ਬੀਰਬਲ ਰਿਸ਼ੀਸ਼ੇਰਪੁਰ, 2 ਜੁਲਾਈਭੱਠਾ ਮਾਲਕ ਐਸੋਸੀਏਸ਼ਨ ਦੇ ਸੱਦੇ ’ਤੇ ਸੰਗਰੂਰ ਸਣੇ ਪੰਜਾਬ ਦੇ ਵੱਖ ਜ਼ਿਲ੍ਹਿਆਂ ਵਿੱਚ ਛੇ ਮਹੀਨੇ ਲਈ ਬੰਦ ਕੀਤੇ ਭੱਠਿਆਂ ਕਾਰਨ ਹੁਣ ਇੱਟਾਂ ਦੇ ਰੇਟ ਅਸਮਾਨੀਂ ਚੜ੍ਹਨ ਲੱਗੇ ਹਨ। ਭੱਠਾ ਮਾਲਕ ਨੇ ਦੱਸਿਆ ਕਿ ਹੱਕੀ ਮੰਗਾਂ ਵੱਲ ਪੰਜਾਬ ਸਰਕਾਰ ਦਾ ਧਿਆਨ ਕੇਂਦਰਤ ਕਰਨ ਲਈ ਐਸੋਸੀਏਸ਼ਨ ਵੱਲੋਂ ਛੇ ਮਹੀਨੇ ਲਈ ਭੱਠਾ ਬੰਦ ਕਰਨ ਦੇ ਸੱਦੇ ਤੋਂ ਮਗਰੋਂ ਸਿੱਧਾ ਇੱਕ ਹਜ਼ਾਰ ਰੁਪਏ ਪ੍ਰਤੀ ਹਜ਼ਾਰ ਇੱਟ ਵਧ ਗਿਆ ਹੈ। ਲੰਘੀਆਂ ਲੋਕ ਸਭਾ ਚੋਣਾਂ ’ਚ ਹੁਕਮਰਾਨ ਧਿਰ ਨਾਲ ਡਟ ਕੇ ਚੱਲੇ ਭੱਠਾ ਮਾਲਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ 15 ਨਵੰਬਰ, 2025 ਤੱਕ ਸਾਰੇ ਭੱਠੇ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤ ਮਾਲਾ ਪ੍ਰਜੈਕਟ ਤਹਿਤ ਬਣ ਰਹੇ ਸੜਕੀ ਮਾਰਗ ਤੇ ਹੋਰ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਮਿੱਟੀ ਦੇ ਰੇਟ ਪਹਿਲਾਂ ਦੇ ਮੁਕਾਬਲੇ ਬਹੁਤ ਵਧ ਗਏ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਬਾਲਣ ਜਿਸਦੀ ਜਲਣ ਸ਼ਕਤੀ ਕੋਲੇ ਮੁਕਾਬਲੇ ਬਹੁਤ ਘੱਟ ਹੈ, ਨੂੰ 20 ਪ੍ਰਤੀਸ਼ਤ ਜ਼ਰੂਰੀ ਕਰਾਰ ਦੇਣ, ਕੇਂਦਰ ਸਰਕਾਰ ਕੋਲੋਂ ਇਨਵਾਇਰਮੈਂਟ ਸਰਟੀਫਿਕੇਟ ਲੈਣ ਲਈ ਅਤੇ ਮਾਇਨਿੰਗ ਨੀਤੀ ਨਾ ਹੋਣ ਕਾਰਨ ਭੱਠਾਂ ਸਨਅਤ ਖਤਰੇ ਦੇ ਨਿਸ਼ਾਨ ’ਤੇ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਭੱਠਾ ਮਾਲਕ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਨਿਰਧਾਰਤ ਸਮੇਂ ਮਗਰੋਂ ਭੱਠਾ ਮਾਲਕ ਇੱਟਾਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਲੈਣ ਲਈ ਮਜਬੂਰ ਹੋਣਗੇ।