ਭੱਠਾ ਮਾਲਕਾਂ ਵੱਲੋਂ ਭੱਠੇ ਬੰਦ ਕਰਨ ਦਾ ਐਲਾਨ
ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 6 ਮਈ
ਭੱਠਾ ਮਾਲਕਾਂ ਦੀਆਂ ਸਮੱਸਿਆਵਾਂ ਸਬੰਧੀ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੀ ਅਹਿਮ ਬੈਠਕ ਸਮਾਣਾ ਵਿੱਚ ਹੋਈ, ਜਿਸ ’ਚ ਸਰਕਾਰ ਪ੍ਰਤੀ ਭੱਠਾ ਮਾਲਕਾਂ ਦਾ ਰੋਹ ਦੇਖਣ ਨੂੰ ਮਿਲਿਆ। ਮੀਟਿੰਗ ਵਿਚ ਭੱਠਾ ਮਾਲਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਸ਼ ਗੁਪਤਾ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਨੇ 15 ਜੂਨ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਾ ਕੀਤਾ ਤਾਂ 15 ਜੂਨ ਤੋਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਭੱਠੇ ਅਗਲੇ 6 ਮਹੀਨੇ ਲਈ ਬੰਦ ਕਰ ਦਿੱਤੇ ਜਾਣਗੇ। ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਕਈ ਵਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਜਾ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜੀਐੱਸਟੀ ਅਤੇ ਮਾਈਨਿੰਗ ਦੀ ਸਮੱਸਿਆ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 15 ਜੂਨ ਤੋਂ ਅਗਲੇ 6 ਮਹੀਨੇ ਲਈ ਆਪਣੇ ਭੱਠੇ ਪੁਰੀ ਤਰ੍ਹਾਂ ਬੰਦ ਕਰ ਦੇਣਗੇ। ਇਸ ਮੀਟਿੰਗ ਵਿਚ ਜ਼ਿਲ੍ਹਾ ਪਟਿਆਲਾ ਦੇ ਸਰਪ੍ਰਸਤ ਯਸ਼ਪਾਲ ਸਿੰਗਲਾ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ, ਅਨੂਪ ਸਿੰਗਲਾ, ਸੰਜੀਵ ਬਾਂਸਲ, ਪਵਨ ਕੁਮਾਰ, ਸੰਤੋਸ਼ ਗਰਗ, ਸੰਜੀਵ ਕੁਮਾਰ ਪਾਤੜਾਂ ਅਤੇ ਸੁਮੀਤ ਬਾਂਸਲ ਆਦਿ ਹਾਜ਼ਰ ਸਨ।