For the best experience, open
https://m.punjabitribuneonline.com
on your mobile browser.
Advertisement

ਮਜੀਠੀਆ ਨੂੰ ਅੱਜ ਮੁੜ ਮੁਹਾਲੀ ਅਦਾਲਤ ’ਚ ਪੇਸ਼ ਕਰੇਗੀ ਵਿਜੀਲੈਂਸ

04:58 AM Jul 06, 2025 IST
ਮਜੀਠੀਆ ਨੂੰ ਅੱਜ ਮੁੜ ਮੁਹਾਲੀ ਅਦਾਲਤ ’ਚ ਪੇਸ਼ ਕਰੇਗੀ ਵਿਜੀਲੈਂਸ
Advertisement

ਐੱਸਏਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਰਿਮਾਂਡ ਉੱਤੇ ਚੱਲ ਰਹੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਚਾਰ ਰੋਜ਼ਾ ਰਿਮਾਂਡ ਖ਼ਤਮ ਹੋਣ ਮਗਰੋਂ ਭਲਕੇ 6 ਜੁਲਾਈ ਨੂੰ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਤੀਜੀ ਵਾਰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਤਵਾਰ ਦੀ ਛੁੱਟੀ ਹੋਣ ਕਾਰਨ ਡਿਊਟੀ ਮੈਜਿਸਟਰੇਟ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਵੱਲੋਂ ਮਜੀਠੀਆ ਦੀ ਇਸ ਅਦਾਲਤੀ ਪੇਸ਼ੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਕੇ ਮੁਹਾਲੀ ਲਿਆਂਦਾ ਗਿਆ ਸੀ ਅਤੇ 26 ਜੂਨ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਸੱਤ ਰੋਜ਼ਾ ਵਿਜੀਲੈਂਸ ਰਿਮਾਂਡ ਲਿਆ ਗਿਆ ਸੀ। ਮਜੀਠੀਆ ਨੂੰ 2 ਜੁਲਾਈ ਨੂੰ ਦੂਜੀ ਵਾਰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਰੋਜ਼ਾ ਰਿਮਾਂਡ ਹਾਸਲ ਕੀਤਾ ਗਿਆ ਸੀ। ਜਾਂਚ ਏਜੰਸੀ ਵੱਲੋਂ ਅਕਾਲੀ ਆਗੂ ਨੂੰ ਗੋਰਖਪੁਰ (ਯੂਪੀ) ਦੀ ਸਰਾਇਆ ਇੰਡਸਟਰੀ ਵਿੱਚ ਲੈ ਕੇ ਜਾਣ, ਸ਼ਿਮਲਾ ਦੇ ਮਸ਼ੋਬਰਾ ਵਿੱਚ 420 ਹੈਕਟੇਅਰ ਜ਼ਮੀਨ ਦੀ ਮਲਕੀਅਤ ਸਬੰਧੀ ਜਾਂਚ ਕਰਨ, ਸੈਨਿਕ ਫਾਰਮ ਦਿੱਲੀ ਦੀ ਵੇਚ-ਖਰੀਦ ਬਾਰੇ ਪੁੱਛ-ਪੜਤਾਲ ਕਰਨ ਅਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਜਲੰਧਰ ਦੀ ਇੱਕ ਕਲੋਨੀ ਵਿੱਚ 25 ਫ਼ੀਸਦ ਹਿੱਸੇਦਾਰੀ ਵਿੱਚ ਖਰਚੀ ਗਈ ਰਾਸ਼ੀ ਦੀ ਜਾਂਚ ਕਰਨ ਲਈ ਰਿਮਾਂਡ ਲਿਆ ਗਿਆ ਸੀ।
ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਮਜੀਠੀਆ ਦਾ ਰਿਮਾਂਡ ਹੋਰ ਵਧਾਉਣ ਲਈ ਅਦਾਲਤ ਵਿੱਚ ਚਾਰਾਜੋਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਮਜੀਠਾ ਵਿੱਚ ਵੀ ਲਿਜਾਂਦਾ ਗਿਆ ਸੀ। ਵਿਜੀਲੈਂਸ ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਣ ਸਿੰਘ, ਡਰੱਗ ਮਾਮਲੇ ਵਿੱਚ ਸ਼ਾਮਲ ਰਹੇ ਬਿੱਟੂ ਔਲਖ, ਜਗਜੀਤ ਚਹਿਲ ਅਤੇ ਮਜੀਠੀਆ ਦੇ ਪੀਏ ਰਹਿ ਚੁੱਕੇ ਤਲਵੀਰ ਗਿੱਲ ਦੇ ਅੰਮ੍ਰਿਤਸਰ ਵਿੱਚ ਬਿਆਨ ਲਏ ਜਾ ਚੁੱਕੇ ਹਨ। ਮਜੀਠੀਆ ਦੀ 2 ਜੁਲਾਈ ਦੀ ਪੇਸ਼ੀ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੁਹਾਲੀ ਪਹੁੰਚੀ ਸੀ, ਜਿਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈਣ ਮਗਰੋਂ ਛੱਡ ਦਿੱਤਾ ਸੀ।

Advertisement

Advertisement
Advertisement
Advertisement
Author Image

Advertisement