ਭੱਪਲ ਤੇ ਉਗਾਣੀ ਦੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਮਈ
ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਸਿੱਖਿਆ ਕੋਆਰਡੀਨੇਟਰ ਤੇ ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੈ ਮੈਨਰੋ ਵੱਲੋਂ ਪਿੰਡ ਭੱਪਲ ਅਤੇ ਉਗਾਣੀ ਦੇ ਸਕੂਲਾਂ ਵਿੱਚ ਲਗਪਗ 38 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਪਲ ਵਿੱਚ 18 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਅਤੇ ਸਰਕਾਰੀ ਹਾਈ ਸਕੂਲ ਉਗਾਣੀ ਵਿੱਚ 19 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ, ਫ਼ਰਨੀਚਰ, ਚਾਰਦੀਵਾਰੀ ਅਤੇ ਵਿਦਿਆਰਥੀਆਂ ਲਈ ਹੋਰ ਆਧੁਨਿਕ ਸਹੂਲਤਾਂ ਵਾਲੇ ਕਾਰਜਾਂ ਦੀ ਸ਼ੁਰੂਆਤ ਅਤੇ ਉਦਘਾਟਨ ਕੀਤਾ ਗਿਆ। ਵਿਜੇ ਮੈਨਰੋ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਉੱਚ ਦਰਜੇ ਤੇ ਲਿਆਉਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਜਾ ਰਹੇ ਹਨ। ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਜੇ ਮੈਨਰੋ ਨੇ ਸਨਮਾਨਿਤ ਕੀਤਾ। ਇਸ ਮੌਕੇ ਸਥਾਨਕ ਪੰਚਾਇਤ ਮੈਂਬਰਾਂ, ਸਕੂਲ ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਹਲਕਾ ਸਿੱਖਿਆ ਕੋਆਰਡੀਨੇਟਰ ਵਿਭਾਗ, ਪ੍ਰਿੰਸੀਪਲ ਸੁਮਨ ਬੱਗਾ, ਜਗਦੀਪ ਸਿੰਘ ਅਲੂਣਾ ਬਲਾਕ ਪ੍ਰਧਾਨ, ਦਿਨੇਸ਼ ਪੁਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਹਿਊਮਨ ਰਾਈਟਸ ਸੇਫ਼ਟੀ ਟਰੱਸਟ, ਗੁਰਸ਼ਰਨ ਸਿੰਘ ਵਿਰਕ ਐੱਮ.ਐੱਲ.ਏ ਮੀਡੀਆ ਇੰਚਾਰਜ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਸਕੂਲ ਦੇ ਵਿਦਿਆਰਥੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।