ਮਜ਼ਦੂਰਾਂ ਦੀ ਘਾਟ ਕਾਰਨ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ
ਸੁਭਾਸ਼ ਚੰਦਰ
ਸਮਾਣਾ, 15 ਅਪਰੈਲ
ਸਮਾਣਾ ਦੀਆਂ ਦਾਣਾ ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ ਹੋਣ ਮਗਰੋਂ ਮਜ਼ਦੂਰਾਂ ਦੀ ਘਾਟ ਕਾਰਨ ਕਣਕ ਦੀ ਸਫਾਈ, ਤੁਲਾਈ ਤੇ ਲੋਡਿੰਗ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ’ਚ ਮਜ਼ਦੂਰਾਂ ਦੀ ਘਾਟ ਕਾਰਨ ਕਣਕ ਦੇ ਢੇਰ ਹੀ ਢੇਰ ਨਜ਼ਰ ਆ ਰਹੇ ਹਨ।
ਅਨਾਜ ਮੰਡੀ ’ਚ ਵੱਖ-ਵੱਖ ਪਿੰਡਾਂ ਤੋਂ ਕਣਕ ਵੇਚਣ ਆਏ ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਆਮਦ ਜ਼ੋਰਾ ’ਤੇ ਹੈ, ਸਰਕਾਰ ਵੱਲੋਂ ਪੂਰੇ ਪ੍ਰਬੰਧ ਹੋਣ ਦੇ ਬਾਵਜੂਦ ਮਜ਼ਦੂਰਾਂ ਦੀ ਘਾਟ ਕਾਰਨ ਕਣਕ ਦੀ ਭਰਾਈ ਨਹੀਂ ਹੋ ਰਹੀ। ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਪਹਿਲਾਂ ਨਾਲੋਂ ਤੀਜਾ ਹਿੱਸਾ ਹੀ ਆਏ ਹਨ। ਉਹ ਹੁਣ ਕਈ-ਕਈ ਦੁਕਾਨਾਂ ਦੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਆਪਣਾ ਕੰਮ ਚਲਾ ਰਹੇ ਹਨ ਪਰ ਅਜਿਹਾ ਕਰਨ ਨਾਲ ਵੀ ਮੰਡੀ ਵਿੱਚ ਕਣਕ ਦੀ ਭਰਾਈ ਦਾ ਕੰਮ ਲਟਕ ਰਿਹਾ ਹੈ। ਇਸ ਕਰਕੇ ਦਾਣਾ ਮੰਡੀਆਂ ’ਚ ਕਣਕ ਸੁੱਟਣ ਲਈ ਵੀ ਥਾਂ ਦੀ ਘਾਟ ਹੋ ਸਕਦੀ ਹੈ।
ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਅਸਰਪੁਰ ਨੇ ਦੱਸਿਆ ਕਿ ਮਜ਼ਦੂਰਾਂ ਦੀ ਮਜ਼ਦੂਰੀ ਦੇ ਰੇਟ ਪਿਛਲੇ ਕਈ ਸਾਲਾਂ ਤੋਂ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਅਨੁਸਾਰ ਨਹੀਂ ਵਧਾਏ ਜਿਸ ਕਾਰਨ ਪਰਵਾਸੀ ਮਜ਼ਦੂਰ ਨਹੀਂ ਆ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਲੱਖ ਥੈਲੇ ਦੇ ਕਰੀਬ ਮੰਡੀ ਵਿੱਚ ਕਣਕ ਭਰਾਈ ਲਈ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਜ਼ਦੂਰੀ ਦੇ ਰੇਟਾ ’ਚ ਵਾਧਾ ਕਰੇ।