ਮਦਰਾਸੀ ਕੈਂਪ ’ਚ ਅਦਾਲਤ ਦੇ ਹੁਕਮਾਂ ’ਤੇ ਢਾਹੀਆਂ ਝੁੱਗੀਆਂ: ਰੇਖਾ ਗੁਪਤਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜੂਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਮਦਰਾਸੀ ਕੈਂਪ ਵਿੱਚ ਝੁੱਗੀਆਂ ਢਾਹੁਣ ਦੀ ਕਾਰਵਾਈ ਅਦਾਲਤ ਦੇ ਹੁਕਮਾਂ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਰਾਜਧਾਨੀ ਵਿੱਚ ਹੜ ਨਾਲ ਸਬੰਧਤ ਆਫ਼ਤਾਂ ਨੂੰ ਰੋਕਣ ਦੇ ਉਦੇਸ਼ ਨਾਲ ਬਾਰਾਪੁਲਾ ਨਾਲੇ ਦੀ ਸਫ਼ਾਈ ਲਈ ਇਸ ਝੁੱਗੀ-ਝੌਪੜੀ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਰੇਖਾ ਗੁਪਤਾ ਨੇ ਕਿਹਾ ਕਿ ਅਧਿਕਾਰੀ ਅਦਾਲਤਾਂ ਵੱਲੋਂ ਜਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਮਦਰਾਸੀ ਕੈਂਪ ਦੇ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਗਏ ਹਨ। ਮੁੱਖ ਮੰਤਰੀ ਦਾ ਇਹ ਬਿਆਨ ਵਿਰੋਧੀ ਧਿਰ ‘ਆਪ’ ਵੱਲੋਂ ਦੱਖਣੀ ਦਿੱਲੀ ਦੇ ਬਾਰਾਪੁਲਾ ਨੇੜੇ ਮਦਰਾਸੀ ਕੈਂਪ ਝੁੱਗੀ ਬਸਤੀ ਨੂੰ ਢਾਹੁਣ ਅਤੇ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਇਸੇ ਤਰ੍ਹਾਂ ਦੀਆਂ ਮੁਹਿੰਮਾਂ ਦੀ ਆਲੋਚਨਾ ਕਰਨ ਦੇ ਵਿਚਕਾਰ ਆਇਆ।
ਮੁੱਖ ਮੰਤਰੀ ਰੇਖਾ ਗੁਪਤਾ ਹੈਦਰਪੁਰ ਖੇਤਰ ਵਿੱਚ ਇੱਕ ਝੁੱਗੀ-ਝੌਪੜੀ ਵਿੱਚ ਜਨ ਸੇਵਾ ਕੈਂਪ ਦੇ ਨਿਰਮਾਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ, ‘‘ਪਿਛਲੇ ਕੁਝ ਦਿਨਾਂ ਵਿੱਚ ਅਧਿਕਾਰੀਆਂ ਵੱਲੋਂ ਲਗਪਗ ਚਾਰ ਵਾਰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ, ਜਿਵੇਂ ਕਿ ਮਦਰਾਸੀ ਕੈਂਪ ਵਿੱਚ, ਜਿੱਥੇ ਅਦਾਲਤ ਨੇ ਬਾਰਾਪੁਲਾ ਨਾਲੇ ਦੇ ਨੇੜੇ ਕਬਜ਼ਾ ਹਟਾਉਣ ਦਾ ਆਦੇਸ਼ ਦਿੱਤਾ ਸੀ।’’ ਉਨ੍ਹਾਂ ਕਿਹਾ ਕਿ ਬਾਰਾਪੁਲਾ ਨਾਲੇ ਦੇ ਨੇੜੇ ਕੀਤੇ ਗਏ ਕਬਜ਼ੇ ਕਾਰਨ ਇਸ ਦੀ ਚੌੜਾਈ ਘੱਟ ਗਈ ਹੈ, ਜਿਸ ਕਾਰਨ ਨੇੜਲੇ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਗਾਰ ਹਟਾਉਣ ਲਈ ਜ਼ਰੂਰੀ ਸੀ। ਜੇਕਰ ਅਦਾਲਤ ਨੇ ਝੁੱਗੀਆਂ-ਝੌਂਪੜੀਆਂ ਲਈ ਕੁਝ ਹੁਕਮ ਦਿੱਤਾ ਹੈ ਤਾਂ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਕੁਝ ਕਰ ਸਕਦਾ ਹੈ। ਕੋਈ ਵੀ ਅਦਾਲਤ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਉਸ ਕੈਂਪ ਦੇ ਵਸਨੀਕਾਂ ਨੂੰ ਘਰ ਅਲਾਟ ਕੀਤੇ ਗਏ ਹਨ।
‘ਆਪ’ ਆਗੂਆਂ ਨੇ ਦਿੱਲੀ ਸਰਕਾਰ ਘੇਰੀ
ਮਦਰਾਸੀ ਕੈਂਪ ਢਾਹੁਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਆਤਿਸ਼ੀ ਅਤੇ ਸੌਰਭ ਭਾਰਤਵਾਜ ਨੇ ਦਿੱਲੀ ਸਰਕਾਰ ਨੂੰ ਘੇਰਿਆ ਹੈ। ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਰੇਖਾ ਗੁਪਤਾ ਨੂੰ ਸਵਾਲ ਕੀਤਾ ਕਿ ਕੀ ਕੋਰਟ ਨੇ ਇਹ ਵੀ ਕਿਹਾ ਸੀ ਕਿ ਭਾਜਪਾ ਆਪਣਾ ‘ਜਿੱਥੇ ਝੁੱਗੀ ਉੱਥੇ ਮਕਾਨ’ ਦਾ ਵਾਅਦਾ ਪੂਰਾ ਨਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਝੁੱਗੀ ਝੌਪੜੀਆਂ ਤੋੜਨੀਆਂ ਹੀ ਸੀ ਤਾਂ ਨੇੜੇ ਦੇ ਇਲਾਕੇ ਵਿੱਚ ਪ੍ਰਭਾਵਿਤ ਲੋਕਾਂ ਨੂੰ ਘਰ ਕਿਉਂ ਨਹੀਂ ਦਿੱਤੇ ਅਤੇ ਮਦਰਾਸੀ ਕੈਂਪ ਦੇ ਬਹੁਤੇ ਲੋਕਾਂ ਨੂੰ ਮਕਾਨ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਜਿਨਾਂ ਨੂੰ ਮਕਾਨ ਮਿਲੇ ਵੀ ਉਹ ਵੀ ਉਥੋਂ 40 ਕਿਲੋਮੀਟਰ ਦੂਰ ਨਰੇਲਾ ਵਿੱਚ ਮਿਲੇ ਜੋ ਟੁੱਟੇ ਫੁੱਟੇ ਹਨ, ਉੱਥੇ ਸੜਕਾਂ ਨਹੀਂ, ਕੰਮ ਨਹੀਂ, ਸਕੂਲ ਜਾਂ ਹਸਪਤਾਲ ਨਹੀਂ। ਸੌਰਭ ਭਾਰਦਵਾਜ ਨੇ ਕਿਹਾ ਕਿ ਝੁੱਗੀ ਵਾਲਿਆਂ ਦੇ ਹੱਕਾਂ ਲਈ ਪਾਰਟੀ ਸੜਕ ਤੋਂ ਲੈ ਕੇ ਸਦਨ ਤੱਕ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿੱਥੇ ਝੁੱਗੀ ਉੱਥੇ ਮਕਾਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਂਦੇ ਹੀ ਬੁਲਡੋਜ਼ਰ ਚਲਾ ਕੇ ਗਰੀਬਾਂ ਨੂੰ ਬੇਘਰ ਕਰ ਦਿੱਤਾ। ਅੱਜ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਝੁੱਗੀ ਵਾਲਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਮਝਿਆ ਅਤੇ ਦਾਅਵਾ ਕੀਤਾ ਕਿ ‘ਆਪ’ ਉਨ੍ਹਾਂ ਨਾਲ ਖੜ੍ਹੀ ਹੈ।ਸ਼ਿਆਮ ਕਲੋਨੀ ਵਿੱਚ ਲੋਕਾਂ ਨੂੰ ਮਕਾਨ ਖਾਲੀ ਕਰਨ ਦੇ ਨੋਟਿਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਬਾਹਰੀ ਦਿੱਲੀ ਵਿੱਚ ਡੀਡੀਏ (ਦਿੱਲੀ ਵਿਕਾਸ ਅਥਾਰਟੀ) ਨੇ ਕਾਦੀਪੁਰ ਪਿੰਡ ਦੀ ਸ੍ਰੀ ਸ਼ਿਆਮ ਕਲੋਨੀ ਵਿੱਚ ਸੌ ਤੋਂ ਵੱਧ ਘਰ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਡੀਡੀਏ ਨੇ ਚਿਤਾਵਨੀ ਦਿੱਤੀ ਹੈ ਕਿ 15 ਦਿਨਾਂ ਵਿੱਚ ਘਰ ਖਾਲੀ ਨਾ ਕਰਨ ਵਾਲਿਆਂ ਦੇ ਘਰਾਂ ਦੇ ਤਾਲੇ ਤੋੜ ਦਿੱਤੇ ਜਾਣਗੇ ਅਤੇ ਉਸਾਰੀ ਢਾਹ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੋਕ ਛੇ ਸੱਤ ਸਾਲਾਂ ਤੋਂ ਇੱਥੇ ਰਹਿ ਰਹੇ ਹਨ।