ਭੱਠੀ ਵਾਂਗ ਤਪਿਆ ਜੇਠ ਮਹੀਨਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਜੂਨ
ਜੇਠ ਮਹੀਨਾ ਭੱਠੀ ਵਾਂਗ ਤਪਣ ਲੱਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਾਪਮਾਨ ਕਾਰਨ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਗਰਮ ਹਵਾ ਚੱਲਣ ਕਾਰਨ ਲੋਕ ਆਥਣ ਤੱਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਤੇਜ਼ ਧੁੱਪ ਅਤੇ ਗਰਮੀ ਕਾਰਨ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਸੜਕਾਂ ’ਤੇ ਸੰਨਾਟਾ ਛਾ ਜਾਂਦਾ ਹੈ , ਬਾਜ਼ਾਰਾਂ ’ਚ ਗਾਹਕਾਂ ਦੀ ਭੀੜ ਵੀ ਘੱਟ ਗਈ ਹੈ ਤੇ ਪਿੰਡਾਂ ਦੀਆਂ ਸੱਥਾਂ ’ਚ ਸੁੰਨ ਪਸਰ ਜਾਂਦੀ ਹੈ। ਦੋਪਹੀਆ ਵਾਹਨ ਚਾਲਕਾਂ ਨੂੰ ਸੜਕ ’ਤੇ ਸਫ਼ਰ ਕਰਨ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਵੇਰੇ ਜਾਂ ਸ਼ਾਮ ਨੂੰ ਹੀ ਜ਼ਰੂਰੀ ਕੰਮ ਪੂਰੇ ਕਰਨ ਲਈ ਘਰਾਂ ਤੋਂ ਬਾਹਰ ਨਿਕਲਦੇ ਹਨ। ਉਸਾਰੀ ਕਾਰਜਾਂ ’ਚ ਲੱਗੇ ਰਾਜ ਮਿਸਤਰੀਆਂ ਅਤੇ ਮਜ਼ਦੂਰਾਂ ਦਾ ਗਰਮੀ ਨੇ ਨੱਕ ’ਚ ਦਮ ਕਰ ਰੱਖਿਆ ਹੈ। ਤੇਜ਼ ਧੁੱਪ ਅਤੇ ਗਰਮ ਹਵਾਵਾਂ ਨੇ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ’ਤੇ ਬੁਰਾ ਅਸਰ ਪਾਇਆ ਹੋਇਆ ਹੈ। ਸ਼ਹਿਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਉਲਟੀਆਂ, ਦਸਤ ਅਤੇ ਪੇਟ ਦਰਦ ਤੋਂ ਪੀੜਤ ਮਰੀਜ਼ ਆ ਰਹੇ ਹਨ। ਮੌਸਮ ਵਿਭਾਗ ਨੇ ਲੂ ਅਤੇ ਅਤਿ ਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਵਧ ਰਿਹਾ ਤਾਪਮਾਨ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਮਜ਼ਦੂਰਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਹਲਕੇ ਰੰਗਾਂ ਵਾਲੇ ਤੇ ਢਿੱਲੇ ਕੱਪੜੇ ਪਾਉਣ, ਵੱਧ ਤੋਂ ਵੱਧ ਪਾਣੀ ਪੀਣ, ਓ.ਆਰ.ਐੱਸ., ਨਿੰਬੂ ਪਾਣੀ ਦਾ ਸੇਵਨ ਕਰਨ, ਬਿਨਾਂ ਜ਼ਰੂਰਤ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਅਤੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।
ਗਰਮੀ ਦੇ ਮੱਦੇਨਜ਼ਰ ਖ਼ੁਰਾਕੀ ਵਸਤਾਂ ਦੇ ਸੈਂਪਲ ਭਰਨ ਦੀ ਹਦਾਇਤ
ਸੰਗਰੂਰ: ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਫ਼ੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਦੇ ਅਧਿਕਾਰੀਆਂ ਨੂੰ ਗਰਮੀ ਦੇ ਮੱਦੇਨਜ਼ਰ ਖੁਰਾਕੀ ਵਸਤਾਂ ਤੇ ਫ਼ਲਾਂ ਦੇ ਵੱਧ ਤੋਂ ਵੱਧ ਸੈਂਪਲ ਲੈਣੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੂਡ ਸੇਫਟੀ ਸਬੰਧੀ ਮਈ ਮਹੀਨੇ ਦੌਰਾਨ ਕਰੀਬ 32 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਾਰੀਆਂ ਆਂਗਣਵਾੜੀਆਂ ਦੀ ਰਜਿਸਟਰੇਸ਼ਨ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ