ਪੱਤਰ ਪ੍ਰੇਰਕਪਾਤੜਾਂ, 9 ਜੂਨਮਨਰੇਗਾ ਕਰਮਚਾਰੀਆਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ’ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਾਤੜਾਂ ਬਘੇਲ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਅਧਿਕਾਰੀ ਨੇ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਮਾਮਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।ਮਨਰੇਗਾ ਕਰਮਚਾਰੀ ਏਪੀਓ ਕੁਲਦੀਪ ਕੌਰ, ਸੈਕਟਰੀ ਸੁਖਚੈਨ ਸਿੰਘ, ਵਰਿੰਦਰ ਕੁਮਾਰ, ਰਜਿੰਦਰ ਸਿੰਘ, ਕਪਿਲ ਸ਼ਰਮਾ, ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀਆਂ ਨੂੰ ਮਾਰਚ, ਅਪਰੈਲ ਅਤੇ ਮਈ ਦੀ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਨ ਸੁਵਿਧਾ ਕੈਂਪ, ਯੁੱਧ ਨਸ਼ਿਆਂ ਵਿਰੁੱਧ, ਪੀਐਮਏਵਾਈ ਸਰਵੇ ਅਤੇ ਹੋਰ ਐਪਸ ’ਤੇ ਕੀਤੇ ਜਾਣ ਵਾਲੇ ਕੰਮ ਪਹਿਲਾਂ 5-6 ਮਹੀਨਿਆਂ ’ਚ ਹੁੰਦੇ ਸਨ ਜੋ ਹੁਣ 2 ਮਹੀਨਿਆਂ ਵਿੱਚ ਕੀਤੇ ਗਏ ਹਨ। ਛੱਪੜਾਂ ਵਿੱਚ ਡੀ-ਵਾਟਰਿੰਗ, ਡੀ-ਸਿਲਟਿੰਗ ਅਤੇ ਖੇਡ ਦੇ ਮੈਦਾਨਾਂ ਦਾ ਕੰਮ ਜ਼ੋਰ-ਸ਼ੋਰ ਨਾਲ ਕਰਵਾਇਆ ਜਾ ਰਿਹਾ ਹੈ ਪਰ ਕਰਮਚਾਰੀਆਂ ਨੂੰ 3-4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦੇ ਉੱਚ ਅਧਿਕਾਰੀ ਵੱਲੋਂ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਤਨਖ਼ਾਹ ਜਾਰੀ ਨਾ ਕਰਵਾਈ ਗਈ ਤਾਂ ਉਨ੍ਹਾਂ ਨੂੰ ਕਲਮ ਛੋੜ ਹੜਤਾਲ ਬਾਰੇ ਸੋਚਣਾ ਪਵੇਗਾ।