ਮਨੀਮਾਜਰਾ ’ਚ ਕਾਲਜ ਦੀ ਉਸਾਰੀ ਸ਼ੁਰੂ ਹੋਣ ਦੀ ਆਸ ਬੱਝੀ
ਕੁਲਦੀਪ ਸਿੰਘ
ਚੰਡੀਗੜ੍ਹ, 14 ਅਪਰੈਲ
ਮਨੀਮਾਜਰਾ ਦੇ ਨਾਗਰਿਕਾਂ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਸਰਕਾਰੀ ਕਾਲਜ ਦੀ ਮੰਗ ਪੂਰੀ ਹੋਣ ਲਈ ਆਸ ਦੀ ਕਿਰਨ ਜਾਗੀ ਹੈ ਕਿਉਂਕਿ ਇਲਾਕੇ ਦੇ ਲੋਕਾਂ ਦੇ ਸੰਘਰਸ਼ ਤੇ ਚੰਡੀਗੜ੍ਹ ਪ੍ਰਸ਼ਾਸਨ ਸਣੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਤੋਂ ਬਾਅਦ ਹੁਣ ਕਾਲਜ ਉਸਾਰੀ ਪ੍ਰਕਿਰਿਆ ਵਿੱਚ ਤੇਜ਼ੀ ਆਉਣ ਲੱਗੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਭੇਜੇ ਪੱਤਰ ਵਿੱਚ ਇਸ ਦੀ ਪੁਸ਼ਟੀ ਹੋਈ ਹੈ।
ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਪੋਰਟਲ ’ਤੇ ਭੇਜੇ ਮੰਗ ਪੱਤਰ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਪ੍ਰਤੀਕਿਰਿਆ ਮਿਲੀ ਹੈ। ਵਿਭਾਗ ਨੇ ਪੱਤਰ ਭੇਜ ਕੇ ਦੱਸਿਆ ਹੈ ਕਿ ਮਨੀਮਾਜਰਾ ਵਿੱਚ ਕਾਲਜ ਬਣਾਉਣ ਦਾ ਮਤਾ ਫ਼ਿਲਹਾਲ ਵਿਚਾਰਧੀਨ ਹੈ। ਇਹ ਵੀ ਦੱਸਿਆ ਗਿਆ ਕਿ ਕਾਲਜ ਉਸਾਰੀ ਦੀ ਸਥਿਤੀ ਅਤੇ ਹੋਰ ਸਿੱਖਿਆ ਸਬੰਧੀ ਪਹਲੂਆਂ ’ਤੇ ਚਰਚਾ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਕਾਲਜ ਦੀ ਉਸਾਰੀ ਕਰਵਾਉਣ ਸਬੰਧੀ ਇਲਾਕਾ ਕੌਂਸਲਰ ਦਰਸ਼ਨਾ ਰਾਣੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਗਾਬਾ ਦੀ ਅਗਵਾਈ ਹੇਠ 18 ਮਾਰਚ ਨੂੰ ਮੋਮਬੱਤੀ ਮਾਰਚ ਕੱਢ ਕੇ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਦਿਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਉਸਾਰੀ ਕਾਰਜ ਜਲਦ ਸ਼ੁਰੂ ਕਰਵਾਉਣ ਹਿੱਤ ਪੱਤਰ ਵੀ ਲਿਖਿਆ ਗਿਆ ਸੀ।