ਮਧੂ ਮੱਖੀ ਪਾਲਕਾਂ ਵੱਲੋਂ ਕੌਮੀ ਮਾਰਗ ’ਤੇ ਅਣਮਿੱਥੇ ਸਮੇਂ ਲਈ ਧਰਨਾ
ਕਰਮਜੀਤ ਸਿੰਘ ਚਿੱਲਾ
ਬਨੂੜ, 13 ਮਾਰਚ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਜਲਾਲਪੁਰ ਵਿਖੇ ਸਥਿਤ ਕੇਜਰੀਵਾਲ ਬੀਅ ਕੇਅਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਗੇਟ ਉੱਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਰਾਜਸਥਾਨ ਤੋਂ ਆਏ ਸੈਂਕੜੇ ਮਧੂ ਮੱਖੀ ਪਾਲਕਾਂ ਵੱਲੋਂ ਅਣਮਿਥੇ ਸਮੇਂ ਲਈ ਲਗਾਇਆ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਮਧੂ ਮੱਖੀ ਪਾਲਕਾਂ ਨੇ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪਿਛਲੇ ਗਿਆਰਾਂ ਮਹੀਨੇ ਤੋਂ ਦੇਸ਼ ਦੀ ਸਮੁੱਚੀਆਂ ਚਾਰ ਫੈਕਟਰੀਆਂ ਵੱਲੋਂ ਸ਼ਹਿਦ ਖਰੀਦਣ ਨਾ ਖਰੀਦੇ ਜਾਣ ਦਾ ਦੋਸ਼ ਲਗਾਇਆ। ਧਰਨਾਕਾਰੀਆਂ ਨੇ ਦੱਸਿਆ ਕਿ ਦੂਜੇ ਰਾਜਾਂ ਵਿਚਲੀਆਂ ਸ਼ਹਿਰ ਖਰੀਦਣ ਵਾਲੀਆਂ ਤਿੰਨ ਹੋਰ ਫੈਕਟਰੀਆਂ ਅੱਗੇ ਸਬੰਧਿਤ ਰਾਜਾਂ ਦੇ ਮਧੂ ਮੱਖੀ ਪਾਲਕਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਦੇਸ਼ ਵਿਆਪੀ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸ਼ਹਿਦ ਫੈਕਟਰੀਆਂ ਉਨ੍ਹਾਂ ਨਾਲ ਸ਼ਹਿਦ ਖਰੀਦਣ ਸਬੰਧੀ ਲਿਖ਼ਤੀ ਇਕਰਾਰ ਨਹੀਂ ਕਰਦੀਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਮਧੂ ਕ੍ਰਾਂਤੀ ਬੀਅ ਫ਼ਾਰਮਰਜ਼ ਵੈਲਫੇਅਰ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਵਿਰਕ, ਜੰਮੂ-ਕਸ਼ਮੀਰ ਦੇ ਪ੍ਰਧਾਨ ਜਨਕ ਰਾਜ, ਰਾਜਸਥਾਨ ਦੇ ਪ੍ਰਧਾਨ ਬਲਦੇਵ ਸਿੰਘ, ਹਰਿਆਣਾ ਦੇ ਪ੍ਰਧਾਨ ਸੱਤ ਪ੍ਰਕਾਸ਼, ਉਤਰੀ ਰਾਜਸਥਾਨ ਦੇ ਪ੍ਰਧਾਨ ਪ੍ਰਕਾਸ਼ ਸਿੰਘ, ਜੰਮੂ ਕਸ਼ਮੀਰ ਦੇ ਪ੍ਰਧਾਨ ਮੁਹੰਮਦ ਚੌਹਾਨ, ਪ੍ਰਭਜੀਤ ਸਿੰਘ ਫਾਜ਼ਿਲਕਾ, ਗੋਰਾ ਭੁੱਲਰ ਮੀਤ ਪ੍ਰਧਾਨ ਪੰਜਾਬ, ਦਿਨੇਸ਼ ਝਾਂਜੀ ਮੁੱਖ ਸਲਾਹਕਾਰ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਪ੍ਰਧਾਨ ਸੂਬਾ ਹਿਮਾਚਲ ਪ੍ਰਦੇਸ਼, ਰਾਕੇਸ਼ ਸ਼ਰਮਾ ਟੋਡਾ, ਲਲਿਤ ਗੋਸਵਾਮੀ ਨੇ ਆਖਿਆ ਕਿ ਦੇਸ਼ ਵਿੱਚ ਨਕਲੀ ਸ਼ਹਿਦ ਵਿਕ ਰਿਹਾ ਹੈ ਅਤੇ ਮਧੂ ਮੱਖੀ ਪਾਲਕਾਂ ਕੋਲੋਂ 11 ਮਹੀਨਿਆਂ ਤੋਂ ਸ਼ਹਿਦ ਨਹੀਂ ਖਰੀਦਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਦੇਸ਼ ਵਿਚ 70 ਹਜ਼ਾਰ ਟਨ ਸ਼ਹਿਦ ਦੀ ਪੈਦਾਵਾਰ ਹੁੰਦੀ ਹੈ ਪਰ ਵਿਕਰੀ ਇੱਕ ਲੱਖ, ਅੱਠ ਹਜ਼ਾਰ ਟਨ ਤੋਂ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਕਲੀ ਸ਼ਹਿਦ ਬਣਾ ਕੇ ਵੇਚਿਆ ਜਾ ਰਿਹਾ ਹੈ, ਜਿਸ ਦਾ ਇਵਜ਼ਾਨਾ ਸ਼ੁੱਧ ਸ਼ਹਿਦ ਦੀ ਪੈਦਾਵਾਰ ਕਰਨ ਵਾਲੇ ਮਧੂ ਮੱਖੀ ਪਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਦੇਸ਼ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਚੁੱਕੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ਉੱਤੇ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਵਿਚ ਸ਼ਹਿਦ ਵੇਚਣ ਵਾਲੀਆਂ ਫੈਕਟਰੀਆਂ ਅਤੇ ਕੰਪਨੀਆਂ ਉੱਤੇ ਐਚਆਰਐਮਐਸ ਅਤੇ ਐਨਆਰਐਮਐਸ ਟੈਸਟ ਲਾਗੂ ਕੀਤਾ ਜਾਵੇ ਤਾਂ ਕਿ ਸ਼ੁੱਧ ਅਤੇ ਨਕਲੀ ਸ਼ਹਿਦ ਦੀ ਪਛਾਣ ਹੋ ਸਕੇ।