ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਮੁਜ਼ਾਹਰਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਫਰਵਰੀ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਇੱਥੇ ਬੀਡੀਪੀਓ ਦਫ਼ਤਰ ਅੱਗੇ ਮਨਰੇਗਾ ਕਾਮਿਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਭੂਪ ਚੰਦ ਚੰਨੋਂ ਅਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਖੇੜੀ ਨੇ ਦੱਸਿਆ ਕਿ ਸਰਕਾਰਾਂ ਅਤੇ ਪੰਚਾਇਤਾਂ ਬਦਲਣ ਦੇ ਬਾਵਜੂਦ ਪੰਚਾਇਤੀ ਵਿਭਾਗ ਦਾ ਮਨਰੇਗਾ ਮਜ਼ਦੂਰਾਂ ਪ੍ਰਤੀ ਮਾਨਸਿਕਤਾ ਪੁਰਾਣੀ ਹੀ ਰਹਿੰਦੀ ਹੈ। ਪੰਚਾਇਤੀ ਵਿਭਾਗ ਮਨਰੇਗਾ ਮਜ਼ਦੂਰਾਂ ਨੂੰ ਸਰਪੰਚਾਂ ਦੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ, ਜਦੋਂ ਕਿ ਮਨਰੇਗਾ ਕਾਨੂੰਨ ਅਨੁਸਾਰ ਇਨ੍ਹਾਂ ਕਾਮਿਆਂ ਨੂੰ 100 ਦਿਨ ਦਾ ਕੰਮ ਅਤੇ ਮਨਰੇਗਾ ਮੇਟ ਨੂੰ ਬਦਲਣ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕਰੌਦੀ ਸਮੇਤ ਬਲਾਕ ਦੇ ਕਈ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਏਡੀਸੀ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਵੇਗੀ। ਇਸੇ ਦੌਰਾਨ ਪੰਚਾਇਤ ਅਫ਼ਸਰ ਏਕਮ ਸਿੰਘ ਵੱਲੋਂ ਮਸਲੇ ਦੇ ਹੱਲ ਲਈ 6 ਫਰਵਰੀ ਨੂੰ ਬੀਡੀਪੀਓ ਭਵਾਨੀਗੜ੍ਹ ਨਾਲ ਮੀਟਿੰਗ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਤੋਂ ਪਹਿਲਾਂ ਮਨਰੇਗਾ ਮਜ਼ਦੂਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਗੁਰਮੀਤ ਸਿੰਘ, ਸ਼ੇਰ ਸਿੰਘ, ਹਰਮੇਸ਼ ਕੌਰ, ਬਲਜੀਤ ਕੌਰ, ਬਲਵੀਰ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ ਅਤੇ ਕਾਕਾ ਸਿੰਘ ਸਮੇਤ ਮਜ਼ਦੂਰ ਹਾਜ਼ਰ ਸਨ।