ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਮੀਟਿੰਗ ਮਜ਼ਦੂਰ ਲਾਇਬ੍ਰੇਰੀ, ਈਡਬਲਿਊਐਸ ਕਲੋਨੀ ਵਿੱਖੇ ਹੋਈ ਜਿਸ ਵਿੱਚ ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ।
ਅੱਜ ਇੱਥੇ ਹੋਈ ਮੀਟਿੰਗ ਦੌਰਾਨ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੀ ਆਗੂ ਰਵਿੰਦਰ ਕੌਰ ਤੋਂ ਇਲਾਵਾ ਦਿਲਜੋਤ, ਵਿਸ਼ਵਨਾਥ, ਹਿਨਾ, ਟੀਨਾ, ਮੌਸਮ ਤੇ ਦਿਸ਼ਾ ਵੀ ਸ਼ਾਮਲ ਹੋਏ।
ਮੀਟਿੰਗ ਉਪਰੰਤ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਨੇ ਦੱਸਿਆ ਕਿ ਕਾਨਫਰੰਸ ਵਿੱਚ ਦੇਸ਼-ਦੁਨੀਆਂ ਦੀਆਂ ਮੌਜੂਦਾ ਹਾਲਤਾਂ ਬਾਰੇ ਗੱਲ ਕਰਦੇ ਹੋਏ ਮਜ਼ਦੂਰ ਜਮਾਤ ਨੂੰ ਦਰਪੇਸ਼ ਚੁਣੌਤੀਆਂ ਅਤੇ ਕਾਰਜਾਂ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਕੇ ਸੰਸਾਰ ਦੇ ਕੋਨੇ-ਕੋਨੇ ਵਿੱਚ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਜਦੂਰ ਜਮਾਤ ਦੀ ਸਰਮਾਏਦਾਰ ਜਮਾਤ ਹੱਥੋਂ ਗੁਲਾਮੀ ਤੋਂ ਮੁਕਤੀ ਦਾ ਸੰਘਰਸ਼ ਅੱਗੇ ਵਧਾਉਣ ਦੇ ਸੰਕਲਪ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੌਰਾਨ ਇਨਕਲਾਬੀ-ਨਾਟਕ ਗੀਤਾਂ ਦਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਮਈ ਦਿਹਾੜੇ ਦਾ ਇਨਕਲਾਬੀ ਸੁਨੇਹਾ ਅਤੇ ਮਈ ਦਿਨ ਕਾਨਫਰੰਸ ਦਾ ਸੱਦਾ ਮਜਦੂਰਾਂ-ਕਿਰਤੀਆਂ ਤੱਕ ਪਹੁੰਚਾਉਣ ਲਈ ਜਥੇਬੰਦੀਆ ਵੱਲੋਂ ਦੋ ਹਫ਼ਤੇ ਸੰਘਣੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।