿਹਾਰ, ਹਾਲ ਵਾਸੀ ਪਿੰਡ ਰੁੜਕਾ ਨੇ ਦਿੱਤੀ ਸੀ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਸ਼ਿਕਾਇਤਕਰਤਾ ਠੇਕੇਦਾਰੀ ਕਰਦਾ ਹੈ ਤੇ ਉਸ ਦਾ ਸਰੀਆ ਬੰਨਣ ਦਾ ਕੰਮ ਕਰਦੇ ਕਿਸੇ ਦੂਜੇ ਵਿਅਕਤੀ ਨਾਲ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਸੀ। ਇਸੇ ਰੰਜਿਸ਼ ਤਹਿਤ ਉਸ ਨੇ ਝੂਠੀ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿਚ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਮੁਲਜ਼ਮ ਫੜੇ ਗਏ ਹਨ। ਇਸੇ ਤਰ੍ਹਾਂ ਥਾਣਾ ਬਲੌਂਗੀ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਦੋ ਮੋਬਾਇਲਾਂ ਸਣੇ ਕਾਬੂ ਕੀਤਾ ਹੈ। -ਖੇਤਰੀ ਪ੍ਰਤੀਨਿਧ
ਕਾਰ ਵਿਚੋਂ ਨਕਦੀ ਚੋਰੀ
ਚੰਡੀਗੜ੍ਹ: ਇੱਥੋਂ ਦੇ ਡੱਡੂਮਾਜਰਾ ਵਿਖੇ ਸਥਿਤ ਗੁਰੂ ਨਾਨਕ ਕਾਰ ਵਾਸ਼ਿੰਗ ਸੈਂਟਰ ਨੇੜੇ ਖੜ੍ਹੀ ਗੱਡੀ ਦਾ ਸ਼ੀਸ਼ਾ ਭੰਨ ਕੇ ਪਰਸ ’ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਮਲੋਆ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਅਜੈ ਕੁਮਾਰ ਵਾਸੀ ਡੱਡੂਮਾਜਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕਿਸੇ ਨੇ ਉਸ ਦੀ ਕਾਰ ਦਾ ਸ਼ੀਸ਼ਾ ਭੰਨ ਕੇ 700 ਰੁਪਏ ਨਕਦ ਤੇ ਹੋਰ ਜ਼ਰੂਰੀ ਕਾਗਜ਼ ਚੋਰੀ ਕਰ ਲਏ ਹਨ। ਥਾਣਾ ਮਲੋਆ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ