ਮਜ਼ਦੂਰ ਮੁਕਤੀ ਮੋਰਚਾ ਵੱਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ
ਪੱਤਰ ਪ੍ਰੇਰਕ
ਮਾਨਸਾ, 11 ਮਾਰਚ
ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਦੇ ਕੌਮੀ ਪ੍ਰਧਾਨ ਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ’ਤੇ ਯੂਪੀ ਵਿੱਚ ਹੋਏ ਹਮਲੇ ਸਮੇਤ ਦੇਸ਼ ’ਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਪਾਰਟੀ ਦੇ ਕੌਮੀ ਸੱਦੇ ਤਹਿਤ ਅੱਜ ਆਜ਼ਾਦ ਸਮਾਜ ਪਾਰਟੀ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ, ਭੀਮ ਆਰਮੀ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਦੇਸ਼ ਦੇ ਨਾਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਦਲਿਤਾਂ, ਘੱਟ ਗਿਣਤੀਆਂ ’ਤੇ ਅੱਤਿਆਚਾਰਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ 21ਵੀਂ ਸਦੀ ਦੇ ਆਧੁਨਿਕ ਯੁੱਗ ਵਿਚ ਵੀ ਮੰਨੂਵਾਦੀ ਸੋਚ ਦੇ ਜਾਤੀਵਾਦੀ ਜੰਗੀਰਦਾਰ ਦਲਿਤਾਂ, ਪਛੜਿਆ ਨੂੰ ਆਪਣੇ ਘਰਾਂ ਵਿੱਚ ਵਿਆਹਾਂ ਖੁਸ਼ੀਆਂ ਦੇ ਸਮੇਂ ਘੜੀ ’ਤੇ ਚੜ੍ਹਨ ਅਤੇ ਜਾਗੋ ਕੱਢਣੀ ਗੁਨਾਹ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਸਹਿਯੋਗੀ ਦਲਾਂ ਦੀਆਂ ਸੂਬਾ ਸਰਕਾਰਾਂ ਦੇਸ਼ ਭਰ ਵਿਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਲਿਤ ਵਿਰੋਧੀ ਤਾਕਤਾਂ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਪ੍ਰਦੀਪ ਗੁਰੂ, ਬਿੰਦਰ ਸਿੰਘ ਬਹਾਦਰਪੁਰ, ਜਰਨੈਲ ਸਿੰਘ ਮਾਨਸਾ ਤੇ ਜੀਵਨ ਸਿੰਘ ਮੌਜੂਦ ਸਨ।