ਮਨਰੇਗਾ ਮੇਟ ਦੀ ਮੌਤ ਦਾ ਮਾਮਲਾ: ਪੀੜਤ ਪਰਿਵਾਰ ਵਲੋਂ ਦਿੱਲੀ-ਲੁਧਿਆਣਾ ਮੁੱਖ ਮਾਰਗ ਜਾਮ
ਬੀਰ ਇੰਦਰ ਸਿੰਘ ਬਨਭੌਰੀ / ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੂਨ
ਇਥੋਂ ਨੇੜਲੇ ਪਿੰਡ ਖੇੜੀ ਵਿੱਚ ਇੱਕ ਮਗਨਰੇਗਾ ਮਜ਼ਦੂਰ ਔਰਤ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਮਗਰੋਂ ਅੱਜ ਪਰਿਵਾਰਿਕ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ-ਲੁਧਿਆਣਾ ਮਾਰਗ ਜਾਮ ਕਰ ਦਿੱਤਾ। ਸਬੰਧਤ ਪਰਿਵਾਰ ਨੇ ਮਜ਼ਦੂਰ ਜਥੇਬੰਦੀਆਂ ਨਾਲ ਰਲ ਕੇ ਇਸ ਮੌਕੇ ਜਿੱਥੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੀੜਤ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰਕ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਪਿੰਡ ਖੇੜੀ ਵਿੱਚ ਇੱਕ ਮਜ਼ਦੂਰ ਔਰਤ ਮਨਰੇਗਾ ਮੇਟ ਰਾਣੀ ਕੌਰ ਪਤਨੀ ਦੀਦਾਰ ਸਿੰਘ ਨੂੰ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪਿੰਡ ਵਾਸੀਆਂ ਅਤੇ ਮਜ਼ਦੂਰ ਜਥੇਬੰਦੀ, ਡੇਮੋਕਰੈਟਿਕ ਮਨਰੇਗਾ ਫਰੰਟ ਦੇ ਸੂਬਾ ਆਗੂ ਰਾਜ ਕੁਮਾਰ ਕਨਸੂਹਾ ਖੁਰਦ ਅਤੇ ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਸੰਗਰੂਰ ਰੋਡ ਹਾਈਵੇਅ ਜਾਮ ਕਰਕੇ ਮਜ਼ਦੂਰ ਪਰਿਵਾਰ ਦੀਆਂ ਹੱਕੀ ਮੰਗਾਂ ਮੰਨਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਤੇਜ਼ ਰਫਤਾਰ ਵਾਹਨ ਨੇ ਰਾਣੀ ਕੌਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਭਾਵੇਂ ਪੁਲੀਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਇਸ ਸਬੰਧੀਂ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਖੁਸ਼ਵਿੰਦਰ ਕੌਰ, ਜਗਤਾਰ ਸਿੰਘ ਖਾਲਸਾ, ਸੂਬਾ ਪ੍ਰੈੱਸ ਸਕੱਤਰ ਧਰਮਪਾਲ ਲਹਿਰਾ, ਸੂਬਾ ਆਗੂ ਨਿਰਮਲ, ਸੂਬਾ ਆਗੂ ਗੁਰਜੀਤ ਕੌਰ, ਬਲਾਕ ਪ੍ਰਧਾਨ ਪਾਲ ਕੌਰ ਸੁਨਾਮ ਆਦਿ ਹਾਜ਼ਰ ਸਨ।