ਮਜ਼ਦੂਰਾਂ ਨੂੰ ਹਫ਼ਤੇ ’ਚ ਪਲਾਟ ਤੇ ਗਰਾਂਟ ਦੇਣ ਦਾ ਭਰੋਸਾ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਫਰਵਰੀ
ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੇ ਸੰਘਰਸ਼ ਉਪਰੰਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਵਫ਼ਦ ਨਾਲ ਮੀਟਿੰਗ ਕਰਕੇ ਕਈ ਮੰਗਾਂ ਦਾ ਮੌਕੇ ’ਤੇ ਹੀ ਸਮਾਂਬੱਧ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ (ਜਰਨਲ) ਗੁਰਪ੍ਰੀਤ ਸਿੰਘ ਥਿੰਦ, ਡੀਡੀਪੀਓ ਗੁਰਦਰਸ਼ਨ ਸਿੰਘ ਕੁੰਡਲ, ਸੁਸਾਇਟੀਆਂ ਦੇ ਅਧਿਕਾਰੀ, ਨਰੇਗਾ ਜ਼ਿਲ੍ਹਾ ਕੋਆਰਡੀਨੇਟਰ ਹਰਪ੍ਰੀਤ ਸ਼ਰਮਾ, ਬਲਾਕਾਂ ਦੇ ਬੀਡੀਪੀਓ ਸ਼ਾਮਲ ਹੋਏ। ਉਧਰ ਮਜ਼ਦੂਰਾਂ ਆਗੂਆਂ ਦੇ ਵਫ਼ਦ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਬਾਜ ਸਿੰਘ ਭੁੱਟੀ ਵਾਲਾ, ਰਾਜਾ ਸਿੰਘ ਅਤੇ ਕਾਲਾ ਸਿੰਘ ਖੂਨਨ ਖੁਰਦ, ਕਾਕਾ ਸਿੰਘ ਖੁੰਡੇ ਹਲਾਲ ਆਦਿ ਸ਼ਾਮਲ ਸਨ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿੰਡ ਫਤੂਹੀ ਵਾਲਾ ਵਿੱਚ ਪੰਜ ਮਰਲੇ ਦੀ ਥਾਂ ਤਿੰਨ-ਤਿੰਨ ਮਰਲੇ ਦੇ ਪਲਾਟ ਦਿੱਤੇ ਗਏ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਿਨ੍ਹਾਂ ਵਿਅਕਤੀਆਂ ਦਾ ਅੱਜ ਤੋਂ ਕਰੀਬ ਛੇ ਸਾਲ ਪਹਿਲਾਂ ਸਰਵੇ ਹੋਇਆ ਸੀ ਉਨ੍ਹਾਂ ਦੇ ਮਕਾਨ ਦੀ ਖਸਤਾ ਹਾਲਤ ਹੋਣ ਕਰਕੇ ਆਪ ਮਕਾਨ ਬਣਾ ਲਏ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਯੋਗ ਕਰਾਰ ਦੇ ਕੇ ਗਰਾਂਟ ਦੇਣ ਤੋਂ ਨਾ ਕੀਤੀ ਜਾ ਰਹੀ ਹੈ। ਇਸ ਸਬੰਧੀ ਏਡੀਸੀ ਨੇ ਕਿਹਾ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸਾਰੇ ਬਿਨੈਕਾਰਾਂ ਨੂੰ ਸਹੀ ਪਲਾਟ ਦੇ ਦਿੱਤੇ ਜਾਣਗੇ ਅਤੇ ਜਿਹੜੇ ਬਿਨੈਕਾਰਾਂ ਨੇ ਮਕਾਨ ਪਾਏ ਹਨ, ਉਨ੍ਹਾਂ ਨੂੰ ਗਰਾਂਟਾਂ ਦੇ ਪੈਸੇ ਦਿੱਤੇ ਜਾਣਗੇ, ਕਿਸੇ ਦੇ ਮਕਾਨ ਦੀ ਗਰਾਂਟ ਨਹੀਂ ਕੱਟੀ ਜਾਊਗੀ। ਇਸੇ ਤਰ੍ਹਾਂ ਮਨਰੇਗਾ ਵਿੱਚ ਫਸਟ ਲੋਕੇਸ਼ਨ ਵਾਲੀ ਸ਼ਰਤ ਕੱਟ ਕਰਕੇ ਕੰਮ ਵਾਲੀ ਥਾਂ ਤੇ ਹਾਜ਼ਰੀ ਲਾਉਣ ਬਾਰੇ ਵੀ ਡਿਪਟੀ ਕਮਿਸ਼ਨਰ ਵੱਲੋਂ ਕੱਲ੍ਹ ਤੋਂ ਹੀ ਕਾਰਵਾਈ ਸ਼ੁਰੂ ਕਰਨ ਦੀਆਂ ਹਦਾਇਤਾਂ ਕੀਤੀਆਂ। ਜ਼ਿਲ੍ਹੇ ਦੀਆਂ 13 ਸੁਸਾਇਟੀਆਂ ਘਾਟੇ ’ਚ ਨਾ ਹੋਣ ਕਾਰਨ ਉਨ੍ਹਾਂ ਸੁਸਾਇਟੀਆਂ ਵਿੱਚ ਮਜ਼ਦੂਰਾਂ ਨੂੰ ਮੈਂਬਰ ਬਣਾ ਕੇ ਕਰਜ਼ੇ ਦੇਣ ਦੀ ਗੱਲ ਕਹੀ ਗਈ, ਪ੍ਰਧਾਨ ਮੰਤਰੀ ਯੋਜਨਾ ਤਹਿਤ ਵਾਲੇ ਮਕਾਨਾਂ ਤੇ ਗਰਾਂਟ ਦੇ ਨਾਲ ਮਜ਼ਦੂਰਾਂ ਨੂੰ ਲੇਬਰ ਦੀਆਂ ਮਨਰੇਗਾ ਦੀਆਂ ਦਿਹਾੜੀਆਂ ਪੈਸੇ ਜਲਦੀ ਪਾਉਣ ਬਾਰੇ ਵੀ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ । ਜਲ ਸਪਲਾਈ ਵਿਭਾਗ ਵੱਲੋਂ ਮਜ਼ਦੂਰ ਘਰਾਂ ਚ ਬਣਨ ਵਾਲੇ ਪਖਾਨਿਆਂ ਦੇ ਰਹਿੰਦੇ ਪੈਸਿਆਂ ਬਾਰੇ ਲਿਸਟਾਂ ਬਣਾ ਕੇ ਤੁਰੰਤ ਪੈਸੇ ਪਾਉਣ ਬਾਰੇ ਵੀ ਕਿਹਾ ਗਿਆ। ਮੀਟੰਗ ਉਪਰੰਤ ਮਜ਼ਦੂਰ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਕੀਤੇ ਵਾਅਦੇ ਪੂਰੇ ਹੋਣ ਮਗਰੋਂ ਰਹਿੰਦੀਆਂ ਮੰਗਾਂ ਜਿੰਨ੍ਹਾਂ ਵਿੱਚ ਪੁੱਟੇ ਮੀਟਰ ਵਾਪਸ ਲਾਉਣ, ਰਹਿੰਦੇ ਨੀਲੇ ਕਾਰਡ ਬਣਾਉਣ, ਕੱਟੇ ਕਾਰਡ ਬਹਾਲ ਕਰਾਉਣ, ਬੇਘਰੇ ਤੇ ਲੋੜਵੰਦ ਮਜ਼ਦੂਰਾਂ ਪਰਿਵਾਰਾਂ ਲਈ ਆਮ ਇਜਲਾਸ ਕਰਾਉਣ, ਮਜ਼ਦੂਰਾਂ ਲਈ ਰਾਖਵੇਂ ਆਪਣੀ ਪੰਚਾਇਤੀ ਜ਼ਮੀਨਾਂ ਮਜ਼ਦੂਰਾਂ ਨੂੰ ਸਸਤੇ ਭਾਅ ਦੇਣ ਮੰਗਾਂ ਆਦਿ ਲਈ ਸੰਘਰਸ਼ ਕੀਤਾ ਜਾਵੇਗਾ।