ਮਜ਼ਬੂਤ ਇਰਾਦੇ ਦਿਖਾਓ ਤੇ ‘ਐਂਗਲ’ ਦਾ ਸਹੀ ਅੰਦਾਜ਼ਾ ਲਗਾਓ: ਰਹਾਣੇ

ਅਜਿੰਕਿਆ ਰਹਾਣੇ

ਕ੍ਰਾਈਸਟਚਰਚ, 27 ਫਰਵਰੀ
ਅਜਿੰਕਿਆ ਰਹਾਣੇ ਚਾਹੁੰਦਾ ਹੈ ਕਿ ਉਸ ਦੇ ਬੱਲੇਬਾਜ਼ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ’ਚ ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਇਰਾਦਿਆਂ ਨਾਲ ਮੁਕਾਬਲਾ ਕਰਨ ਤੇ ਇਕ ਵਿਸ਼ੇਸ਼ ‘ਐਂਗਲ’ ਤੋਂ ਕੀਤੀ ਗਈ ਸ਼ਾਰਟ ਪਿੱਚ ਗੇਂਦਾਂ ਨੂੰ ਸਮਝਣ ਜੋ ਵੈਲਿੰਗਟਨ ’ਚ ਪਹਿਲੇ ਟੈਸਟ ਮੈਚ ਵਿੱਚ ਉਨ੍ਹਾਂ ਲਈ ਮਾੜਾ ਸੁਫ਼ਨਾ ਬਣ ਗਈ ਸੀ। ਰਹਾਣੇ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ ਸਭ ਤੋਂ ਵੱਧ 46 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਹੇਗਲੇਅ ਓਵਲ ਦੀ ਪਿੱਚ ’ਤੇ ਘਾਹ ਹੋਣ ਦੇ ਬਾਵਜੂਦ ਉਨ੍ਹਾਂ ਦੀ ਟੀਮ ਵਾਪਸੀ ਕਰੇਗੀ।
ਰਹਾਣੇ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਸਾਨੂੰ ਜ਼ਿਆਦਾ ਹਮਲਾਵਰ ਹੋਣਾ ਚਾਹੀਦਾ ਹੈ ਪਰ ਮਜ਼ਬੂਤ ਇਰਾਦੇ ਤੇ ਸਪੱਸ਼ਟ ਮਾਨਸਿਕਤਾ ਨਾਲ ਸਾਨੂੰ ਮੱਦਦ ਮਿਲੇਗੀ।’’ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟਰੈਂਟ ਬੋਲਟ, ਟਿਮ ਸਾਊਦੀ ਤੇ ਕਾਈਲ ਜੈਮੀਸਨ ਨੇ ਵੈਲਿੰਗਟਨ ’ਚ ਕਰੀਜ਼ ਦੇ ਬਾਹਰੀ ਪਾਸੇ ਤੋਂ ਇਕ ਵਿਸ਼ੇਸ਼ ‘ਐਂਗਲ’ ਦੇ ਰਨਰਅੱਪ ਤੋਂ ਸ਼ਾਰਟ ਪਿੱਚ ਗੇਂਦਾਂ ਕੀਤੀਆਂ ਸਨ ਜਿਸ ਨੂੰ ਭਾਰਤੀ ਬੱਲੇਬਾਜ਼ ਨਹੀਂ ਸਮਝ ਸਕੇ ਸਨ। ਰਹਾਣੇ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਵੈਲਿੰਗਟਨ ’ਚ ਉਨ੍ਹਾਂ ਨੇ ਉਸ ‘ਐਂਗਲ’ ਦਾ ਬਹੁਤ ਵਧੀਆ ਇਸਤੇਮਾਲ ਕੀਤਾ। ਉਨ੍ਹਾਂ ਨੇ ਕਰੀਜ਼ ਦੇ ਬਾਹਰੀ ਪਾਸੇ ਤੋਂ ਜਾਂ ਵਿੱਚ ਤੋਂ ਗੇਂਦਬਾਜ਼ੀ ਕੀਤੀ। ਸ਼ਾਰਟ ਪਿੱਚ ਗੇਂਦ ਕਰਦੇ ਸਮੇਂ ਉਹ ਆਪਣਾ ‘ਐਂਗਲ’ ਬਦਲ ਰਹੇ ਸਨ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀ ਰਣਨੀਤੀ ਸਪੱਸ਼ਟ ਸੀ।’’
ਭਾਰਤੀ ਉਪ ਕਪਤਾਨ ਨੇ ਕਿਹਾ, ‘‘ਇਕ ਬੱਲੇਬਾਜ਼ ਦੇ ਰੂਪ ’ਚ ਜੇਕਰ ਤੁਸੀਂ ਕਿਸੇ ਖ਼ਾਸ ਸ਼ਾਟ ਬਾਰੇ ਸੋਚਦੇ ਤਾਂ ਤੁਹਾਨੂੰ ਖ਼ੁਦ ’ਤੇ ਭਰੋਸਾ ਰੱਖ ਕੇ ਉਹ ਸ਼ਾਟ ਖੇਡਣਾ ਚਾਹੀਦਾ ਹੈ। ਤੁਸੀਂ ਖ਼ੁਦ ’ਤੇ ਸ਼ੱਕ ਨਹੀਂ ਕਰ ਸਕਦੇ। ਵੈਲਿੰਗਟਨ ’ਚ ਜੋ ਕੁਝ ਹੋਇਆ ਸਾਨੂੰ ਉਸ ਨੂੰ ਭੁੱਲਣ ਦੀ ਲੋੜ ਹੈ।’’ ਰਹਾਣੇ ਮੁਤਾਬਕ ਭਾਰਤੀ ਬੱਲੇਬਾਜ਼ ਇੱਥੇ ਦੋਵੇਂ ਅਭਿਆਸ ਸੈਸ਼ਨਾਂ ’ਚ ਉਸ ਕੋਣ ਤੋਂ ਕੀਤੀ ਗਈ ਗੇਂਦਬਾਜ਼ੀ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਦਾ ਇਸਤੇਮਾਲ ਨੀਲ ਵੈਗਨਰ ਤੇ ਉਸ ਦੇ ਸਾਥੀ ਕਰ ਸਕਦੇ ਹਨ।
ਉਸ ਨੇ ਕਿਹਾ, ‘‘ਮੈਂ ਇਹੀ ਕਹਿੰਦਾ ਹਾਂ ਕਿ ਕੋਸ਼ਿਸ਼ ਕਰੋ ਤੇ ਇਕ ਟੀਮ ਦੇ ਰੂਪ ਵਿੱਚ ਅਸੀਂ ਜੋ ਗਲਤੀਆਂ ਕੀਤੀਆਂ ਉਨ੍ਹਾਂ ਤੋਂ ਸਬਕ ਲਓ। ਸਾਨੂੰ ਉਸ ਕੋਣ ਤੋਂ ਕੀਤੀਆਂ ਗਈਆਂ ਗੇਂਦਾਂ ਦਾ ਅਭਿਆਸ ਕਰਨਾ ਹੋਵੇਗਾ। ਅਸੀਂ ਅਭਿਆਸ ਸੈਸ਼ਨ ’ਚ ਹਿੱਸਾ ਲਵਾਂਗੇ। ਤੁਹਾਨੂੰ ਉਸ ਦਾ ਅਭਿਆਸ ਕਰਨਾ ਹੋਵੇਗਾ ਅਤੇ ਕਰੀਜ਼ ’ਤੇ ਆਪਣੀ ਸਮਰੱਥਾ ’ਤੇ ਭਰੋਸਾ ਦਿਖਾਉਣਾ ਹੋਵੇਗਾ।’’ 81 ਗੇਂਦਾਂ ’ਤੇ 11 ਦੌੜਾਂ ਬਣਾਉਣ ਸਬੰਧੀ ਚੇਤੇਸ਼ਵਰ ਪੁਜਾਰਾ ਦੀ ਹੋ ਰਹੀ ਆਲੋਚਨਾ ਸਬੰਧੀ ਉਸ ਨੇ ਕਿਹਾ ਪੁਜਾਰਾ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਸੀ। ਉਹ ਅਸਲ ’ਚ ਦੌੜਾਂ ਬਣਾਉਣ ’ਤੇ ਧਿਆਨ ਦੇ ਰਿਹਾ ਸੀ ਪਰ ਬੋਲਟ, ਸਾਊਦੀ ਤੇ ਹੋਰ ਗੇਂਦਬਾਜ਼ਾਂ ਨੇ ਜ਼ਿਆਦਾ ਮੌਕੇ ਨਹੀਂ ਦਿੱਤੇ। ਇਹ ਸਾਰੇ ਬੱਲੇਬਾਜ਼ਾਂ ਨਾਲ ਹੁੰਦਾ ਹੈ।’’

-ਪੀਟੀਆਈ